Type Here to Get Search Results !

ਮੁੱਖ ਮੰਤਰੀ ਵੱਲੋਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਮਾਣ ਭੱਤੇ ਵਿੱਚ 600 ਰੁਪਏ ਤੇ 300 ਰੁਪਏ ਦਾ ਵਾਧਾ ਕਰਨ ਨੂੰ ਆਂਗਣਵਾੜੀ ਯੂਨੀਅਨ ਨੇ ਦੱਸਿਆ ਹਾਸੋਹੀਣਾ

 - ਪਿਛਲੇਂ ਤਿੰਨ ਸਾਲਾਂ ਤੋਂ  ਪੰਜਾਬ ਸਰਕਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ 90 ਕਰੋੜ ਰੁਪਈਆ ਨੱਪੀ ਬੈਠੀ ਆ - ਹਰਗੋਬਿੰਦ ਕੌਰ

ਸ੍ਰੀ ਮੁਕਤਸਰ ਸਾਹਿਬ , 16 ਅਗਸਤ (ਸੁਖਪਾਲ ਸਿੰਘ ਢਿੱਲੋਂ)-  ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਅਜ਼ਾਦੀ ਦਿਵਸ ਮੌਕੇ ਐਲਾਨ ਕੀਤਾ ਹੈ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਮਾਣ ਭੱਤੇ ਵਿੱਚ ਕ੍ਰਮਵਾਰ 600 ਰੁਪਏ ਤੇ 300 ਰੁਪਏ ਦਾ ਵਾਧਾ ਕੀਤਾ ਜਾਂਦਾ ਹੈ । ਪਰ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਮੁੱਖ ਮੰਤਰੀ ਦੇ ਇਸ ਬਿਆਨ ਨੂੰ ਹਾਸੋਹੀਣਾ ਕਰਾਰ ਦਿੱਤਾ ਹੈ ਤੇ ਝੂਠ ਦਾ ਪੁਲੰਦਾ ਦੱਸਿਆ ਹੈ ।

ਕਿਉਂਕਿ ਇਹ ਪੈਸੇ ਤਾਂ ਪਿਛਲੇਂ ਤਿੰਨ ਸਾਲਾਂ ਤੋਂ ਪੰਜਾਬ ਸਰਕਾਰ ਸੂਬੇ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਨੱਪੀ ਬੈਠੀ ਸੀ । ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਹੈ ਕਿ  ਕੇਂਦਰ ਸਰਕਾਰ ਨੇ 2 ਅਕਤੂਬਰ 2018 ਨੂੰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਮਾਣ ਭੱਤੇ ਵਿਚ ਕ੍ਰਮਵਾਰ 1500 ਤੇ 750 ਦਾ ਵਾਧਾ ਕੀਤਾ ਸੀ । ਪਰ ਪੰਜਾਬ ਸਰਕਾਰ ਨੇ 1500 ਦੀ ਬਜਾਏ 900 ਤੇ 750 ਦੀ ਬਜਾਏ 450 ਦਿੱਤਾ ਸੀ ਅਤੇ 600 ਤੇ 300 ਰੁਪਏ ਪੰਜਾਬ ਸਰਕਾਰ ਉਦੋਂ ਦੀ ਨੱਪੀ ਬੈਠੀ ਸੀ । ਹਰਗੋਬਿੰਦ ਕੌਰ ਨੇ ਕਿਹਾ ਕਿ ਇਹ ਕੋਈ ਵਾਧਾ ਨਹੀਂ ਤੇ ਮੁੱਖ ਮੰਤਰੀ ਸਾਡੇ ਤੇ ਕੋਈ ਅਹਿਸਾਨ ਨਹੀਂ ਕਰ ਰਹੇ । ਇਹ ਸਾਡਾ ਹੱਕ ਸੀ ਤੇ ਇਹ ਪੈਸੇ ਲੈਣ ਲਈ ਜਥੇਬੰਦੀ ਤਿੰਨ ਸਾਲ ਤੋਂ ਸੰਘਰਸ਼ਸ਼ੀਲ ਹੈ । ਉਹਨਾਂ ਕਿਹਾ ਕਿ ਹੁਣ ਤਾਂ ਵੋਟਾਂ ਨੇੜੇ ਆਉਣ ਕਰਕੇ ਵੋਟਰਾਂ ਨੂੰ ਭਰਮਾਉਣ ਲਈ ਅਜਿਹੇ ਐਲਾਨ ਕੀਤੇ ਜਾ ਰਹੇ ਹਨ । ਉਹਨਾਂ ਕਿਹਾ ਕਿ ਪੰਜਾਬ ਸਰਕਾਰ ਪਿਛਲੇਂ ਤਿੰਨ ਸਾਲਾਂ ਤੋਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਲਗਭਗ 90 ਕਰੋੜ ਰੁਪਈਆ ਬਕਾਇਆ ਨੱਪੀ ਬੈਠੀ ਹੈ । ਜਥੇਬੰਦੀ ਦੀ ਮੰਗ ਹੈ ਕਿ ਪੰਜਾਬ ਸਰਕਾਰ ਸੂਬੇ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਹਰਿਆਣਾ ਪੈਟਰਨ ਦੇਵੇ । ਜਿੰਨਾ ਚਿਰ ਇਹ ਮੰਗ ਪੂਰੀ ਨਹੀਂ ਹੁੰਦੀ , ਉਦੋਂ ਤੱਕ ਜਥੇਬੰਦੀ ਸੰਘਰਸ਼ ਕਰਦੀ ਰਹੇਗੀ ।

Post a Comment

0 Comments
* Please Don't Spam Here. All the Comments are Reviewed by Admin.