ਪਟਿਆਲਾ : ਪੰਜਾਬੀ ਸਭਿਅਚਾਰ ਦੇ ਪਹਿਰੇਦਾਰ ਅਤੇ ਸਾਫ਼ ਸੁਥਰੇ ਪਰਿਵਾਰਿਕ ਗੀਤ ਲਿਖਣ ਵਾਲੇ ਭੰਗੜਾ ਕਲਾਕਾਰ ਗਿਲ ਸੁਰਜੀਤ ਲੰਮੀ ਬਿਮਾਰੀ ਤੋਂ ਬਾਅਦ ਪਟਿਆਲਾ ਵਿਖੇ ਸਵਰਗਵਾਸ ਹੋ ਗਏ ਹਨ। ਉਹ 73 ਸਾਲ ਦੇ ਸਨ। ਉਨ੍ਹਾਂ ਦੇ ਜਾਣ ਨਾਲ ਸਾਫ਼ ਸੁਥਰੇ ਗੀਤ ਲਿਖਣ ਵਾਲੇ ਯੁਗ ਦਾ ਅੰਤ ਹੋ ਗਿਆ ਹੈ। ਗਿੱਲ ਸੁਰਜੀਤ ਪੰਜਾਬੀ ਸਭਿਆਚਾਰ, ਪਰੰਪਰਾਵਾਂ, ਰਵਾਇਤਾਂ ਅਤੇ ਮੁਹੱਬਤਾਂ ਦੇ ਗੀਤ ਲਿਖਣ ਵਾਲਾ ਨਿਵੇਕਲਾ ਗੀਤਕਾਰ ਸੀ। ਉਨ੍ਹਾਂ ਦੀ ਮੁੱਖ ਤੌਰ ਤੇ ਭੰਗੜਾ, ਗੀਤਕਾਰੀ ਅਤੇ ਪੰਜਾਬੀ ਕੋਰੋਗ੍ਰਾਫ਼ੀ ਵਿਚ ਮੁਹਾਰਤ ਸੀ। ਉਹ ਪੰਜਾਬੀ ਕਦਰਾਂ ਕੀਮਤਾਂ ਤੇ ਪਹਿਰਾ ਦੇਣ ਵਾਲੇ ਗੀਤ ਲਿਖਦੇ ਸਨ, ਜਿਨ੍ਹਾਂ ਨੂੰ ਪਰਿਵਾਰਾਂ ਵਿਚ ਬੈਠਕੇ ਸੁਣਿਆਂ ਜਾ ਸਕਦਾ ਹੈ। ਭੰਗੜਾ ਉਨ੍ਹਾਂ ਦਾ ਸ਼ੌਕ ਅਤੇ ਜੀਵਨ ਸੀ। ਬਚਪਨ ਵਿਚ ਹੀ ਸਕੂਲ ਦੇ ਸਮੇਂ ਤੋਂ ਹੀ ਉਨ੍ਹਾਂ ਨੇ ਭੰਗੜਾ ਪਾਉਣਾ ਸ਼ੁਰੂ ਕਰ ਦਿੱਤਾ ਸੀ। ਭੰਗੜਾ ਉਨ੍ਹਾਂ ਦੀ ਰਗ ਰਗ ਵਿਚ ਸਮੋਇਆ ਹੋਇਆ ਸੀ। ਸਕੂਲ, ਕਾਲਜ ਅਤੇ ਯੂਨੀਵਰਸਿਟੀ ਦੀਆਂ ਭੰਗੜੇ ਦੀਆਂ ਟੀਮਾਂ ਦਾ ਉਹ ਸ਼ਿੰਗਾਰ ਰਹੇ ਹਨ। 10 ਸਾਲ ਲਗਾਤਾਰ ਉਹ 26 ਜਨਵਰੀ ਦੇ ਸਮਾਗਮਾਂ ਤੇ ਦਿੱਲੀ ਵਿਖੇ ਭੰਗੜਾ ਟੀਮ ਵਿਚ ਸ਼ਾਮਲ ਹੋ ਕੇ ਭੰਗੜਾ ਪਾਉਂਦੇ ਰਹੇ। ਉਨ੍ਹਾਂ ਦੇ ਗੀਤਾਂ ਦੀਆਂ ਪੰਜ ਪੁਸਤਕਾਂ ਮੇਲਾ ਮੁੰਡੇ ਕੁੜੀਆਂ ਦਾ1987, ‘ਵੰਗਾਂ ਦੀ ਛਣਕਾਰ2006, ‘ਝਾਂਜਰ ਦਾ ਛਣਕਾਟਾ2008, ‘ਚੇਤੇ ਕਰ ਬਚਪਨ ਨੂੰ 2009 ਅਤੇ ਚੀਰੇ ਵਾਲਿਆ ਗੱਭਰੂਆ2014 ਵਿਚ ਪ੍ਰਕਾਸ਼ਤ ਹੋਈਆਂ ਸਨ। ਗਿੱਲ ਸੁਰਜੀਤ ਨੇ ਆਪਣੀਆਂ ਇਨ੍ਹਾਂ ਗੀਤਾਂ ਦੀਆਂ ਪੁਸਤਕਾਂ ਨਾਲ ਗੀਤਕਾਰਾਂ ਵਿਚ ਆਪਣਾ ਵੱਖਰਾ ਹੀ ਸਥਾਨ ਬਣਾ ਲਿਆ ਸੀ ਕਿਉਂਕਿ ਉਹ ਆਪਣੇ ਗੀਤ ਨੈਤਿਕਤਾ ਦੀ ਮਰਿਆਦਾ ਦੇ ਅੰਦਰ ਰਹਿ ਕੇ ਹੀ ਲਿਖਦਾ ਸੀ। ਫ਼ੋਕੀ ਸ਼ੁਹਰਤ ਖੱਟਣ ਲਈ ਉਹ ਹਲਕੇ ਫੁਲਕੇ ਗੀਤ ਨਹੀਂ ਲਿਖਦੇ ਸਨ।ਲਗਪਗ ਪਿਛਲੇ ਦੋ ਸਾਲ ਤੋਂ ਬਿਮਾਰੀ ਕਰਕੇ ਬਹੁਤੇ ਸਰਗਰਮ ਨਹੀਂ ਸਨ। 24 ਅਪ੍ਰੈਲ 2021 ਨੂੰ ਉਹ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ।

 

 

Post a Comment

Contact Form

Name

Email *

Message *

Powered by Blogger.