Type Here to Get Search Results !

13 ਦਿਨਾਂ ਵਿੱਚ 40 ਕਾਂਗਰਸੀ ਵਿਧਾਇਕ ਦੇ ਘਰਾਂ ਅੱਗੇ ਰੱਖੀ ਭੁੱਖ ਹੜਤਾਲ

 -- ਵਿਸੇਸ ਰਿਪੋਰਟ --

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵੱਲੋਂ ਆਪਣੀਆਂ ਮੰਗਾਂ ਦੇ ਸਬੰਧ 'ਚ ਕੀਤਾ ਜਾ ਰਿਹਾ ਹੈ ਜੋਰਦਾਰ ਸੰਘਰਸ

1 ਅਗਸਤ ਤੋਂ ਕਾਂਗਰਸੀ ਮੰਤਰੀਆਂ ਦੇ ਘਰਾਂ ਦਾ ਕੀਤਾ ਜਾਵੇਗਾ ਘਿਰਾਓ - ਹਰਗੋਬਿੰਦ ਕੌਰ 

ਜਥੇਬੰਦੀ ਸਾਲ 2022 ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਮੂੰਹ ਤੋੜਵਾਂ ਜੁਆਬ ਦੇਵੇਗੀ 

ਚੰਡੀਗੜ ,18 ਜੁਲਾਈ (ਸੁਖਪਾਲ ਸਿੰਘ ਢਿੱਲੋਂ)- ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਨਾਲ ਸਬੰਧਿਤ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵੱਲੋਂ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਕੈਪਟਨ ਅਮਰਿੰਦਰ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਖਲਿਾਫ ਜੋਰਦਾਰ ਸੰਘਰਸ ਕੀਤਾ ਜਾ ਰਿਹਾ ਹੈ ਤੇ ਪਿਛਲੇਂ 13 ਦਿਨਾਂ ਵਿੱਚ 40 ਕਾਂਗਰਸੀ ਵਿਧਾਇਕਾ ਦੇ ਘਰਾਂ ਅੱਗੇ ਭੁੱਖ ਹੜਤਾਲ ਰੱਖ ਕੇ ਉਹਨਾਂ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਮ ਆਪਣੇ ਖੂਨ ਨਾਲ ਮੰਗ ਪੱਤਰ ਲਿਖ ਕੇ ਦਿੱਤੇ ਗਏ ਹਨ । ਉਪਰੋਕਤ ਜਾਣਕਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਦਿੱਤੀ । ਉਹਨਾਂ ਦੱਸਿਆ ਕਿ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ 5 ਜੁਲਾਈ ਤੋਂ ਕਾਂਗਰਸੀ ਵਿਧਾਇਕਾ ਦੇ ਘਰਾਂ ਅੱਗੇ ਰੋਸ ਪ੍ਰਦਰਸਨ ਸੁਰੂ ਕੀਤਾ ਗਿਆ ਸੀ ਜੋ 17 ਜੁਲਾਈ ਤੱਕ ਚੱਲਿਆ । ਉਹਨਾਂ ਕਿਹਾ ਕਿ ਬਾਕੀ ਰਹਿੰਦੇ ਕਾਂਗਰਸੀ ਵਿਧਾਇਕਾ ਦੇ ਘਰਾਂ ਦਾ ਘਿਰਾਓ 25 ਜੁਲਾਈ ਤੋਂ 31 ਜੁਲਾਈ ਤੱਕ ਕੀਤਾ ਜਾਵੇਗਾ । 


ਇਹ ਹਨ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ 

ਆਂਗਣਵਾੜੀ ਸੈਂਟਰਾਂ ਦੇ 3 ਸਾਲ ਤੋਂ 6 ਸਾਲ ਤੱਕ ਦੇ ਬੱਚੇ ਜੋ ਸਰਕਾਰ ਨੇ 2017 ਵਿੱਚ ਖੋਹ ਕੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਭੇਜ ਦਿੱਤੇ ਸਨ , ਨੂੰ ਹੋਏ ਸਮਝੌਤੇ ਅਨੁਸਾਰ ਵਾਪਸ ਸੈਂਟਰਾਂ ਵਿੱਚ ਭੇਜਿਆ ਜਾਵੇ ।  ਨਰਸਰੀ ਟੀਚਰ ਦਾ ਦਰਜਾ ਆਂਗਣਵਾੜੀ ਵਰਕਰਾਂ ਨੂੰ ਦਿੱਤਾ ਜਾਵੇ । ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਹਰਿਆਣਾ ਪੈਟਰਨ ਤੇ ਮਾਣ ਭੱਤਾ ਦਿੱਤਾ ਜਾਵੇ । ਐਨ ਜੀ ਓ ਅਧੀਨ ਕੰਮ ਕਰਦੀਆਂ ਵਰਕਰਾਂ ਤੇ ਹੈਲਪਰਾਂ ਨੂੰ ਮੁੱਖ ਵਿਭਾਗ ਅਧੀਨ ਲਿਆਦਾ ਜਾਵੇ । ਵਰਕਰਾਂ ਨੂੰ ਸਮਾਰਟ ਫੋਨ ਦਿੱਤੇ ਜਾਣ , ਉਤਸਾਹ ਵਰਧਕ ਰਾਸੀ ਕ੍ਰਮਵਾਰ ਵਰਕਰ ਤੇ ਹੈਲਪਰ ਨੂੰ 500 ਰੁਪਏ ਤੇ 250 ਰੁਪਏ ਦਿੱਤੇ ਜਾਣ । ਸਰਕਲ ਮੀਟਿੰਗ ਦਾ ਕਿਰਾਇਆ 200 ਰਪਏ ਦਿੱਤਾ ਜਾਵੇ । ਪੀ ਐਮ ਵੀ ਵਾਈ ਦੇ 2017 ਤੋਂ ਪੈਡਿੰਗ ਪਏ ਪੈਸੇ ਰਲੀਜ ਕੀਤੇ ਜਾਣ । 2015 ਵਿੱਚ ਗਲਤ ਸਰਟੀਫਿਕੇਟ ਪੇਸ ਕਰਕੇ ਵਰਕਰ ਤੋਂ ਸੁਪਰਵਾਈਜਰ ਬਣੀਆਂ , ਸੁਪਰਵਾਈਜਰਾਂ ਜਿਨਾਂ ਦੇ ਖਿਲਾਫ ਮਹਿਕਮੇ ਵੱਲੋਂ ਪੜਤਾਲ ਪੂਰੀ ਹੋ ਚੁੱਕੀ ਹੈ , ਨੂੰ ਤੁਰੰਤ ਨੌਕਰੀ ਤੋਂ ਫਾਰਗ ਕਰਕੇ 420 ਦੇ ਪਰਚੇ ਦਰਜ ਕਰਵਾਏ ਜਾਣ । ਮਿੰਨੀ ਆਂਗਣਵਾੜੀ ਵਰਕਰ ਨੂੰ ਪੂਰੀ ਆਂਗਣਵਾੜੀ ਵਰਕਰ ਦਾ ਦਰਜਾ ਦਿੱਤਾ ਜਾਵੇ । ਬਾਲਣ ਦੇ ਪੈਸੇ ਜੋ ਪ੍ਰਤੀ ਲਾਭਪਾਤਰੀ 40 ਪੈਸੇ ਮਿਲਦੇ ਹਨ , ਉਹ ਇੱਕ ਰੁਪਈਆ ਕੀਤਾ ਜਾਵੇ ।

ਕੀ ਹੈ ਅਗਲਾ ਸੰਘਰਸ 

1 ਅਗਸਤ ਤੋਂ ਕਾਂਗਰਸੀ ਮੰਤਰੀਆਂ ਦੇ ਘਰਾਂ ਦਾ ਘਿਰਾਓ ਕਰਕੇ ਭੁੱਖ ਹੜਤਾਲ ਰੱਖੀ ਜਾਵੇਗੀ ਤੇ ਖੂਨ ਨਾਲ ਲਿਖੇ ਹੋਏ ਮੰਗ ਪੱਤਰ ਦਿੱਤੇ ਜਾਣਗੇ । ਹਰਗੋਬਿੰਦ ਕੌਰ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹਨਾਂ ਦੀਆਂ ਮੰਗਾਂ ਮੰਨੀਆਂ ਨਾ ਗਈਆਂ ਤਾਂ ਜਥੇਬੰਦੀ ਸਾਲ 2022 ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਮੂੰਹ ਤੋੜਵਾਂ ਜੁਆਬ ਦੇਵੇਗੀ ।

 ਮੁੱਖ ਮੰਤਰੀ ਜਾਂ ਖਜਾਨਾ ਮੰਤਰੀ ਨੇ ਇੱਕ ਵੀ ਮੀਟਿੰਗ ਨਹੀਂ ਕੀਤੀ

ਵਰਨਣਯੋਗ ਹੈ ਕਿ ਕਾਂਗਰਸ ਪਾਰਟੀ ਦੇ ਸਾਢੇ ਚਾਰ ਸਾਲਾਂ ਦੇ ਰਾਜ ਭਾਗ ਵਿੱਚ ਨਾ ਤਾਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਕੋਈ ਮੰਗ ਮੰਨੀ ਗਈ ਹੈ ਤੇ ਨਾ ਹੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜਾਂ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਯੂਨੀਅਨ ਦੇ ਵਫਦ ਨਾਲ ਕੋਈ ਗੱਲਬਾਤ ਕੀਤੀ ਹੈ । ਵਿਭਾਗ ਦੀ ਮੰਤਰੀ ਮੈਡਮ ਅਰੁਣਾ ਚੌਧਰੀ ਨੇ ਜਰੂਰ ਆਗੂਆਂ ਨਾਲ ਮੀਟਿੰਗਾਂ ਕੀਤੀਆਂ ਹਨ , ਪਰ ਉਹਨਾਂ ਦੀ ਅੱਗੇ ਕੋਈ ਸੁਣਵਾਈ ਨਹੀਂ ਹੋਈ ਤੇ ਮਾਮਲਾ ਉਥੇ ਦਾ ਉਥੇ ਹੀ ਖੜਾ ਹੈ । 

45 ਸਾਲ ਲੰਘ ਜਾਣ ਦੇ ਬਾਵਜੂਦ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਨਹੀ ਦਿੱਤਾ ਗਿਆ ਸਰਕਾਰੀ ਮੁਲਾਜ਼ਮ ਦਾ ਦਰਜ਼ਾ

ਕੇਂਦਰ ਸਰਕਾਰ ਨੇ 2 ਅਕਤੂਬਰ 1975 ਨੂੰ ਛੋਟੇ ਬੱਚਿਆਂ ਦੇ ਵਿਕਾਸ, ਉਹਨਾਂ ਨੂੰ ਪ੍ਰੀ-ਨਰਸਰੀ ਸਿੱਖਿਆ ਦੇਣ ਅਤੇ ਔਰਤਾਂ ਨੂੰ ਲਾਭ ਦੇਣ ਵਾਲੀਆਂ ਕੁਝ ਹੋਰ ਸਕੀਮਾਂ ਦੇਣ ਵਾਸਤੇ ਆਈ.ਸੀ.ਡੀ. ਐਸ. ਸਕੀਮ ਅਧੀਨ ਦੇਸ਼ ਭਰ ਵਿੱਚ ਇੱਕ ਹਜ਼ਾਰ ਦੀ ਆਬਾਦੀ ਪਿੱਛੇ ਇੱਕ ਆਂਗਣਵਾੜੀ ਸੈਂਟਰ ਖੁੱਲਵਾਇਆ ਸੀ ਤੇ ਇਹਨਾਂ ਸੈਟਰਾਂ ਵਿੱਚ ਇੱਕ ਵਰਕਰ ਤੇ ਇੱਕ ਹੈਲਪਰ ਨੂੰ ਭਰਤੀ ਕੀਤਾ ਸੀ। ਇਸ ਵੇਲੇ ਦੇਸ਼ ਭਰ ਵਿੱਚ ਲਗਭਗ 14 ਲੱਖ ਆਂਗਣਵਾੜੀ ਸੈਂਟਰ ਚੱਲ ਰਹੇ ਹਨ ਤੇ ਇਹਨਾਂ ਸੈਟਰਾਂ ਵਿੱਚ ਕਰੀਬ 28 ਲੱਖ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਕੰਮ ਕਰ ਰਹੀਆਂ ਹਨ। ਪਰ ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਕੇਂਦਰ ਵਿੱਚ ਆਈਆਂ ਸਭ ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਹੀ ਕੀਤਾ ਹੈ ਤੇ 45 ਸਾਲ ਲੰਘ ਜਾਣ ਦੇ ਬਾਵਜੂਦ ਵੀ ਵਰਕਰਾਂ ਤੇ ਹੈਲਪਰਾਂ ਨੂੰ ਸਰਕਾਰੀ ਮੁਲਾਜ਼ਮ ਦਾ ਦਰਜ਼ਾ ਨਹੀ ਦਿੱਤਾ ਗਿਆ। ਜਦ ਕਿ ਉਕਤ ਮੰਗ ਨੂੰ ਲੈ ਕੇ ਆਂਗਣਵਾੜੀ ਇੰਪਲਾਇਜ਼ ਫ਼ੈਡਰੇਸ਼ਨ ਆੱਫ਼ ਇੰਡੀਆ ਦੀ ਅਗਵਾਈ ਹੇਠ ਵਰਕਰਾਂ ਤੇ ਹੈਲਪਰਾਂ ਵੱਲੋਂ ਲਗਾਤਾਰ ਸਰਕਾਰਾਂ ਦੇ ਖਿਲਾਫ਼ ਵੱਡੇ ਤੋਂ ਵੱਡੇ ਸੰਘਰਸ਼, ਰੋਸ ਪ੍ਰਦਰਸ਼ਨ, ਰੋਸ ਮੁਜਾਹਰੇ, ਰੋਸ ਰੈਲੀਆਂ ਕੀਤੀਆਂ ਗਈਆਂ ਹਨ। ਸਰਕਾਰਾਂ ਦੇ ਪੁਤਲੇ ਸਾੜੇ ਹਨ। ਆਪਣਾ ਖੂਨ ਕੱਢ ਕੇ ਉਸ ਨਾਲ ਮੰਗ ਪੱਤਰ ਲਿਖ ਕੇ ਜਿਲਾ ਪ੍ਰਸ਼ਾਸ਼ਨ ਦੇ ਉੱਚ ਅਧਿਕਾਰੀਆਂ, ਵਿਧਾਇਕਾਂ, ਮੈਂਬਰ ਪਾਰਲੀਮੈਟਾਂ, ਮੰਤਰੀਆਂ, ਮੁੱਖ ਮੰਤਰੀਆਂ, ਕੇਂਦਰੀ ਮੰਤਰੀ ਅਤੇ ਪ੍ਰਧਾਨ ਮੰਤਰੀ ਤੱਕ ਭੇਜੇ ਹਨ। ਸੰਘਰਸ਼ ਦੌਰਾਨ ਜਥੇਬੰਦੀ ਦੀਆਂ ਜੁਝਾਰੂ ਵਰਕਰਾਂ ਨੂੰ ਜੇਲਾਂ ਤੱਕ ਜਾਣਾ ਪਿਆ ਹੈ। ਪੁਲਿਸ ਦੇ ਡੰਡੇ ਖਾਣੇ ਪਏ ਹਨ। ਜਿੱਥੇ ਕੇਂਦਰ ਸਰਕਾਰ ਨੇ ਇਹਨਾ ਵਰਕਰਾਂ ਤੇ ਹੈਲਪਰਾਂ ਦੀ ਬਾਂਹ ਨਹੀ ਫੜੀ, ਉਥੇ ਪੰਜਾਬ ਸਰਕਾਰ ਵੀ ਇਹਨਾਂ ਨਾਲ ਬੇਇਨਸਾਫ਼ੀ ਕਰ ਰਹੀ ਹੈ। ਆਪ ਤਾਂ ਪੰਜਾਬ ਸਰਕਾਰ ਨੇ ਕੀ ਦੇਣਾ ਸੀ, ਜਿਹੜਾ ਥੋੜਾ ਬਹੁਤਾ ਕੁਝ ਕੇਂਦਰ ਸਰਕਾਰ ਦੇ ਰਹੀ ਹੈ, ਉਸ ਨੂੰ ਵੀ ਸੂਬਾ ਸਰਕਾਰ ਆਪ ਹੀ ਹੜੱਪ ਕਰ ਰਹੀ ਹੈ। ਸੂਬੇ ਭਰ ਦੀਆਂ 54 ਹਜ਼ਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵਿੱਚ ਸਰਕਾਰ ਦੇ ਖਿਲਾਫ਼ ਗੁੱਸੇ ਦੀ ਲਹਿਰ ਹੈ। ਆਪਣੇ ਹੱਕ ਲੈਣ ਲਈ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਸਰਕਾਰ ਦੇ ਖਿਲਾਫ਼ ਸੰਘਰਸ਼ ਜਾਰੀ ਹੈ। 


 ਸਰਕਾਰ ਨੇ ਖੋਹੇ ਆਂਗਣਵਾੜੀ ਸੈਟਰਾਂ ਦੇ ਬੱਚੇ                       

ਆਂਗਣਵਾੜੀ ਸੈਟਰਾਂ ਵਿੱਚ ਆਉਣ ਵਾਲੇ ਨਿੱਕੇ ਨਿਆਣਿਆਂ ਨੂੰ ਪੰਜਾਬ ਸਰਕਾਰ ਨੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪ੍ਰੀ-ਨਰਸਰੀ ਜਮਾਤਾਂ ਸ਼ੁਰੂ ਕਰਕੇ ਦਾਖਲ ਕਰ ਲਿਆ ਸੀ ਤੇ ਸੂਬੇ ਦੇ ਸਾਰੇ ਆਂਗਣਵਾੜੀ ਸੈਟਰ ਵਿਹਲੇ ਹੋ ਗਏ ਸਨ। ਜਦ ਜਥੇਬੰਦੀ ਨੇ ਇਸ ਦਾ ਵਿਰੋਧ ਕੀਤਾ ਤਾਂ ਸਰਕਾਰ ਨੇ ਆਪਣਾ ਫੈਸਲਾ ਵਾਪਸ ਲੈਂਦਿਆਂ ਇਹ ਨੋਟੀਫਿਕੇਸ਼ਨ ਜ਼ਾਰੀ ਕਰ ਦਿੱਤਾ ਸੀ ਕਿ ਆਂਗਣਵਾੜੀ ਸੈਟਰਾਂ ਦੇ ਬੱਚੇ ਸਕੂਲਾਂ ਕੋਲੋ ਵਾਪਸ ਕਰਵਾ ਕੇ ਵਰਕਰਾਂ/ਹੈਲਪਰਾਂ ਦੇ ਹਵਾਲੇ ਕੀਤੇ ਜਾਣ। ਪਰ ਅਜੇ ਤੱਕ ਉਕਤ ਨੋਟੀਫਿਕੇਸ਼ਨ ਨੂੰ ਲਾਗੂ ਕਰਕੇ ਸੈਟਰਾਂ ਦੇ ਬੱਚੇ ਵਾਪਸ ਨਹੀ ਕੀਤੇ ਗਏ। ਦੱਸਿਆ ਜਾ ਰਿਹਾ ਹੈ ਕਿ ਆਂਗਣਵਾੜੀ ਸੈਟਰਾਂ ਵਿੱਚ ਆਉਣ ਵਾਲਿਆਂ ਦੀ ਗਿਣਤੀ 5 ਤੋਂ 6 ਲੱਖ ਦੇ ਵਿਚਕਾਰ ਸੀ।

 ਰੜਕ ਰਹੀਆਂ ਹਨ ਬਹੁਤ ਸਾਰੀਆਂ ਘਾਟਾਂ                     

ਸੂਬੇ ਭਰ ਵਿੱਚ ਚੱਲ ਰਹੇ ਲਗਭਗ 27 ਹਜ਼ਾਰ ਆਂਗਣਵਾੜੀ ਸੈਟਰਾਂ ਵਿੱਚ ਬਹੁਤ ਸਾਰੀਆਂ ਘਾਟਾਂ ਰੜਕ ਰਹੀਆਂ ਹਨ। ਲਗਭਗ 20 ਹਜ਼ਾਰ ਸੈਟਰਾਂ ਦੀਆਂ ਸਰਕਾਰੀ ਇਮਾਰਤਾਂ ਨਹੀ ਤੇ ਕੰਡਮ ਹੋ ਚੁੱਕੀਆਂ ਧਰਮਸ਼ਾਲਾਵਾਂ ਵਿੱਚ ਸੈਂਟਰ ਚਲਾਏ ਜਾ ਰਹੇ ਹਨ। ਬਹੁਤੇ ਸੈਟਰਾਂ ਵਿੱਚ ਪੀਣ ਵਾਲੇ ਪਾਣੀ ਦੀ ਘਾਟ ਰੜਕ ਰਹੀ ਹੈ। ਕਈਆਂ ਵਿੱਚ ਬਿਜਲੀ ਦੀ ਸਹੂਲਤ ਨਹੀ ਜਾਂ ਬਾਥਰੂਮਾਂ ਦੀ ਘਾਟ ਹੈ। ਫਰਨੀਚਰ ਤਾਂ ਕਿਸੇ ਵੀ ਆਂਗਣਵਾੜੀ ਸੈਂਟਰ ਵਿੱਚ ਨਹੀ ਹੈ। ਜੋ ਸਮਾਨ ਸੈਂਟਰਾਂ ਵਿੱਚ ਬੱਚਿਆਂ ਅਤੇ ਮਾਵਾਂ ਲਈ ਭੇਜਿਆ ਜਾਂਦਾ ਹੈ, ਉਹ ਕਈ-ਕਈ ਮਹੀਨੇ ਆਉਂਦਾ ਹੀ ਨਹੀਂ। ਐਨ.ਜੀ.ਓ. ਅਧੀਨ ਆਉਂਦੇ ਬਲਾਕਾਂ ਨੂੰ ਵਿਭਾਗ ਅਧੀਨ ਨਹੀ ਲਿਆਂਦਾ ਗਿਆ, ਜਦ ਕਿ ਇਸ ਸਬੰਧੀ 2 ਬਲਾਕਾਂ ਬਠਿੰਡਾ ਤੇ ਖੂਈਆਂ ਸਰਵਰ ਦਾ ਨੋਟੀਫਿਕੇਸ਼ਨ ਜ਼ਾਰੀ ਹੋ ਚੁੱਕਾ ਸੀ। 

 ਕੀ ਕਹਿਣਾ ਹੈ ਯੂਨੀਅਨ ਦੀ ਪ੍ਰਧਾਨ ਹਰਗੋਬਿੰਦ ਕੌਰ ਦਾ

ਯੂਨੀਅਨ ਦੀ ਪ੍ਰਧਾਨ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਜਦ ਤੱਕ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਮੰਨੀਆਂ ਨਹੀ ਜਾਂਦੀਆਂ, ਉਦੋਂ ਤੱਕ ਸਾਡਾ ਸੰਘਰਸ਼ ਸਰਕਾਰ ਦੇ ਖਿਲਾਫ਼ ਜ਼ਾਰੀ ਰਹੇਗਾ। ਉਹਨਾਂ ਕਿਹਾ ਕਿ ਜਦ ਤੱਕ ਵਰਕਰਾਂ/ਹੈਲਪਰਾਂ ਨੂੰ ਸਰਕਾਰੀ ਮੁਲਾਜ਼ਮ ਦਾ ਦਰਜ਼ਾ ਨਹੀ ਦਿੱਤਾ ਜਾਂਦਾ, ਉਦੋਂ ਤੱਕ ਘੱਟੋ-ਘੱਟ ਉਜਰਤਾਂ ਨੂੰ ਮੁੱਖ ਰੱਖਦਿਆਂ ਵਰਕਰਾਂ ਨੂੰ 24 ਹਜ਼ਾਰ ਰੁਪਏ ਅਤੇ ਹੈਲਪਰਾਂ ਨੂੰ 18 ਹਜ਼ਾਰ ਰੁਪਏ ਮਾਣਭੱਤਾ ਦਿੱਤਾ ਜਾਵੇ। ਵਰਕਰਾਂ ਨੂੰ ਨਰਸੀ ਟੀਚਰ ਦਾ ਦਰਜਾ ਦਿੱਤਾ ਜਾਵੇ ਤੇ ਵਰਕਰਾਂ/ਹੈਲਪਰਾਂ ਦੀਆਂ ਬਾਕੀ ਮੰਗਾਂ ਨੂੰ ਵੀ ਸਰਕਾਰ ਮੰਨੇ। ਵਰਕਰਾਂ/ਹੈਲਪਰਾਂ ਦਾ 50 ਲੱਖ ਰੁਪਏ ਦਾ ਸਿਹਤ ਬੀਮਾ ਕੀਤਾ ਜਾਵੇ। ਉਹਨਾ ਇਹ ਵੀ ਕਿਹਾ ਕਿ ਆਪਣੇ ਵਿਭਾਗ ਤੋਂ ਇਲਾਵਾ ਵਰਕਰਾਂ ਹੋਰ ਕਿਸੇ ਵਿਭਾਗ ਦਾ ਵਾਧੂ ਕੰਮ ਨਹੀ ਕਰਨਗੀਆਂ।             


ਹੋਰਨਾਂ ਸੂਬਿਆਂ ਵਿਚ ਮਿਲ ਰਿਹਾ ਹੈ ਵੱਧ ਮਾਣਭੱਤਾ 

ਜਿਕਰਯੋਗ ਹੈ ਕਿ ਹਰਿਆਣਾ ਵਿਚ ਆਂਗਣਵਾੜੀ ਵਰਕਰਾਂ ਨੂੰ ਹਰ ਮਹੀਨੇ 11 ਹਜਾਰ ਰੁਪਏ, ਦਿੱਲੀ ਵਿਚ 10 ਹਜਾਰ ਰੁਪਏ ਅਤੇ ਮੱਧ ਪ੍ਰਦੇਸ਼ ਵਿਚ 10 ਹਜਾਰ ਰੁਪਏ ਮਾਣਭੱਤਾ ਮਿਲਦਾ ਹੈ। ਜਦ ਕਿ ਤਾਮਿਲਨਾਡੂ ਅਤੇ ਪਾਂਡੀਚਰੀ ਦੀਆਂ ਸਰਕਾਰਾਂ ਨੇ ਵਰਕਰਾਂ ਨੂੰ ਗ੍ਰੇਡ ਦਿੱਤੇ ਹੋਏ ਹਨ। ਪਰ ਪੰਜਾਬ ਸਰਕਾਰ ਵਰਕਰਾਂ ਨੂੰ ਸਿਰਫ 7500 ਰੁਪਏ ਦੇ ਰਹੀ ਹੈ।  

Post a Comment

0 Comments
* Please Don't Spam Here. All the Comments are Reviewed by Admin.