ਕਰੋਨਾ ਮਹਾਮਾਰੀ ਕਾਰਨ ਤਕਰੀਬਨ ਸਾਲ ਬਾਅਦ ਹੀ ਸਕੂਲ ਖੁੱਲ੍ਹੇ ਸਨ, ਸਾਰੇ ਬੱਚੇ ਸਕੂਲ ਆਉਣ ਲਈ ਬਹੁਤ ਉਤਾਵਲੇ ਸਨ, ਅਧਿਆਪਕ ਵੀ ਆੱਨਲਾਈਨ ਕਲਾਸ ਲੈ ਲੈ ਕੇ ਥੱਕ ਚੁੱਕੇ ਸਨ। ਸਫਾਈ ਵਾਲੀਆਂ
ਆਂਟੀਆਂ ਵੀ ਸਕੂਲ ਲੱਗਣ ਦਾ ਇੰਤਜ਼ਾਰ ਕਰ ਰਹੀਆਂ ਸਨ। ਅੱਜ ਜਦੋਂ ਸਾਰੇ ਸਕੂਲ ਆਏ ਤਾਂ ਸਾਰੇ ਬਹੁਤ
ਖੁਸ਼ ਸਨ। ਇੱਕ ਬੜਾ ਹੀ ਟੋਹਰ ਟੱਪਾ ਮਾਰੀ ਬੀਬੀ ਸਕੂਲ ਵਿੱਚ ਆਈ ਤਾਂ ਸਾਰਿਆਂ ਨੂੰ ਜਾਪਿਆ ਕਿ
ਨਵੀਂ ਮੈਡਮ ਆਈ ਹੈ। ਕੋਈ ਉਸ ਦੀ ਪਹਿਚਾਣ ਕਰਦਾ ਇਸ ਤੋਂ ਪਹਿਲਾਂ ਪ੍ਰਾਰਥਨਾ ਹੋਈ ਤੇ ਬੱਚੇ ਆਪੋ
ਆਪਣੀਆਂ ਜਮਾਤਾਂ ਵਿੱਚ ਜਾ ਵੜੇ। ਸਕੂਲ ਦੀਆਂ ਮੈਡਮਾਂ ਨੂੰ ਜਦੋਂ ਉਸ ਦੇ ਸਫਾਈ ਵਾਲੀ ਹੋਣ ਬਾਰੇ ਪਤਾ ਲੱਗਾ ਤਾਂ ਉਸ ਦੇ ਟੋਹਰ
ਟੱਪੇ ਨੂੰ ਵੇਖ ਇੱਕ ਦੂਸਰੇ ਵੱਲ ਵੇਖ ਹੱਸਣ ਲੱਗੀਆਂ। ਉਹਨਾਂ ਵਿੱਚ ਹੀ ਖੜੀ ਇੱਕ ਮੈਡਮ ਜੋ ਇਤਹਾਸ
ਦੀ ਅਧਿਆਪਕ ਸੀ ਉਸਨੂੰ ਇਹ ਗੱਲ ਕੁਝ ਚੰਗੀ ਨਾ ਲੱਗੀ। ਏਨੇ ਨੂੰ ਇਤਹਾਸ ਵਾਲੀ ਮੈਡਮ ਆਪਣੀ ਕਲਾਸ
ਵਿੱਚ ਗਈ ਤਾਂ ਕਲਾਸ ਦੀਆਂ ਕੁਝ ਵਿਦਿਆਰਥਣਾਂ ਮੈਡਮ ਕੋਲ ਆਈਆਂ ਤੇ ਕਹਿਣ ਲੱਗੀਆਂ " ਮੈਡਮ
ਜੀ ਓ ਜਿਹੜੇ ਅੰਟੀ ਆਏ ਨੇ ਸਕੂਲ ਦੇਖਿਆ ਕਿੰਨਾ ਤਿਆਰ ਬਿਆਰ ਹੋਕੇ ਆਉਂਦੇ ਨੇ.... ਅਸੀਂ ਤਾਂ
ਸੋਚਿਆ ਕਿ ਕੋਈ ਮੈਡਮ... ਸਾਨੂੰ ਤਾਂ ਉਦੋਂ ਪਤਾ ਲੱਗਾ ਜਦੋਂ ਸਵੇਰੇ ਅੰਟੀ ਤਿਆਰ ਹੋ ਕੇ ਗਰਾਊਂਡ
ਵਿੱਚ ਝਾੜੂ ਲਗਾ ਰਹੀ ਸੀ। ਏਨਾ ਕਹਿ ਵਿਦਿਆਰਥਣਾਂ ਆਪਸ ਵਿੱਚ ਤਾੜੀ ਮਾਰ ਹੱਸਣ ਲੱਗੀਆਂ। "
ਵਿਦਿਆਰਥਣਾਂ ਦੀ ਗੱਲ ਸੁਣ ਮੈਡਮ ਨੇ ਬੱਚਿਆਂ ਨੂੰ ਘੂਰਿਆ ਅਤੇ ਸ਼ੀਟ ਤੇ ਬੈਠਣ ਲਈ ਕਿਹਾ। ਹੁਣ
ਜਦੋਂ ਵੀ ਅੰਟੀ ਲੰਘਦੀ ਤਾਂ ਅਧਿਆਪਕ ਤੇ ਬੱਚੇ ਆਪਸ ਵਿੱਚ ਹੱਸਣ ਲੱਗਦੇ। ਉਸ ਅੰਟੀ ਨੂੰ ਵੀ
ਮਹਿਸੂਸ ਹੋਣ ਲੱਗਾ ਕਿ ਸਾਰੇ ਉਸ ਉੱਪਰ ਹੀ ਹੱਸਦੇ ਹਨ। ਇਹ ਗੱਲ ਇਤਹਾਸ ਵਾਲੀ ਮੈਡਮ ਨੂੰ ਬਿਲਕੁਲ ਚੰਗੀ ਨਾ ਲੱਗਦੀ। ਕੁਝ
ਦਿਨਾਂ ਬਾਅਦ ਸਕੂਲ ਵਿੱਚ ਸਕੂਲ ਦੇ ਦੁਬਾਰਾ ਖੁੱਲਣ ਦੀ ਖੁਸ਼ੀ ਵਿੱਚ ਇੱਕ ਛੋਟਾ ਜਿਹਾ ਫੰਕਸ਼ਨ
ਕਰਵਾਇਆ ਗਿਆ, ਜਿਸ ਵਿੱਚ ਹਰ ਅਧਿਆਪਕ ਨੇ ਕੁਝ ਨਾ
ਕੁਝ ਪੇਸ਼ ਕਰਨਾ ਸੀ, ਇਤਹਾਸ ਵਾਲੀ ਅਧਿਆਪਕ ਨੇ ਸਹੀ ਮੌਕਾ
ਦੇਖਦਿਆਂ ਇੱਕ ਭਾਸ਼ਣ ਦੇਣ ਬਾਰੇ ਸੋਚਿਆ . ... ਮੈਡਮ ਨੇ ਭਾਸ਼ਨ ਦੀ ਸ਼ੁਰੂਆਤ ਹਰ ਇੱਕ ਦੀ ਜਿੰਦਗੀ
ਦੇ ਕੁਝ ਚਾਅ ਤੇ ਸੁਪਨੇ ਹੋਣ ਤੋਂ ਕੀਤੀ। ਜਦ ਮੈਡਮ ਨੇ ਦੱਸਿਆ ਕਿ ਕੋਈ ਗਰੀਬ ਹੋਵੇ ਜਾਂ ਅਮੀਰ
ਉਸਨੂੰ ਸੱਜਣ ਫੱਬਣ, ਹਾਰ ਸ਼ਿੰਗਾਰ ਕਰਨ ਤੇ ਆਪਣੇ ਚਾਅ ਪੂਰੇ
ਕਰਨ ਦਾ ਹੱਕ ਹੈ। ਮੈਡਮ ਨੇ ਤਿੱਖੇ ਬੋਲਾਂ ਵਿੱਚ ਕਿਹਾ ਕਿ ਅਸੀਂ ਲੋਕ ਪੜ੍ਹ ਲਿਖ ਕੇ ਵੀ ਗਵਾਰ
ਹਾਂ ਜੋ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਆਪਣੇ ਆਪ ਨੂੰ ਸਰਵਉੱਤਮ ਤੇ ਗਰੀਬਾਂ ਨੂੰ ਹੀਣਾ ਸਮਝਦੇ
ਹਾਂ। ਇੱਥੇ ਸਭ ਨੂੰ ਜੀਣ ਦਾ ਹੱਕ ਹੈ, ਆਪਣੇ ਸ਼ੌਕ ਪੂਰੇ ਕਰਨ ਦਾ ਹੱਕ ਹੈ, ਮੈਡਮ ਦਾ ਜ਼ਬਰਦਸਤ ਭਾਸ਼ਣ ਸੁਣ ਸਾਰੇ ਅਧਿਆਪਕ ਤੇ ਬੱਚੇ ਨੀਵੀਂ ਪਾ ਬੈਠੇ ਸਨ ਅਤੇ ਆਪਣੀ ਸੋਚ
ਵਿੱਚ ਆਏ ਫਰਕ ਤੇ ਸ਼ਰਮਿੰਦਾ ਸਨ। ਉਹਨਾਂ ਨੂੰ ਆਪਣਾ ਆਪ ਪੜ੍ਹੇ ਲਿਖੇ ਅਨਪੜ੍ਹਾਂ ਵਰਗਾ ਲੱਗਾ। ਕੋਈ ਵੀ ਮੈਡਮ ਨਾਲ ਅੱਖ ਨਹੀਂ
ਸੀ ਮਿਲਾ ਰਿਹਾ ਜਿਵੇਂ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਹੋਵੇ।
ਪੜ੍ਹੇ ਲਿਖੇ ਅਨਪੜ੍ਹ ( ਸਿੱਖਿਆਦਾਇਕ ਕਹਾਣੀ )
Sunday, April 18, 2021
0