Type Here to Get Search Results !

ਜਦੋਂ ਮੰਤਰੀ ਅਰੁਣਾ ਚੌਧਰੀ ਨੇ ਗੋਂਗਲੂਆਂ ਤੋਂ ਝਾੜੀ ਮਿੱਟੀ

- ਆਂਗਣਵਾੜੀ ਯੂਨੀਅਨ ਦੀਆਂ ਆਗੂਆਂ ਨੂੰ ਖੁਸ਼ ਕਰਨ ਲਈ ਮੰਤਰੀ ਅਰੁਣਾ ਚੌਧਰੀ ਨੇ ਖੁਵਾਇਆ ਦੁਪਿਹਰ ਦਾ ਖਾਣਾ

- ਅਜੇ ਵੀ ਨਰਾਜ਼ ਹਨ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀਆਂ ਆਗੂ , ਕਿਹਾ ਇਹ ਗੱਲਾਂ ਸਾਨੂੰ ਨਹੀਂ ਮਨਜ਼ੂਰ

ਚੰਡੀਗੜ੍ਹ , 27 ਅਗਸਤ (ਸੁਖਪਾਲ ਸਿੰਘ ਢਿੱਲੋਂ )- ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀ ਮੰਤਰੀ ਮੈਡਮ ਅਰੁਣਾ ਚੌਧਰੀ ਵੱਲੋਂ ਅੱਜ ਆਂਗਣਵਾੜੀ ਯੂਨੀਅਨ ਦੀਆਂ ਆਗੂਆਂ ਨੂੰ ਖੁਸ਼ ਕਰਨ ਲਈ ਪੰਜਾਬ ਭਵਨ ਚੰਡੀਗੜ੍ਹ ਵਿਖੇ ਬੁਲਾ ਕੇ ਉਹਨਾਂ ਨੂੰ ਖੁਸ਼ ਕਰਨ ਲਈ ਦੁਪਹਿਰ ਦਾ ਖਾਣਾ ਖੁਆਇਆ ਗਿਆ । ਪਰ ਫੇਰ ਵੀ ਮੰਤਰੀ ਆਪਣੀ ਗੱਲ ਪੁਗਾਉਣ ਲਈ ਕਾਮਯਾਬ ਨਹੀਂ ਹੋ ਸਕੇ । ਕਿਉਂਕਿ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀਆਂ ਆਗੂਆਂ ਮੰਤਰੀ ਦੀ ਕਾਰਗੁਜ਼ਾਰੀ ਤੇ ਅਜੇ ਖੁਸ਼ ਨਹੀਂ ਹਨ ਤੇ ਨਰਾਜ਼ ਚੱਲ ਰਹੀਆਂ ਹਨ । ਵਰਨਣਯੋਗ ਹੈ ਕਿ ਮੰਤਰੀ ਵੱਲੋਂ ਆਗੂਆਂ ਨੂੰ ਲਿਖਤੀ ਤੌਰ ਤੇ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਸੱਦਾ ਪੱਤਰ ਭੇਜਿਆ ਗਿਆ ਸੀ ਅਤੇ ਨਾਲ ਹੀ ਇਹ ਵੀ ਲਿਖਿਆ ਗਿਆ ਸੀ ਕਿ ਮੀਟਿੰਗ ਦੌਰਾਨ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਬਾਰੇ ਕੋਈ ਗੱਲਬਾਤ ਨਹੀਂ ਹੋਵੇਗਾ ਤੇ ਸਿਰਫ਼ ਮਹਿਕਮੇ ਦੀਆਂ ਸਕੀਮਾਂ ਦੱਸਣੀਆਂ ਹਨ । ਭਰੋਸੇਯੋਗ ਸੂਤਰਾਂ ਅਨੁਸਾਰ ਮੰਤਰੀ ਅਰੁਣਾ ਚੌਧਰੀ ਅਸਲ ਵਿੱਚ ਯੂਨੀਅਨ ਦੀਆਂ ਆਗੂਆਂ ਕੋਲੋਂ ਉਸ ਮਤੇ ਤੇ ਦਸਤਖ਼ਤ ਕਰਵਾਉਣਾ ਚਾਹੁੰਦੇ ਸਨ ਕਿ 15 ਅਗਸਤ ਵਾਲੇ ਦਿਨ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਵਰਕਰਾਂ ਤੇ ਹੈਲਪਰਾਂ ਦੇ ਮਾਣ ਭੱਤੇ ਵਿੱਚ ਜੋ ਕ੍ਰਮਵਾਰ 600 ਤੇ 300 ਰੁਪਏ ਦਾ ਵਾਧਾ ਕੀਤਾ ਹੈ , ਉਸ ਦਾ ਧੰਨਵਾਦ ਕੀਤਾ ਜਾਵੇ । ਪਰ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ , ਸੂਬਾ ਦਫ਼ਤਰ ਸਕੱਤਰ ਛਿੰਦਰਪਾਲ ਕੌਰ ਥਾਂਦੇਵਾਲਾ , ਸਤਵੰਤ ਕੌਰ ਭੋਗਪੁਰ ਤੇ ਗੁਰਅੰਮ੍ਰਿਤ ਕੌਰ ਸਿੱਧਵਾਂ ਬੇਟ ਜੋ ਮੰਤਰੀ ਦੀ ਮੀਟਿੰਗ ਵਿੱਚ ਹਾਜ਼ਰ ਸਨ ਨੇ ਕਿਹਾ ਕਿ ਇਹਦੇ ਵਿੱਚ ਮਾਣ ਭੱਤੇ ਵਿੱਚ ਵਾਧਾ ਕਰਨ ਵਾਲੀ ਕਿਹੜੀ ਗੱਲ ਹੈ । ਇਹ ਪੈਸੇ ਤਾਂ ਅਕਤੂਬਰ 2018 ਵਿੱਚ ਕੇਂਦਰ ਸਰਕਾਰ ਨੇ ਵਧਾਏ ਸਨ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਪੰਜਾਬ ਸਰਕਾਰ ਇਹ ਪੈਸੇ ਵਰਕਰਾਂ ਤੇ ਹੈਲਪਰਾਂ ਦੇ ਨੱਪੀ ਬੈਠੀ ਸੀ । ਉਹਨਾਂ ਕਿਹਾ ਕਿ ਉਹ ਤਾਂ ਹਰਿਆਣਾ ਪੈਟਰਨ ਮੰਗਦੀਆਂ ਹਨ ਪਰ ਪੰਜਾਬ ਸਰਕਾਰ ਗੋਂਗਲੂਆਂ ਤੋਂ ਮਿੱਟੀ ਝਾੜ ਰਹੀ ਹੈ , ਜੋ ਸਾਨੂੰ ਮਨਜ਼ੂਰ ਨਹੀਂ । ਹਰਿਆਣੇ ਵਿੱਚ ਵਰਕਰਾਂ ਨੂੰ ਲਗਭਗ 12 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਮਿਲ ਰਿਹਾ ਹੈ । ਉਹਨਾਂ ਸਪਸ਼ਟ ਕੀਤਾ ਕਿ ਸਾਡੀ ਜਥੇਬੰਦੀ ਦਾ ਸੰਘਰਸ਼ ਜਾਰੀ ਰਹੇਗਾ ਤੇ ਸਰਕਾਰ ਨਾਲ ਕੋਈ ਸਮਝੌਤਾ ਨਹੀਂ ।

Post a Comment

0 Comments
* Please Don't Spam Here. All the Comments are Reviewed by Admin.