ਕੁੰਡਲੀ ਬਾਰਡਰ(ਦਿੱਲੀ),29 ਨਵੰਬਰ  - ਕੇਂਦਰ ਸਰਕਾਰ ਦੇ ਗ੍ਰਹਿ ਮੰਤਰੀ ਅੰਮਿਤ ਸ਼ਾਹ ਵਲੋਂ ਸ਼ਰਤਾਂ ਤਹਿਤ ਗੱਲਬਾਤ ਦੇ ਕਰਨ ਦੇ ਦਿੱਤੇ ਸੱਦੇ ਨੂੰ ਰੱਦ ਕਰਦਿਆਂ 30 ਕਿਸਾਨ ਜਥੇਬੰਦੀਆਂ ਵਲੋਂ ਕੁੰਡਲੀ(ਸਿੰਘੂ)ਅਤੇ ਬਹਾਦੁਰਪੁਰ ਬਾਰਡਰ ਵਿਖੇ ਦੋਨਾਂ ਸਥਾਨਾਂ ਉੱਤੇ ਦਿੱਲੀ ਦੀ ਘੇਰਾਬੰਦੀ ਜਾਰੀ ਰੱਖਣ ਅਤੇ ਆਉਣ ਵਾਲੇ ਦਿਨਾਂ ਨੂੰ ਦਿੱਲੀ ਦੇ ਬਾਕੀ ਤਿੰਨੋਂ ਮੁੱਖ ਹਾਈਵੇਅ ਵੀ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ।ਜਥੇਬੰਦੀਆਂ ਵਲੋਂ ਸਾਂਝੀ ਮੀਟਿੰਗ ਨੇ ਖੇਤੀ ਕਾਨੂੰਨਾਂ ਰੱਦ ਕਰਵਾਉਣ, ਬਿਜਲੀ ਐਕਟ 2020 ਤੇ ਪਰਾਲੀ ਸਾੜਨ ਨੂੰ ਰੋਕਣ ਦੇ ਨਾਂ ਹੇਠ ਜਾਰੀ ਕੀਤੇ ਲੋਕ ਵਿਰੋਧੀ ਨੋਟੀਫਿਕੇਸ਼ਨ ਰੱਦ ਕਰਵਾਉਣ ਅਤੇ ਲੋਕ ਪੱਖੀ ਬੁੱਧੀਜੀਵੀਆਂ ਨੂੰ ਰਿਹਾਅ ਕਰਨ ਸਮੇਤ 8 ਮੰਗਾਂ ਦੇ ਹੱਲ ਲਈ ਸੰਘਰਸ਼ ਨਿਰੰਤਰ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ।ਇਸ ਮੌਕੇ ਦੋਨੋਂ ਚੱਲ ਰਹੇ ਮੋਰਚਿਆਂ ਦੀ ਸਟੇਜ ਸੰਚਾਲਨਾ ਲੲੀ 5-5 ਮੈਂਬਰੀ ਕਮੇਟੀਆਂ ਦਾ ਗਠਨ ਕੀਤਾ ਗਿਆ ਅਤੇ ਹਰੇਕ ਜਥੇਬੰਦੀ ਦੇ 20-20 ਮੈਂਬਰਾਂ ਅਧਾਰਿਤ 600 ਮੈਂਬਰੀ ਵਲੰਟੀਅਰ ਟੀਮ ਵੀ ਬਣਾਈ ਗਈ,ਜੋ ਪ੍ਰੋਗਰਾਮ ਨੂੰ ਵਿਧੀਬੱਧ ਕਰੇਗੀ ਤੇ ਚੱਲ ਰਹੇ ਅੰਦੋਲਨ ਨੂੰ ਢਾਹ ਲਾਉਣ ਲਈ ਸਰਕਾਰੀ ਇਸ਼ਾਰੇ ਉੱਤੇ ਬਾਹਰ ਤੋਂ ਹੋਣ ਵਾਲੀ ਘੁੱਸਪੈਠ ਉੱਤੇ ਨਿਗਾਹ ਰੱਖੇਗੀ।ਆਗੂਆਂ ਨੇ ਕਿਹਾ ਕਿ ਮੋਦੀ ਦੇ ਇਸ਼ਾਰੇ ਉੱਤੇ ਹਰਿਆਣਾ ਦੀ ਖੱਟਰ ਸਰਕਾਰ ਅਤੇ ਮੀਡੀਆ ਚੈਨਲਾਂ ਵਲੋਂ ਅੰਦੋਲਨ ਵਿੱਚ ਖਾਲਿਸਤਾਨੀ ਤੱਤਾਂ ਦੀ ਘੁੱਸਪੈਠ ਦੱਸਣਾਂ ਅਸਲ ਵਿੱਚ ਕਿਸਾਨੀ ਅੰਦੋਲਨ ਨੂੰ ਤਸੱਦਦ ਨਾਲ ਦਬਾਉਣ ਦੀ ਸਰਕਾਰੀ ਮਨਸ਼ਾ ਹੈ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਸਰਕਾਰ ਅੰਦੋਲਨ ਨੂੰ ਘੱਟ ਅੰਗ ਰਹੀ ਹੈ,ਜਦਕਿ ਸਰਕਾਰ ਦੀ ਸੋਚਨੀ ਤੋਂ ਕਿਸਾਨ ਅੰਦੋਲਨ ਕਿਤੇ ਵੱਡਾ ਹੈ। ਇਹ ਅੰਦੋਲਨ ਪੰਜਾਬ ਦਾ ਨਾਂ ਹੋ ਕੇ ਭਾਰਤ ਦੇ ਹਰ ਕਿਸਾਨ ਮਜ਼ਦੂਰ ਦਾ ਬਣ ਚੁੱਕਾ ਹੈ।ਉਨ੍ਹਾਂ ਮੰਗ ਕੀਤੀ ਕਿ ਬੁਰਾੜੀ ਮੈਦਾਨ ਵਿੱਚ ਸਰਕਾਰੀ ਘੇਰੇ ਵਿੱਚ ਲੲੀਆਂ ਟਰੈਕਟਰ ਟਰਾਲੀਆਂ, ਕਾਰਕੁੰਨਾ ਨੂੰ ਫੌਰੀ ਤੌਰ ਉੱਤੇ ਛੱਡਿਆ ਜਾਵੇ ਅਤੇ ਹਰਿਆਣਾ, ਦਿੱਲੀ ਸਮੇਤ ਕਿਸਾਨਾਂ ਉੱਪਰ ਦਰਜ ਕੀਤੇ ਗਏ ਪਰਚੇ ਤੁਰੰਤ ਰੱਦ ਕੀਤੇ ਜਾਣ।ਉਨ੍ਹਾਂ ਕਿਹਾ ਕਿ ਪੰਜਾਬ ਦੇ ਪਿੰਡਾਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਚੱਲ ਪਏ ਹਨ।ਲੋਕ ਪਿੰਡਾਂ ਵਿਚੋਂ ਰਾਸ਼ਨ, ਭਾਂਡੇ ਟੀਂਡੇ,ਕੱਪੜੇ,ਪੈਸਾ ਧੇਲਾ ਤੇ ਹੋਰ ਜ਼ਰੂਰੀ ਰਸਦ ਭੇਜ ਰਹੇ ਹਨ। ਬੀਮਾਰਾਂ ਕਿਸਾਨਾਂ ਲਈ ਵੱਖ-ਵੱਖ ਸੰਸਥਾਵਾਂ ਵੱਲੋਂ ਕੈਂਪ ਲਗਾਏ ਜਾ ਰਹੇ ਹਨ। ਨੌਜਵਾਨ ਟਰੈਕਟਰਾਂ ਉੱਤੇ ਮੋਦੀ ਦੀ ਹਕੂਮਤ ਵਿਰੁੱਧ ਉੱਚੀ ਆਵਾਜ਼ ਵਿੱਚ ਡੈੱਕ ਲਗਾ ਕੇ ਗੀਤਾਂ ਉੱਤੇ ਨੱਚਦੇ ਹੋਏ ਕੇਂਦਰੀ ਸਰਕਾਰ ਨੂੰ ਚੈਲਿੰਜ ਕਰ ਰਹੇ ਹਨ। ਮੋਰਚਿਆਂ ਵਾਲੀ ਥਾਂ ਉੱਤੇ ਆਸ-ਪਾਸ ਵਾਲੇ ਘਰਾਂ ਦੇ ਲੋਕਾਂ ਨੇ ਅੰਦੋਲਨਕਾਰੀਆਂ ਲਈ ਆਪਣੇ ਵਾਸਰੂਮ ਨਹਾਉਣ ਆਦਿ ਲਈ ਖੋਹਲ ਦਿੱਤੇ ਹਨ। ਲੋਕਾਂ ਨੂੰ ਆਪਣੇ ਨਾਲ ਲਿਆਂਦੇ ਰਾਸ਼ਨ ਦੀ ਵਰਤੋਂ ਕਰਨ ਦੀ ਜ਼ਰੂਰਤ ਨਹੀਂ ਪੈ ਰਹੀ। ਵੱਖ-ਵੱਖ ਸੰਸਥਾਵਾਂ ਵਲੋਂ ਲੰਗਰ ਅਟੁੱਟ ਚਲਾਇਆ ਜਾ ਰਿਹਾ ਹੈ।ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਪ੍ਰਧਾਨ ਨਿਰਭੈ ਸਿੰਘ ਢੁੱਡੀਕੈ,ਬੀਕੇਯੂ ਕਾਦੀਆਂ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ,ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੁਰਜੀਤ ਸਿੰਘ ਫੂਲ, ਬੀਕੇਯੂ ਡਕੌਂਦਾ ਦੇ ਮਨਜੀਤ ਸਿੰਘ ਧਨੇਰ, ਦੁਆਬਾ ਕਿਸਾਨ ਸੰਘਰਸ਼ ਕਮੇਟੀ ਦੇ ਮਨਜੀਤ ਸਿੰਘ ਰਾਏ,ਬੀਕੇਯੂ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ, ਜਮਹੂਰੀ ਕਿਸਾਨ ਸਭਾ ਦੇ ਸਤਨਾਮ ਸਿੰਘ ਅਜਨਾਲਾ, ਬੀਕੇਯੂ ਕ੍ਰਾਂਤੀਕਾਰੀ ਦੇ ਦਰਸ਼ਨਪਾਲ, ਬੀਕੇਯੂ ਹਰਿਆਣਾ ਦੇ ਗੁਰਨਾਮ ਸਿੰਘ ਕੁਦਨੀ,ਨਰਮਦਾ ਬਚਾਉ ਅੰਦੋਲਨ ਦੀ ਆਗੂ ਮੇਲਾ ਪਾਟਕਰ, ਪੰਜਾਬ ਕਿਸਾਨ ਯੂਨੀਅਨ ਦੇ ਕੰਵਲਜੀਤ ਸਿੰਘ, ਕਿਸਾਨ ਸੰਘਰਸ਼ ਕਮੇਟੀ ਦੇ ਕੰਵਲਪ੍ਰੀਤ ਸਿੰਘ ਪੰਨੂੰ,ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਕਸ਼ਮੀਰ ਸਿੰਘ ਘੁੱਗਸ਼ੋਰ,ਲੇਖਕ ਤੇ ਗਾਇਕ ਬੀਰ ਸਿੰਘ ਆਦਿ ਨੇ ਸੰਬੋਧਨ ਕੀਤਾ।Post a Comment

Contact Form

Name

Email *

Message *

Powered by Blogger.