[post ads]

 ਭਾਦੋਂ ਵਿਚ ਜਦੋਂ ਤੀਆਂ ਆਉਂਦੀਆਂ ਸੀ, 
ਧੀਆਂ ਨੱਚਦੀਆਂ ਤੇ ਨਚਾਉਂਦੀਆਂ ਸੀ। 
ਨਵੀਂ ਲੱਜ ਅਤੇ ਨਵੀਂ ਫੱਟੀ ਨਾਲ, 
ਪਿੱਪਲਾਂ ਤੇ ਪੀਂਘਾਂ ਪਾਉਂਦੀਆਂ ਸੀ। 
ਕੋਈ ਦਾਦੀ ਤੋਂ ਤੇ ਕੋਈ ਨਾਨੀ ਤੋਂ, 
ਤੀਆਂ ਲਈ ਸੂਟ ਸਵਾਉਂਦੀਆਂ ਸੀ। 
ਇਕ ਦੂਜੀ ਨਾਲ ਜਿੱਦ ਲਾ ਲਾ ਕੇ, 
ਫਿਰ ਉੱਚੀ ਹੀਂਘ ਚੜ੍ਹਾਉਂਦੀਆਂ ਸੀ। 
ਬੋਲੀਆਂ ਪਾ ਕੇ ਇਕ ਦੂਜੀ ਨੂੰ, 
ਜਿੱਤਦੀਆਂ ਅਤੇ ਹਰਾਉਂਦੀਆਂ ਸੀ। 
ਉਹ ਜਿੱਤਾਂ ਹਾਰਾਂ ਖੁਸ਼ੀ ਲਈ ਸੀ, 
ਉਂਝ ਮਿਲ ਕੇ ਜਸ਼ਨ ਮਨਾਉਂਦੀਆਂ ਸੀ। 
ਕੋਈ ਛੱਲੀਆਂ ਭੁੰਨ ਲਿਆਉਂਦੀ ਸੀ, 
ਕੋਈ ਲਿਆਉਂਦੀ ਮੁਰਮਰੇ ਮੱਕੀ ਦੇ, 
ਕੋਈ ਮਿੱਠੀਆਂ ਮੱਠੀਆਂ ਗੁਲਗਲੇ ਲੈਣ, 
ਕਦੇ ਭੁੰਨੇ ਛੋਲੇ ਫੱਕੀਂ ਦੇ। 
ਤੀਆਂ ਦੇ ਸੋਹਲ ਨਜ਼ਾਰੇ ਉਹ, 
ਹੁਣ ਕਿਧਰੇ ਨਹੀਂਓਂ ਤੱਕੀਂ ਦੇ। 
ਉਂਝ ਛਪਾਉਂਦੀਆਂ ਦਿਲ ਦੀਆਂ ਦਿਲ ਵਿਚ, 
ਦਿਲ ਦੇ ਭੇਦ ਬੋਲੀ ਵਿੱਚ ਦੱਸਣ। 
ਅੰਬਰੀਂ ਪੈਂਦੀ ਗੂੰਜ ਗਿੱਧੇ ਦੀ, 
ਤੀਆਂ ਵਿੱਚ ਇਹ ਖੁੱਲ੍ਹ ਕੇ ਹੱਸਣ। 
ਰਹੇ ਚਿਹਰਿਆਂ ਉੱਤੇ ਰੌਣਕ, 
ਹੱਸਦੀਆਂ ਰਹਿਣ ਯੁੱਗੋ ਯੁੱਗ ਵੱਸਣ। 
ਨਾ ਹੁਣ ਤੀਆਂ ਨਾ ਪਿੱਪਲ ਨੇ, 
ਉਹ ਮਿੱਠਾ ਬਦਲ ਸੰਗੀਤ ਗਿਆ। 
ਨਾ ਨੱਚਣ ਗਾਵਣ ਕੁੜੀਆਂ ਹੁਣ, 
ਨਾ ਬੋਲੀ ਨਾ ਓ ਗੀਤ ਰਿਹਾ, 
ਸਭ ਰੰਗ ਬਦਲਗੇ ਜੀਵਨ ਦੇ, 
ਉਹ ਇੱਕ ਜ਼ਮਾਨਾ ਬੀਤ ਗਿਆ। 
ਬੋਹੜ ਟਾਹਲੀਆਂ ਪਿੱਪਲ ਕੱਟ ਕੇ, 
ਵੈਰੀ ਬਣ ਗਏ ਹੁਣ ਰੁੱਖਾਂ ਦੇ। 
ਜਨਮ ਦੇਣ ਤੋਂ ਪਹਿਲਾਂ ਧੀਆਂ, 
ਕਤਲ ਹੋਣ ਵਿੱਚ ਕੁੱਖਾਂ ਦੇ। 
ਖ਼ੁਦ ਪੁੱਟ ਕੇ ਜੜ੍ਹਾਂ ਭਵਿੱਖ ਦੀਆਂ, 
ਅਸੀਂ ਕਾਤਲ ਬਣ ਗਏ ਸੁੱਖਾਂ ਦੇ। 










ਸ਼੍ਰੀ ਪ੍ਰੇਮ ਸਰੂਪ (ਛਾਜਲੀ) 
ਪੰਜਾਬੀ ਮਾਸਟਰ 
ਸਸਸਸ ਗੋਬਿੰਦਗੜ੍ਹ ਖੋਖਰ(ਸੰਗਰੂਰ) 
9417134982

Post a Comment

bttnews

{picture#https://1.bp.blogspot.com/-pWIjABmZ2eY/YQAE-l-tgqI/AAAAAAAAJpI/bkcBvxgyMoQDtl4fpBeK3YcGmDhRgWflwCLcBGAsYHQ/s971/bttlogo.jpg} BASED ON TRUTH TELECAST {facebook#https://www.facebook.com/bttnewsonline/} {twitter#https://twitter.com/bttnewsonline} {youtube#https://www.youtube.com/c/BttNews} {linkedin#https://www.linkedin.com/company/bttnews}
Powered by Blogger.