Type Here to Get Search Results !

ਸੰਯੁਕਤ ਅਧਿਆਪਕ ਫਰੰਟ ਦੀ ਬਠਿੰਡਾ ਰੈਲੀ ਦੇਵੇਗੀ ਮਿਸਾਲੀ ਚੁਣੌਤੀ

ਤਨਖਾਹ ਕਮਿਸਨ ਦੀਆਂ ਮੁਲਾਜਮ ਵਿਰੋਧੀ ਮੱਦਾਂ ਵਾਪਸ ਲਵੇ ਸਰਕਾਰਸ੍ਰੀ ਮੁਕਤਸਰ ਸਾਹਿਬ 16  ਜੁਲਾਈ ; ਨਵ ਗਠਿਤ ਸੰਯੁਕਤ ਅਧਿਆਪਕ ਫਰੰਟ ਪੰਜਾਬ  ਸਾਮਲ ਜਥੇਬੰਦੀਆਂ ਡੈਮੋਕ੍ਰੈਟਿਕ ਟੀਚਰਜ ਫਰੰਟ,6060 ਮਾਸਟਰ ਕੇਡਰ ਯੂਨੀਅਨ ,5178 ਮਾਸਟਰ ਕੇਡਰ ਯੂਨੀਅਨ ,3582 ਅਧਿਆਪਕ ਯੂਨੀਅਨ ,ਸਰੀਰਕ  ਸਿੱਖਿਆ ਅਧਿਆਪਕ ਐਸੋਸੀਏਸਨ, ਈ.ਟੀ.ਟੀ. 6505 ਅਧਿਆਪਕ ਯੂਨੀਅਨ,ਮੁੱਖ ਅਧਿਆਪਕ ਜਥੇਬੰਦੀ ਪੰਜਾਬ ਤੇ ਈ.ਟੀ.ਟੀ. ਟੀਚਰ ਯੂਨੀਅਨ ਪੰਜਾਬ ਦੇ ਸੂਬਾਈ ਆਗੂਆਂ ਨੇ  ਵਿੱਤ ਮੰਤਰੀ ਦੇ ਸਹਿਰ ਵਿੱਚ 18 ਜੁਲਾਈ ਨੂੰ ਹੋ ਰਹੀ ਸੂਬਾਈ ਰੈਲੀ  ਦੀਆਂ ਤਿਆਰੀਆਂ ਦਾ ਜਾਇਜਾ ਲਿਆ।ਅਧਿਆਪਕ ਆਗੂਆਂ ਦਿਗਵਿਜੇਪਾਲ ਸਰਮਾ,ਵਿਕਾਸ ਗਰਗ ਰਾਮਪੁਰਾ, ਜੋਗਿੰਦਰ ਸਿੰਘ ਵਰ੍ਹੇ, ਰਾਜਪਾਲ ਖਨੋਰੀ ਤੇ ਸਥਾਨਕ ਜਿਲ੍ਹਾ ਪ੍ਰਧਾਨ ਲਖਵੀਰ ਸਿੰਘ ਹਰੀਕੇ ਨੇ ਪੰਜਾਬ ਸਰਕਾਰ ਦੇ ਮੁਲਾਜਮ ਵਿਰੋਧੀ ਵਤੀਰੇ ਦੀ ਤਿੱਖੀ ਆਲੋਚਨਾ ਕਰਦਿਆਂ ਆਖਿਆ ਕਿ ਵਿਤ ਵਿਭਾਗ ਨੇ ਸਾਲਾਂ ਬੱਧੀ ਮੁਲਾਜਮਾਂ ਦੀਆਂ ਡੀ.ਏ.ਦੀਆਂ ਕਿਸਤਾਂ/ਬਕਾਇਆ ਰੋਕ ਕੇ ਮੁਲਾਜਮ ਮਾਰੂ ਪੇ ਕਮਿਸਨ ਜਾਰੀ ਕਰਕੇ ਰਾਜ ਦੇ ਕੁੱਲ ਸਰਕਾਰੀ ਮੁਲਾਜਮਾਂ ਨਾਲ ਧ੍ਰੋਹ ਕਮਾਇਆ ਹੈ।ਰਿਪੋਰਟ ਮੈਡੀਕਲ ਭੱਤਾ ਇੱਕ ਹਜਾਰ ਦੀ ਬਜਾਏ ਪੰਜ ਸੌ ਰੁਪਏ ਹੀ ਦੇਣਾ,ਐਕਸਗਰੇਸੀਆ ਗਰਾਂਟ ਵਿੱਚ ਸਿਫਾਰਸ ਕੀਤੇ 20 ਲੱਖ ਦੀ ਬਜਾਏ ਕੇਵਲ 2 ਲੱਖ ਰੁਪਏ ਦੇਣਾ, ਲਗਾਤਾਰ ਵਧ ਰਹੀ ਮਹਿੰਗਾਈ ਦੇ ਬਾਵਜੂਦ ਮਹਿੰਗਾਈ ਭੱਤੇ ਦੀ ਦਰ ਘਟਾਉਣਾ,ਸਾਰੇ ਵਰਗਾਂ ਦੇ ਮਕਾਨ ਕਿਰਾਏ ਵਿੱਚ ਕਟੌਤੀ ਆਦਿ ਮੱਦਾਂ ਤਨਖਾਹ ਕਮਿਸਨ ਦੀਆਂ ਸਿਫਾਰਸਾਂ ਨੂੰ ਅੱਖੋਂ ਪਰੋਖੇ  ਕਰਕੇ ਮੁਲਾਜਮਾਂ ਨਾਲ ਕੀਤੇ ਧੋਖੇ ਦੇ ਪੁਖਤਾ ਸਬੂਤ ਹਨ।ਆਗੂਆਂ ਨੇ ਆਖਿਆ ਕਿ ‘ ਵਿੱਤ ਵਿਭਾਗ ਨੇ ਤਨਖਾਹ ਕਮਿਸ਼ਨ ਦੁਆਰਾ ਦਸੰਬਰ 2011 ਤੋਂ ਬਾਅਦ ਮੁਲਾਜਮਾਂ ਨੂੰ ਮਿਲੇ ਗਰੇਡ ਪੇਅ ਦੇ ਲਾਭ ਨੂੰ ਖੋਹਣ ਲਈ  2. 59 ਦੇ ਗੁਣਾਂਕ ਨੂੰ  2.25 ਦੇ ਗੁਣਾਂਕ ਵਿੱਚ ਬਦਲ ਕੇ ਆਪਣੇ ਮੁਲਾਜਮ ਵਿਰੋਧੀ ਚਿਹਰੇ ਨੂੰ ਜੱਗ ਜਾਹਰ ਕੀਤਾ ਹੈ।ਸੰਯੁਕਤ ਅਧਿਆਪਕ ਫਰੰਟ ਦੇ ਆਗੂਆਂ ਜਗਸੀਰ ਸਹੋਤਾ,ਜਗਦੀਸ ਕੁਮਾਰ,ਦੀਪ ਰਾਜਾ, ਗੁਰਜਿੰਦਰ ਸਿੰਘ ਫਤਹਿਗੜ ਸਾਹਿਬ,ਜਗਤਾਰ ਸਿੰਘ ਝੱਬਰ ਤੇ ਅਸਵਨੀ ਕੁਮਾਰ ਨੇ ਅਮਨਦੀਪ ਸਰਮਾ ਨੇ ਦੱਸਿਆ  ਕਿ ਲਾਗੂ ਕੀਤੀ ਰਿਪੋਰਟ ਵਿੱਚ ਮੁਲਾਜਮਾਂ ਨੂੰ ਪੁਰਾਣੇ ਮੁਲਾਜਮ, ਗਰੇਡ ਪੇ ਤੇ ਕੰਮ ਕਰਨ ਵਾਲੇ ਤੇ ਕੇਂਦਰੀ ਪੈਟਰਨ ਤੇ ਭਰਤੀ ਮੁਲਾਜਮਾਂ ਦੇ ਤਿੰਨ ਵਰਗ ਬਣਾ ਕੇ ਤਨਖਾਹਾਂ ਦੇਣ ਦੀ ਨੀਤੀ ਬਰਾਬਰ ਕੰਮ, ਬਰਾਬਰ ਤਨਖਾਹ ਦੇ ਸਵਿੰਧਾਨਕ ਨਿਯਮਾਂ ਦੀ ਉਲੰਘਣਾ ਹੈ। ਆਗੂਆਂ ਨੇ ਸਪੱਸਟ ਕੀਤਾ ਕਿ ਮੁਲਾਜਮਾਂ ਵੱਲੋਂ ਸੰਘਰਸਾ ਨਾਲ ਹਾਸਲ ਹੱਕਾਂ ਰੂਪੀ ਆਰਥਿਕ ਸਹੂਲਤਾਂ ਨੂੰ ਨਿੱਜੀਕਰਨ ਦੀਆਂ ਨੀਤੀਆਂ ਰੂਪੀ ਕੈਂਚੀ ਨਾਲ ਲਗਾਤਾਰ ਛਾਂਗ ਰਹੀ ਹੈ।ਜਿਸਦਾ ਪ੍ਰਤੱਖ ਸਬੂਤ ਨਵੀਂ ਪੈਨਸਨ ਸਕੀਮ ਹੈ।ਆਗੂਆਂ ਨੇ ਮੁਲਾਜਮਾਂ  ਦੀਆਂ ਲੰਬੇ ਸਮੇਂ ਤੋਂ ਰੋਕੀਆਂ ਡੀ. ਏ. ਦੀਆਂ ਚਾਰ ਕਿਸ਼ਤਾਂ,ਮਹਿੰਗਾਈ ਭੱਤੇ ਦਾ ਡੇਢ ਸੌ ਮਹੀਨੇ ਦਾ ਬਕਾਇਆ ਤੁਰੰਤ ਜਾਰੀ ਕਰਨ ਦੀ ਮੰਗ ਕਰਦਿਆਂ ਤਨਖਾਹ ਕਮਿਸ਼ਨ ਦੀਆਂ ਸਾਰੀਆਂ ਤਰੁੱਟੀਆਂ ਦੂਰ ਕਰਨ ਦੀ ਮੰਗ ਕੀਤੀ ਹੈ।ਆਗੂਆਂ ਨੇ ਸਾਰੇ ਕੱਚੇ ਮੁਲਾਜਮਾਂ ਨੂੰ ਰੈਗੂਲਰ ਕਰਨ, ਨਵੀਂ ਭਰਤੀ ਪੰਜਾਬ ਪੈਟਰਨ ਤੇ ਕਰਨ, ਠੇਕਾ ਭਰਤੀ ਦੀ ਥਾਂ ਰੈਗੂਲਰ ਭਰਤੀ ਕਰਨ,ਪੇ ਗਰੇਡਾਂ ਦੀਆਂ ਤਰੁਟੀਆਂ ਦੂਰ ਕਰਨ,ਪੁਰਾਣੀ ਪੈਨਸਨ ਸਕੀਮ ਬਹਾਲ ਕਰਨ ਤੇ ਵਿੱਤ ਵਿਭਾਗ ਦੁਆਰਾ ਜਾਰੀ ਕੀਤੀਆਂ ਮੁਲਾਜਮ ਅਤੇ ਵਿਰੋਧੀ ਤਜਵੀਜ਼ਾਂ ਰੱਦ ਕਰਨ ਦੀ ਮੰਗ ਕਰਦਿਆਂ ਐਲਾਨ ਕੀਤਾ ਕਿ 18 ਜੁਲਾਈ ਨੂੰ ਬਠਿੰਡਾ ਵਿਖੇ ਹੋਣ ਵਾਲੀ ਸੂਬਾਈ ਰੈਲੀ ਸਰਕਾਰੀ ਨੂੰ ਮਿਸਾਲੀ ਚੁਣੌਤੀ ਦੇਵੇਗੀ।ਸਮੂਹ ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਪੰਜਾਬ ਦੇ ਮੁਲਾਜਮਾਂ ਦੀਆਂ ਸਮੂਹ ਕੈਟਾਗਰੀਆਂ ‘ਤੇ 3.75 ਦਾ ਗੁਣਾਂਕ ਲਾਗੂ ਕਰਦੇ ਹੋਏ  ਪੇਅ ਕਮਿਸਨ ਦੀਆਂ ਸਿਫਾਰਸਾਂ ਅਨੁਸਾਰ ਭੱਤਿਆਂ ਵਿੱਚ ਵਾਧਾ ਕਰਕੇ ਛੇਵੇਂ ਪੇਅ ਕਮਿਸਨ ਦੀ ਰਿਪੋਰਟ ਲਾਗੂ ਕੀਤੀ ਜਾਵੇ।ਆਗੂਆਂ ਨੇ ਚਿਤਾਵਨੀ ਦਿੰਦਿਆਂ ਆਖਿਆ ਕਿ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ ਸੰਯੁਕਤ ਅਧਿਆਪਕ ਫਰੰਟ ਸਰਕਾਰ  ਖਲਿਾਫ ਤਿੱਖਾ ਸੰਘਰਸ ਛੇੜੇਗਾ। 

Post a Comment

0 Comments
* Please Don't Spam Here. All the Comments are Reviewed by Admin.