ਇਤਿਹਾਸਕ ਥਾਵਾਂ ਦੀ ਮਿੱਟੀ ਨੂੰ ਹੱਥਾਂ ਲੈਕੇ ਲਿਆ ਖੇਤੀ ਕਾਨੂੰਨਾਂ ਨੂੰ ਜੜ੍ਹੋਂ ਪੁੱਟਣ ਦਾ ਅਹਿਦ

ਟਿਕਰੀ ਬਾਰਡਰ, 23 ਮਾਰਚ  - ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਟਿਕਰੀ ਬਾਰਡਰ ਸਟੇਜ ਤੇ ਹਜ਼ਾਰਾਂ ਨੌਜਵਾਨਾਂ ਨੇ ਪਹੁੰਚ ਕੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਲੋਕ ਵਿਰੋਧੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਲੜਾਈ ਜਾਰੀ ਰੱਖਣ ਦਾ ਅਹਿਦ ਲਿਆ। ਸੰਬੋਧਨ ਕਰਦਿਆਂ ਨੌਜਵਾਨ ਆਗੂਆਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ਮੁਲਕ ਨੂੰ ਕੰਪਨੀ ਰਾਜ ਤੋਂ ਆਜ਼ਾਦ ਕਰਵਾਉਣ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਪਰ ਅੱਜ ਮੋਦੀ ਸਰਕਾਰ ਤਿੰਨ ਲੋਕ ਵਿਰੋਧੀ ਕਾਨੂੰਨ ਲਿਆਕੇ ਸਮੁੱਚੇ ਦੇਸ਼ ਦੀ ਖੇਤੀ ਅਤੇ ਖੁਰਾਕ ਬਹੁ-ਕੌਮੀ ਕੰਪਨੀਆਂ ਨੂੰ ਸੌਂਪਣਾ ਚਾਹੁੰਦੀ ਹੈ। ਇਨਕਲਾਬ ਜ਼ਿੰਦਾਬਾਦ ਅਤੇ ਸਾਮਰਾਜਵਾਦ ਮੁਰਦਾਬਾਦ ਦੇ ਨਾਅਰਿਆਂ ਨਾਲ ਬਸੰਤੀ ਪੱਗਾਂ ਬੰਨ੍ਹਕੇ ਨੌਜਵਾਨਾਂ ਨੇ ਆਪਣੇ ਨਾਇਕਾਂ ਤੋਂ ਪ੍ਰੇਰਨਾ ਲੈ ਕੇ ਮੋਦੀ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਲੜਨ ਦਾ ਐਲਾਨ ਕੀਤਾ। ਆਜ਼ਾਦੀ ਦੀ ਲੜਾਈ ਵਾਂਗ ਹੀ ਇਹ ਕਿਸਾਨ ਅੰਦੋਲਨ ਹੁਣ ਮੁਲਕ ਭਰ ਵਿੱਚ ਫੈਲ ਗਿਆ ਹੈ ਅਤੇ ਜਨ ਅੰਦੋਲਨ ਬਣ ਚੁੱਕਾ ਹੈ।
ਯੂਥ
ਵਿੰਗ ਕਿਰਤੀ ਕਿਸਾਨ ਯੂਨੀਅਨ, ਨੌਜਵਾਨ ਭਾਰਤ ਸਭਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਨੌਜਵਾਨ ਕਾਰਕੁੰਨਾਂ ਵੱਲੋਂ ਪੰਜਾਬ ਦੀਆਂ ਇਤਿਹਾਸਕ ਥਾਵਾਂ ਜਿਵੇਂ ਹੁਸੈਨੀਵਾਲਾ, ਖਟਕੜ ਕਲਾਂ, ਸੁਨਾਮ, ਸਰਾਭਾ, ਆਨੰਦਪੁਰ ਸਾਹਿਬ, ਚਮਕੌਰ ਸਾਹਿਬ, ਫ਼ਤਹਿਗੜ੍ਹ ਸਾਹਿਬ ਅਤੇ ਜਲ੍ਹਿਆਂਵਾਲਾ ਬਾਗ਼ ਤੋਂ ਮਿੱਟੀ ਲੈਕੇ ਮੋਟਰਸਾਇਕਲ ਮਾਰਚ ਕਰਕੇ ਟਿਕਰੀ ਬਾਰਡਰ ਤੇ ਪਹੁੰਚੇ ਜਿਸ ਦਾ ਸੰਚਾਲਨ ਕਮੇਟੀ ਅਤੇ ਲੋਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਉਪਰੰਤ ਪਵਿੱਤਰ ਮਿੱਟੀ ਨੂੰ ਸਟੇਜ ਤੇ ਲਿਜਾ ਕੇ ਨੌਜਵਾਨਾਂ ਨੇ ਸਹੁੰ ਚੁੱਕੀ ਕਿ ਤਿੰਨੋ ਕਾਨੂੰਨ ਰੱਦ ਕਰਵਾਉਣ ਤਕ ਅਤੇ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਤਕ ਸੰਘਰਸ਼ ਕਰਦੇ ਰਹਿਣਗੇ। ਕੁਲ ਹਿੰਦ ਕਿਸਾਨ ਸਭਾ ਦੇ ਨੌਜਵਾਨਾਂ ਪੈਦਲ ਮਾਰਚ ਕਰਕੇ ਟਿਕਰੀ ਬਾਰਡਰ ਪਹੁੰਚੇ। ਉਰਦੂ ਦੇ ਪ੍ਰਸਿੱਧ ਕਵੀ ਅਤੇ ਸਾਇੰਸਦਾਨ ਗੌਹਰ ਰਜ਼ਾ ਨੇ ਵੀ ਨਜ਼ਮਾਂ ਰਾਹੀਂ ਮੋਰਚੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਕੱਠ ਨੂੰ ਮੰਗਾ ਆਜ਼ਾਦ, ਜਗਸੀਰ ਸਿੰਘ ਛੀਨੀਵਾਲ, ਵਿਕਾਸ ਸੀਸਰ, ਕੁਲਦੀਪ ਤਲਵੰਡੀ, ਬਲਜਿੰਦਰ, ਮਨਦੀਪ ਨਥਵਾਨ, ਗੁਰਮੰਡਲ ਸਿੰਘ, ਹਰੀਸ਼ ਨੱਢਾ, ਕਵਿਤਾ ਆਰੀਆ, ਸ਼੍ਰੇਆ, ਡਾ. ਰਿਤੂ, ਡਾ. ਸਵੈਮਾਨ ਸਿੰਘ ਨੇ ਸੰਬੋਧਨ ਕੀਤਾ।

Post a Comment

Contact Form

Name

Email *

Message *

Powered by Blogger.