[post ads]

ਪ੍ਰਕਾਸ਼ ਸਿੰਘ ਬਾਦਲ ਨੂੰ ਕੈਪਟਨ ਸਰਕਾਰ ਨੇ 9 ਕਾਰਾਂ ਸਫ਼ਰ ਕਰਨ ਲਈ ਦਿੱਤੀਆਂ ਹੋਈਆਂ ਹਨ। ਇਨ੍ਹਾਂ ਵਿੱਚ ਲੈਂਡ ਕਰੂਜ਼ਰ, ਮਨਟੈਰੋ, ਟਾਟਾ ਸਫ਼ਾਰੀ (ਜੈਮਰ ਲਈ), ਤਿੰਨ ਜਿਪਸੀਆਂ, ਦੋ ਬੋਲੈਰੋ ਅਤੇ ਇੱਕ ਇਨੋਵਾ ਸ਼ਾਮਲ ਹਨ।
ਸੁਖਬੀਰ ਸਿੰਘ ਬਾਦਲ ਨੂੰ ਪਿਤਾ ਵਾਂਗ ਹੀ 7 ਕਾਰਾਂ, ਲੈਂਡ ਕਰੂਜ਼ਰ, ਮਨਟੈਰੋ, ਤਿੰਨ ਜਿਪਸੀਆਂ, ਇੱਕ ਇਨੋਵਾ, ਇੱਕ ਟਾਟਾ ਸਫ਼ਾਰੀ ਆਦਿ ਵਾਹਨ ਦਿੱਤੇ ਗਏ ਹਨ।
ਬਿਕਰਮ ਸਿੰਘ ਮਜੀਠੀਆ ਨੂੰ ਵੀ 4 ਕਾਰਾਂ ਮਿਲੀਆਂ ਹਨ ਜਿਨ੍ਹਾਂ ਵਿੱਚ ਮਹਿੰਦਰਾ ਕੰਪਨੀ ਦੀਆਂ ਤਿੰਨ ਸਕਾਰਪੀਓ ਅਤੇ ਇੱਕ ਜਿਪਸੀ ਸ਼ਾਮਲ ਹਨ।
ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਬੋਲੈਰੋ ਕੈਂਪਰ ਦਿੱਤੀ ਹੋਈ ਹੈ।
ਬਿੱਟਾ ’ਤੇ ਸਰਕਾਰੀ ਮਿਹਰਬਾਨੀ ਇਸ ਕਦਰ ਵਧ੍ਹੀ ਹੋਈ ਹੈ ਕਿ ਉਸ ਨੂੰ 7 ਕਾਰਾਂ ਦਿੱਤੀਆਂ ਹੋਈਆਂ ਹਨ ਤੇ ਇਨ੍ਹਾਂ ਵਿੱਚੋਂ ਦੋ ਕਾਰਾਂ ਉਨ੍ਹਾਂ ਦੀ ਪਤਨੀ ਮਨਜੋਤੀ ਬਿੱਟਾ ਦੇ ਨਾਮ ’ਤੇ ਅਲਾਟ ਕੀਤੀਆਂ ਗਈਆਂ ਹਨ। ਇਨ੍ਹਾਂ ਕਾਰਾਂ ਵਿੱਚ ਫਾਰਚੂਨਰ, ਟਾਟਾ ਸਫ਼ਾਰੀ, ਸਕਾਰਪੀਓ, ਦੋ ਜਿਪਸੀਆਂ ਸ਼ਾਮਲ ਹਨ। ਉਨ੍ਹਾਂ ਦੀ ਪਤਨੀ ਨੂੰ ਇੱਕ ਅੰਬੈਸਡਰ ਅਤੇ ਜਿਪਸੀ ਦੀ ਸਹੂਲਤ ਦਿੱਤੀ ਗਈ ਹੈ। ਬਿੱਟਾ ਤਾਂ ਬਾਦਲ ਪਰਿਵਾਰ ਦੇ ਮੈਂਬਰਾਂ ਤੇ ਰਿਸ਼ਤੇਦਾਰਾਂ ਵਾਂਗ ਵਾਧੂ ਤੇਲ ਵੀ ਫੂਕ ਸਕਦੇ ਹਨ ਅਤੇ ਉਨ੍ਹਾਂ ਦੀ ਪਤਨੀ ਮਹੀਨੇ ’ਚ 500 ਲਿਟਰ ਤੋਂ ਜ਼ਿਆਦਾ ਤੇਲ ਫੂਕਣ ਦੀ ਸਹੂਲਤ ਰਖਦੀ ਹੈ।
ਕਾਂਗਰਸ ਆਗੂ ਰਾਜਿੰਦਰ ਕੌਰ ਭੱਠਲ ਨੂੰ ਤਿੰਨ ਕਾਰਾਂ ਦਿੱਤੀਆਂ ਹੋਈਆਂ ਹਨ।
ਪੰਜਾਬੀਓ ਤੁਸੀਂ ਲੜਦੇ ਰਿਹੋ ਪਾਰਟੀਆਂ ਮਗਰ, ਪਰ ਇਹ ਸਾਰੇ ਲੀਡਰ ਅੰਦਰੋਂ ਇੱਕਮਿੱਕ ਹੀ ਨੇ।, ਖਜ਼ਾਨੇ ਦਾ ਧੂੰਆਂ ਕੱਢ ਰਹੇ ਨੇ ਧਰਮ ਦੇ ਠੇਕੇਦਾਰ
ਸਰਕਾਰੀ ਕਾਰ ਸੇਵਾ
ਪੰਜਾਬ ਪੁਲੀਸ ਵੱਲੋਂ ਕਾਰਾਂ ਵੰਡਣ ਅਤੇ ਸਰਕਾਰੀ ਖ਼ਜ਼ਾਨੇ ਵਿੱਚੋਂ ਤੇਲ ਫੂਕਣ ਦੀ ਖੁੱਲ੍ਹ ਦੇਣ ਲਈ ਬਣਾਏ ਅਖੌਤੀ ਨਿਯਮਾਂ ਨੇ ਸੂਬੇ ਦੀ ਕਰਜ਼ਾਈ ਸਰਕਾਰ ਦੇ ਖ਼ਜ਼ਾਨੇ ਦੀ ਨਿਰਦਈ ਤਰੀਕੇ ਨਾਲ ਹੋ ਰਹੀ ਲੁੱਟ ਦਾ ਨਵਾਂ ਰੂਪ ਸਾਹਮਣੇ ਲਿਆਂਦਾ ਹੈ। ਪੁਲੀਸ ਵੱਲੋਂ ਕਾਰਾਂ ਵੰਡਣ ਦੀ ਸੂਚੀ ਦੇ ਅਧਿਐਨ ਦੌਰਾਨ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਸੋਸ਼ਲ ਮੀਡੀਆ ਰਾਹੀਂ ਨਫ਼ਰਤ ਵੰਡਣ ਵਾਲਿਆਂ ਨੂੰ ਸੌਖਿਆਂ ਹੀ ਸੁਰੱਖਿਆ ਛਤਰੀ, ਸਰਕਾਰੀ ਕਾਰਾਂ ਅਤੇ ਸਰਕਾਰੀ ਖ਼ਜ਼ਾਨੇ ਵਿੱਚੋਂ ਤੇਲ ਦੀਆਂ ਭਰੀਆਂ ਕਾਰਾਂ ਦੀਆਂ ਟੈਂਕੀਆਂ ਹਾਸਲ ਹੋ ਜਾਂਦੀਆਂ ਹਨ।
ਪੁਲੀਸ ਵੱਲੋਂ ਤਖ਼ਤਾਂ ਦੇ ਜਥੇਦਾਰਾਂ ਅਤੇ ਚਰਚਿਤ ਡੇਰੇਦਾਰਾਂ ਸਮੇਤ 17 ਅਜਿਹੇ ਵਿਅਕਤੀਆਂ ਨੂੰ ਕਾਰਾਂ ਦੀ ਸਹੂਲਤ ਦਿੱਤੀ ਗਈ ਹੈ ਜਿਨ੍ਹਾਂ ਦਾ ਸਬੰਧ ਸ਼ਿਵ ਸੈਨਾ ਜਾਂ ਸਥਾਨਕ ਪੱਧਰ ਦੀਆਂ ਜਥੇਬੰਦੀਆਂ ਨਾਲ਼ ਹੈ। ਇਨ੍ਹਾਂ ਵਿੱਚੋਂ ਕਈ ਕਥਿਤ ਸੁਰੱਖਿਆ ਦੇ ਨਾਂਅ ਉੱਤੇ ਨੂੰ ਮਹਿੰਗੀਆਂ ਬੁਲੇਟ ਪਰੂਫ ਗੱਡੀਆਂ ਦੇ ਵੀ ਬੁੱਲ੍ਹੇ ਲੁੱਟ ਰਹੇ ਹਨ।
ਅਹਿਮ ਤੱਥ ਇਹ ਵੀ ਹੈ ਕਿ ਪੁਲੀਸ ਦੀ ਇਸ ਸੂਚੀ ਵਿੱਚ ਕਈ ਅਜਿਹੇ ਵਿਅਕਤੀਆਂ ਦੇ ਨਾਂਅ ਵੀ ਸ਼ੁਮਾਰ ਹਨ, ਜਿਨ੍ਹਾਂ ਵਿਅਕਤੀਆਂ ਵੱਲੋਂ ਸ਼ਰੇਆਮ ਕਿਹਾ ਜਾਂਦਾ ਹੈ ਕਿ ਪੁਲੀਸ ਤੋਂ ਪੈਸੇ ਦੇ ਜ਼ੋਰ ਨਾਲ ਕੰਮ ਕੱਢਵਾਉਣਾ ਖੱਬੇ ਹੱਥ ਦੀ ਖੇਡ ਹੈ।
ਕਥਿਤ ਬਾਬਿਆਂ ਦੀ ਸੂਚੀ ਵਿੱਚ ਪਿਆਰਾ ਸਿੰਘ ਭਨਿਆਰਾ ਦਾ ਨਾਂਅ ਵੀ ਸ਼ਾਮਲ ਹੈ। ਇਸ ਨੂੰ ਬੁਲੇਟ ਪਰੂਫ ਕਾਰ ਅਤੇ ਇੱਕ ਜਿਪਸੀ ਦੀ ਸਹੂਲਤ ਦਿੱਤੀ ਗਈ ਹੈ। ਬਾਬੇ ਨੂੰ ਸਰਕਾਰੀ ਖ਼ਜ਼ਾਨੇ ਵਿੱਚੋਂ ਇੱਕ ਕਾਰ ਵਿੱਚ 261 ਲਿਟਰ ਪੈਟਰੋਲ ਫੂਕਣ ਦੀ ਖੁੱਲ੍ਹ ਦਿੱਤੀ ਗਈ ਹੈ ਤੇ ਇਸ ਤਰ੍ਹਾਂ ਨਾਲ ਇਹ ਬਾਬਾ 524 ਲਿਟਰ ਤੇਲ ਪ੍ਰਤੀ ਮਹੀਨਾ ਭਾਵ ਇੱਕ ਸਾਲ ਵਿੱਚ 4 ਲੱਖ 52 ਹਜ਼ਾਰ ਰੁਪਏ ਦਾ ਖਰਚਾ ਕਰਨ ਦਾ ਹੱਕਦਾਰ ਹੈ।
ਪੁਲੀਸ ਦੀ ਸੂਚੀ ਮੁਤਾਬਕ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਦੋ ਬੋਲੇਰੋ ਕੈਂਪਰ ਗੱਡੀਆਂ ਦੀ ਸਹੂਲਤ ਦਿੱਤੀ ਗਈ ਹੈ ਤੇ ਜਥੇਦਾਰ ਨੂੰ ਇਨ੍ਹਾਂ ਗੱਡੀਆਂ ’ਚ ਬੇਹਿਸਾਬਾ ਤੇਲ ਫੂਕਣ ਦੀ ਵੀ ਇਜਾਜ਼ਤ ਹੈ।
ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਬੋਲੇਰੋ ਕੈਂਪਰ ਦੀ ਸਹੂਲਤ ਦਿੰਦਿਆਂ 500 ਲੀਟਰ ਤੇਲ ਦੀ ਸਹੂਲਤ ਹਾਸਲ ਹੈ। ਸਾਬਕਾ ਜਥੇਦਾਰ ਗਿਆਨੀ ਗੁਰਮੁਖ ਸਿੰਘ ਨੂੰ ਬੋਲੇਰੋ ਕੈਂਪਰ ਅਤੇ 500 ਲੀਟਰ ਤੇਲ ਫੂਕਣ ਦੀ ਸਹੂਲਤ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਜਿਪਸੀ ਤੇ 600 ਲੀਟਰ ਪੈਟਰੋਲ ਦੀ ਸਹੂਲਤ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਇਸ ਮਾਮਲੇ ਵਿੱਚ ਮੌਜੂਦਾ ਪ੍ਰਧਾਨ ਨਾਲੋਂ ਦੋ ਕਦਮ ਅੱਗੇ ਲੰਘ ਗਏ ਹਨ। ਸ੍ਰੀ ਮੱਕੜ ਨੂੰ ਇੱਕ ਬੁਲੇਟ ਪਰੂਫ ਅੰਬੈਸਡਰ ਕਾਰ ਤੇ ਜਿਪਸੀ ਦੋਵਾਂ ਵਿੱਚ ਹੀ ਸਰਕਾਰੀ ਤੇਲ ਫੂਕਣ ਦੀ ਖੁੱਲ੍ਹ ਹੈ। ਪੁਲੀਸ ਵੱਲੋਂ ਜਿਨ੍ਹਾਂ ਹੋਰਨਾਂ ਵਿਅਕਤੀਆਂ ਨੂੰ ਇਹ ਸਹੂਲਤ ਦਿੱਤੀ ਗਈ ਹੈ ਉਨ੍ਹਾਂ ਵਿੱਚ ਹਰਵਿੰਦਰ ਸੋਨੀ ਪ੍ਰਧਾਨ ਸ਼ਿਵ ਸੈਨਾ ਬਾਲ ਠਾਕਰੇ ਗੁਰਦਾਸਪੁਰ ਨੂੰ ਬੁਲੇਟ ਪਰੂਫ ਸਕਾਰਪੀਓ ਅਤੇ ਇੱਕ ਜਿਪਸੀ ਦੀ ਸਹੂਲਤ ਦਿੱਤੀ ਗਈ ਹੈ। ਇਹ ਦੋਹਾਂ ਕਾਰਾਂ ਵਿੱਚ 900 ਲੀਟਰ ਪ੍ਰਤੀ ਮਹੀਨਾ ਤੇਲ ਫੂਕਣ ਦਾ ਹੱਕ ਰੱਖਦਾ ਹੈ।
ਸ਼ਿਵ ਸੈਨਾ ਅੰਮ੍ਰਿਤਸਰ ਦੇ ਚੇਅਰਮੈਨ ਸੁਧੀਰ ਸੂਰੀ ਨੂੰ ਜਿਪਸੀ ਦੀ ਸਹੂਲਤ ਦਿੱਤੀ ਗਈ ਹੈ। ਲੁਧਿਆਣਾ ਅਧਾਰਤ ਨੈਸ਼ਨਲ ਸ਼ਿਵ ਸੈਨਾ ਦਾ ਪ੍ਰਧਾਨ ਵੀ ਜਿਪਸੀ ਹਾਸਲ ਕਰਨ ਵਿੱਚ ਕਾਮਯਾਬ ਹੋ ਗਿਆ ਹੈ। ਜਲੰਧਰ ਨਾਲ ਸਬੰਧਤ ਸ਼ਿਵ ਸੈਨਾ ਦੇ ਪ੍ਰਧਾਨ ਵਿਨੈ ਜਲੰਧਰੀ ਨੂੰ ਵੀ ਜਿਪਸੀ, ਯੋਗਰਾਜ ਸਿੰਘ ਜਿਸ ਦਾ ਸਬੰਧ ਵੀ ਸ਼ਿਵ ਸੈਨਾ ਨਾਲ ਦੱਸਿਆ ਗਿਆ ਹੈ, ਨੂੰ ਦੋ ਗੱਡੀਆਂ ਇੱਕ ਬੁਲਿਟ ਪਰੂਫ ਅੰਬੈਸਡਰ ਅਤੇ ਇੱਕ ਬੁਲੇਰੋ ਕੈਂਪਰ ਦਿੱਤੀ ਗਈ ਹੈ। ਰੂਪਨਗਰ ਨਾਲ ਸਬੰਧਤ ਸ਼ਿਵ ਸੈਨਾ ਦੇ ਆਗੂ ਸੰਜੀਵ ਘਨੌਲੀ ਨੂੰ ਪੁਲੀਸ ਵੱਲੋਂ ਇੱਕ ਅੰਬੈਸਡਰ ਅਤੇ ਇੱਕ ਜਿਪਸੀ ਦੋਹਾਂ ਕਾਰਾਂ ਵਿੱਚ 1 ਹਜ਼ਾਰ ਲੀਟਰ ਪੈਟਰੋਲ ਪ੍ਰਤੀ ਮਹੀਨਾ ਫੂਕਣ ਦਾ ਹੱਕ ਹੈ।
ਆਲ ਇੰਡੀਆ ਹਿੰਦੂ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਨਿਸ਼ਾਂਤ ਸ਼ਰਮਾ ਨੂੰ ਇੱਕ ਜਿਪਸੀ, ਲੁਧਿਆਣਾ ਨਾਲ਼ ਸਬੰਧਤ ਸ਼ਿਵ ਸੈਨਾ ਦੇ ਚੇਅਰਮੈਨ ਰਾਜੀਵ ਟੰਡਨ ਨੂੰ ਇੱਕ ਅੰਬੈਸਡਰ ਬੁਲਿਟ ਪਰੂਫ ਤੇ ਇੱਕ ਮਹਿੰਦਰਾ ਕੰਪਨੀ ਦੀ ਬਲੇਰੋ ਇਨਵੇਡਰ ਦਿੱਤੀ ਹੋਈ ਹੈ।
ਪਟਿਆਲਾ ਸ਼ਹਿਰ ਨਾਲ ਸਬੰਧਤ ਸ਼ਿਵ ਸੈਨਾ ਹਿੰਦੋਸਤਾਨ ਦੇ ਪ੍ਰਧਾਨ ਪਵਨ ਕੁਮਾਰ ਗੁਪਤਾ ਨੂੰ ਵੀ ਇੱਕ ਬੁਲੇਟ ਪਰੂਫ਼ ਅੰਬੈਸਡਰ ਕਾਰ ਅਤੇ ਜਿਪਸੀ ਦੀ ਸਹੂਲਤ ਦਿੱਤੀ ਹੋਈ ਹੈ। ਪੰਜਾਬ ਪੁਲੀਸ ਵੱਲੋਂ ਪਟਿਆਲਾ ਨਾਲ ਹੀ ਸਬੰਧਤ ਸ਼ਿਵ ਸੈਨਾ (ਬਾਲ ਠਾਕਰੇ) ਦੇ ਮੀਤ ਪ੍ਰਧਾਨ ਹਰੀਸ਼ ਸਿੰਗਲਾ ਨੂੰ ਜਿਪਸੀ, ਮੋਗਾ ਨਾਲ ਸਬੰਧਤ ਸ਼ਿਵ ਸੈਨਾ ਹਿੰਦੋਸਤਾਨ ਦੇ ਪ੍ਰਧਾਨ ਅਮਿਤ ਘਈ ਨੂੰ ਬਲੇਰੋ ਅਤੇ ਅਖਿਲ ਭਾਰਤੀ ਹਿੰਦੂ ਸੁਰੱਖਿਆ ਸਮਿਤੀ ਅਤੇ ਹਿੰਦੂ ਤਖ਼ਤ ਕਾਲੀ ਮਾਤਾ ਪਟਿਆਲਾ ਤੇ ਪ੍ਰਧਾਨ ਸੰਜੀਵ ਭਾਰਦਵਾਜ ਨੂੰ ਬੁਲੇਟ ਪਰੂਫ ਅੰਬੈਸਡਰ ਅਤੇ ਇੱਕ ਜਿਪਸੀ ਦੀ ਸਹੂਲਤ ਦਿੱਤੀ ਗਈ ਹੈ।
ਜਲੰਧਰ ਤੇ ਜੌੜੇਵਾਲਾ ਨਾਲ਼ ਸਬੰਧਤ ਸੰਤ ਬਾਬਾ ਨਿਰਮਲ ਦਾਸ ਨੂੰ ਇੱਕ ਜਿਪਸੀ, ਜਲੰਧਰ ਸ਼ਹਿਰ ਦੇ ਹੀ ਬਾਬਾ ਕਸ਼ਮੀਰਾ ਸਿੰਘ ਨੂੰ ਇੱਕ ਜਿਪਸੀ, ਭੁੱਚੋ ਕਲਾਂ ਡੇਰੇ ਨਾਲ ਸਬੰਧਤ ਬਾਬਾ ਸੁਖਦੇਵ ਸਿੰਘ ਨੂੰ ਬੋਲੇਰੋ ਕੈਂਪਰ, ਡੇਰਾ ਬੱਲਾਂ ਨਾਲ ਸਬੰਧਤ ਸੰਤ ਨਿਰੰਜਣ ਦਾਸ ਨੂੰ ਇੱਕ ਜਿਪਸੀ ਅਤੇ ਦੌਧਰ (ਮੋਗਾ) ਨਾਲ ਸਬੰਧਤ ਬਾਬਾ ਅਰਜਨ ਸਿੰਘ ਨੂੰ ਇੱਕ ਜਿਪਸੀ ਦਿੱਤੀ ਗਈ ਹੈ। ਪੰਜਾਬ ਪੁਲੀਸ ਵੱਲੋਂ ਇਨ੍ਹਾਂ ਵਿਅਕਤੀਆਂ ਨੂੰ ਧਾਰਮਿਕ ਹਸਤੀਆਂ ਕਰਾਰ ਦੇ ਕੇ ਦਿੱਤੀਆਂ ਗਈਆਂ ਕਾਰਾਂ ਜੋ ਕਿ ਲੱਖਾਂ ਕਿਲੋਮੀਟਰ ਦਾ ਪੈਂਡਾ ਤੈਅ ਕਰ ਚੁੱਕੀਆਂ ਹਨ, ਵੱਲੋਂ ਫੂਕੇ ਤੇਲ ਦਾ ਹਿਸਾਬ ਲਾਇਆ ਜਾਵੇ ਤਾਂ ਕਰੋੜਾਂ ਰੁਪਏ ਬਣਦਾ ਹੈ।
सौजन्य दविंदर पाल

bttnews

{picture#https://1.bp.blogspot.com/-pWIjABmZ2eY/YQAE-l-tgqI/AAAAAAAAJpI/bkcBvxgyMoQDtl4fpBeK3YcGmDhRgWflwCLcBGAsYHQ/s971/bttlogo.jpg} BASED ON TRUTH TELECAST {facebook#https://www.facebook.com/bttnewsonline/} {twitter#https://twitter.com/bttnewsonline} {youtube#https://www.youtube.com/c/BttNews} {linkedin#https://www.linkedin.com/company/bttnews}
Powered by Blogger.