Type Here to Get Search Results !

ਪੰਜ ਪਾਣੀਆਂ ਦੇ ਪੰਜਾਬ ਵਿਚ ਪਾਣੀ ਦੇ ਪੱਧਰ ਦਾ ਘਟ ਜਾਣ ਦਾ ਕੱਚ ਤੇ ਸੱਚ


ਖੇਤੀਬਾੜੀ ਦਾ ਸਾਉਣੀ ਦਾ ਮੌਸਮ ਆਉਂਦਾ ਹੈ ਤਾਂ ਕਿਸਾਨ ਜੀਰੀ ਲਗਾਉਣ ਵੱਲ ਤੁਰ ਪੈਂਦੇ ਹਨ।ਫੇਰ ਸਰਕਾਰ ਅਨੇਕਾਂ ਪਾਬੰਦੀਆਂ ਲਗਾਉਂਦੀ ਹੈ ਕਿ ਝੋਨਾ(ਜੀਰੀ)ਸਿੱਧੇ ਰੂਪ ਵਿਚ ਬੀਜੋ ਜਾਂ ਘੱਟ ਤੋ ਘੱਟ ਲਗਾਓ ਕਿਉਂਕਿ ਪੰਜਾਬ ਵਿੱਚ ਪਾਣੀ ਦਾ ਪੱਧਰ ਥੱਲੇ ਜਾ ਰਿਹਾ ਹੈ।ਕਿਸਾਨ ਕਣਕ ਤੇ ਜੀਰੀ ਨੂੰ ਪਹਿਲ ਦਿੰਦੇ ਹਨ ਉਸ ਦਾ ਕਾਰਨ ਸਰਕਾਰ ਇਨ੍ਹਾਂ ਫ਼ਸਲਾਂ ਦਾ ਮੁੱਲ ਤੈਅ ਕਰਦੀ ਹੈ।ਕਿਉਂਕਿ ਸੱਤਰਵੇਂ ਦਹਾਕੇ ਵਿੱਚ ਸਾਨੂੰ ਵਿਦੇਸ਼ਾਂ ਤੋਂ ਖਾਣ ਲਈ ਅਨਾਜ ਮੰਗਵਾਉਣਾ ਪੈਂਦਾ ਸੀ ਜਿਸ ਲਈ ਸਰਕਾਰ ਦੀ ਮਜਬੂਰੀ ਬਣ ਗਈ ਤੇ ਹਰ ਸਾਲ ਮੁੱਲ ਨਿਰਧਾਰਤ ਕਰ ਦਿੱਤੇ ਜਦੋਂ ਕਿ ਇਸ ਤੋਂ ਪਹਿਲਾਂ ਖੇਤਾਂ ਵਿੱਚ ਕਣਕ ਤੇ ਜੀਰੀ ਸਿਰਫ਼ ਜ਼ਰੂਰਤ ਅਨੁਸਾਰ   ਲਗਾਈ ਜਾਂਦੀ ਸੀ।ਦਾਲਾਂ ਗੰਨੇ ਸਬਜ਼ੀਆਂ ਕਪਾਹ ਨੂੰ ਪਹਿਲ ਦਿੱਤੀ ਜਾਂਦੀ ਸੀ।ਸਰਕਾਰ ਨੂੰ ਸਿਰਫ਼ ਚੌਲ ਅਤੇ ਕਣਕ ਦੇ ਆਟੇ ਦੀ ਜ਼ਰੂਰਤ ਸੀ ਜਿਸ ਲਈ ਮੁੱਲ ਨਿਰਧਾਰਤ ਕਰ ਦਿੱਤੇ ਗਏ ਦੂਸਰੀਆਂ ਜਿਣਸਾਂ ਦਾ ਕੋਈ ਪੱਕਾ ਮੁੱਲ ਤੈਅ ਨਹੀਂ ਕੀਤਾ ਜਾਂਦਾ ਨਾ ਹੀ ਮੰਡੀ ਵਾਲੇ ਸਹੀ ਰੂਪ ਵਿੱਚ ਖ਼ਰੀਦਦੇ ਹਨ ਜਿਣਸਾਂ ਸਬਜ਼ੀਆਂ ਤੇ ਦਾਲਾਂ ਰੁਲਦੀਆਂ ਵੇਖ ਕੇ ਕਿਸਾਨ ਚੌਲਾਂ ਅਤੇ ਕਣਕ ਵੱਲ ਝੁਕ ਗਏ।ਇਨ੍ਹਾਂ ਦੋਨਾਂ ਫ਼ਸਲਾਂ ਲਈ ਪਾਣੀ ਦੀ ਤਾਂ ਜ਼ਰੂਰਤ ਹੈ,ਕਣਕ ਤਾਂ ਮੇਰੇ ਖਿਆਲ ਅਨੁਸਾਰ ਪਾਣੀ ਥੋੜ੍ਹਾ ਖਾਂਦੀ ਹੈ ਪਰ ਜੀਰੀ ਪੀਂਦੀ ਹੈ।ਸਰਕਾਰ ਨੇ ਟਿਊਬਵੈਲਾਂ ਦੇ ਬਿੱਲ ਮਾਫ ਕਰ ਦਿੱਤੇ,ਕਣਕ ਤੇ ਜੀਰੀ ਲਈ ਹੋਰ ਸਹੂਲਤਾਂ ਦਿੱਤੀਆਂ ਫਿਰ ਕਿਸਾਨਾਂ ਨੇ ਤਾਂ ਇਸ ਪਾਸੇ ਆਉਣਾ ਹੀ ਸੀ।ਪਾਣੀ ਦਾ ਪੱਧਰ ਬਹੁਤ ਥੱਲੇ ਜਾ ਚੁੱਕਿਆ ਹੈ ਹੁਣ ਸਰਕਾਰ ਜੀਰੀ ਘੱਟ ਲਾਓ ਦਾ ਰਾਗ ਅਲਾਪਣ ਲੱਗੀ ਪਰ ਦੂਸਰੀਆਂ ਫ਼ਸਲਾਂ ਦਾ ਕੋਈ ਮੁੱਲ ਤੈਅ ਨਹੀਂ ਕੀਤਾ ਜਾਂਦਾ।ਕਿਸਾਨਾਂ ਨੂੰ ਵੀ ਧਰਤੀ ਵਿੱਚੋਂ ਪਾਣੀ ਪ੍ਰਾਪਤ ਕਰਨ ਲਈ ਬਹੁਤ ਮਹਿੰਗੇ ਬੋਰ ਤੇ ਟਿਊਬਵੈੱਲ ਲਗਾਉਣੇ ਪੈ ਰਹੇ ਹਨ,ਜਿਸ ਨਾਲ ਸਿੱਧੇ ਰੂਪ ਵਿਚ ਵੀ ਜੀਰੀ ਦੀ ਬਿਜਾਈ ਕਰਨ ਲੱਗੇ ਹਨ।ਇਹ ਕੌੜਾ ਸੱਚ ਹੈ ਕਿਸਾਨ ਜਾਣਦੇ ਹਨ ਕਿ ਪਾਣੀ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਪਰ ਉਹ ਕਰਨ ਕੀ ਸਰਕਾਰ ਪਾਣੀ ਘੱਟ ਵਰਤੋ ਦੇ ਪ੍ਰਚਾਰ ਲਈ ਕਰੋੜਾਂ ਰੁਪਿਆ ਖਰਚ ਕਰ ਦਿੰਦੀ ਹੈ। ਪਰ ਪਾਣੀ ਖੇਤਾਂ ਵਿਚ ਕਿਉਂ ਖ਼ਰਾਬ ਹੋ ਰਿਹਾ ਹੈ ਇਸ ਬਾਰੇ ਸੋਚਿਆ ਹੀ ਨਹੀਂ ਇਲਾਜ ਕੀ ਕਰਨਾ ਹੈ।ਕਿਸਾਨਾਂ ਦਾ ਇਹੋ ਹਾਲ ਹੈ "ਮਰਦੀ ਨੇ ਅੱਕ ਚੱਬਿਆ" ਪਰ ਗ਼ਲ਼ਤੀ ਪੂਰਨ ਰੂਪ ਵਿੱਚ ਰਾਜ ਤੇ ਕੇਂਦਰ ਸਰਕਾਰ ਦੀ ਹੈ। ਚਲੋ ਮੰਨ ਲੈਂਦੇ ਹਾਂ ਜੀਰੀ ਲਈ ਪਾਣੀ ਇਕ ਮਹੀਨੇ ਤੋਂ ਘੱਟ ਸਮੇਂ ਲਈ  ਵੱਧ ਦਿੱਤਾ ਜਾਂਦਾ ਹੈ।ਹੋਰ ਰੋਜ਼ਾਨਾ ਪਾਣੀ ਦੀ ਬਰਬਾਦੀ ਦੇ ਅਨੇਕਾਂ ਠੋਸ ਵੱਖ ਵੱਖ ਤਰੀਕੇ ਹਨ।ਜਿਨ੍ਹਾਂ ਬਾਰੇ ਅਸੀਂ ਤੇ ਸਰਕਾਰਾਂ ਜ਼ਿੰਮੇਵਾਰ ਹਨ ਪਰ ਸੋਚਣਾ ਵੇਖਣਾ ਸਾਡੀ ਆਦਤ ਨਹੀਂ,ਸਰਕਾਰਾਂ ਨੂੰ ਕੁਰਸੀ ਤੋਂ ਬਿਨਾਂ ਕੁਝ ਸੁਝਦਾ ਨਹੀਂ ਤੇ ਵਿਖਾਈ ਤਾਂ ਕੀ ਦੇਣਾ ਹੈ।ਸ਼ਹਿਰਾਂ ਵਾਂਗ ਹੁਣ ਪਿੰਡਾਂ ਵਿੱਚ ਵੀ ਸੀਵਰੇਜ ਦਾ ਸਿਸਟਮ ਚਾਲੂ ਹੋ ਚੁੱਕਿਆ ਹੈ।ਸ਼ਹਿਰਾਂ ਵਾਂਗ ਪਿੰਡਾਂ ਵਿੱਚ ਵੀ ਘਰ ਘਰ ਟੁਆਇਲਟ ਸਥਾਪਤ ਕੀਤੀਆਂ ਜਾ ਚੁੱਕੀਆਂ ਹਨ।ਇੱਕ ਵਾਰ ਪੇਸ਼ਾਬ ਕਰਨ ਗਏ ਜਿਸ ਦੀ ਮਾਤਰਾ ਮੰਨ ਲਓ 50 ਕੁ ਗ੍ਰਾਮ ਹੁੰਦੀ ਹੈ,ਉਸ ਨੂੰ ਪਲੱਸ ਜਾਣੀ ਕਿ ਕੀਤੀ ਕਰਾਈ ਤੇ ਪਾਣੀ ਫੇਰਨ ਲਈ ਦੱਸ ਲਿਟਰ ਪਾਣੀ ਬਰਬਾਦ ਹੋ ਜਾਂਦਾ ਹੈ।ਅਸੀਂ ਜਾਂ ਸਰਕਾਰ ਨੇ ਕਦੇ ਇਸ ਬਾਰੇ ਸੋਚਿਆ ਹੈ।ਪਾਣੀ ਪੰਜਾਬ ਦਾ ਕੁਝ ਕੁ ਜ਼ਿਲ੍ਹਿਆਂ ਵਿੱਚ ਪੀਣ ਦੇ ਕਾਬਲ ਨਹੀਂ,ਉਹ ਬਹੁਤ ਸਾਲਾਂ ਤੋਂ ਨਹਿਰੀ ਪਾਣੀ ਪੀਣ ਲਈ ਵਰਤੋਂ ਵਿੱਚ ਲਿਆਉਂਦੇ ਹਨ ਜਿਸ ਵਿੱਚ ਬਠਿੰਡਾ ਤੇ ਮਾਨਸਾ ਮੁੱਖ ਹੈ  ਸਾਡੇ ਕਾਰਪੋਰੇਟ ਵਪਾਰਕ ਘਰਾਣਿਆਂ ਨੂੰ ਕਮਾਈ ਦਾ ਇਕ ਬਹੁਤ ਵਧੀਆ ਸਾਧਨ ਮਿਲ ਗਿਆ ਆਰ.ਓ. ਬਾਜ਼ਾਰ ਵਿੱਚ ਲੈ ਆਏ ਤੇ ਪਾਣੀ ਪੂਰਨ ਰੂਪ ਵਿੱਚ ਸਾਫ਼ ਹੋ ਜਾਂਦਾ ਹੈ ਉਸ ਦਾ ਪ੍ਰਚਾਰ ਜ਼ੋਰ ਸ਼ੋਰ ਨਾਲ ਸ਼ੁਰੂ ਕੀਤਾ ਤੇ ਹੋ ਰਿਹਾ ਹੈ।ਇਹ ਪਾਣੀ ਨੂੰ ਫਿਲਟਰ ਜ਼ਰੂਰ ਕਰਦਾ ਹੈ ਪਰ ਜੋ ਗੰਧਲੇ ਤੇ ਜ਼ਹਿਰੀਲੇ ਤੱਤ ਹਨ ਉਹ ਪੂਰਨ ਰੂਪ ਵਿਚ ਇਸ ਰਾਹੀਂ ਸਾਫ਼ ਨਹੀਂ ਹੁੰਦੇ,ਪਰ ਸਾਡੇ ਪੰਜਾਬੀਆਂ ਲਈ ਇਹ ਮਾਣ ਵਾਲੀ ਗੱਲ ਬਣ ਗਈ ਕਿ ਅਸੀਂ ਤਾਂ ਆਰ ਓ ਦਾ ਸਾਫ ਪਾਣੀ ਪੀਂਦੇ ਹਾਂ ਤੇ ਘਰ ਘਰ ਇਹ ਫਿੱਟ ਕਰ ਲਏ ਗਏ।ਆਰ ਓ ਤੋਂ   ਇੱਕ ਲਿਟਰ ਪਾਣੀ ਪ੍ਰਾਪਤ ਕਰਨ ਲਈ ਤਿੰਨ ਲਿਟਰ ਪਾਣੀ  ਸਾਡੀਆਂ ਨਾਲੀਆਂ ਵਿਚ ਵਹਾ ਦਿੰਦਾ ਹੈ।ਜੇ ਆਪਾਂ ਹਰ ਰੋਜ਼ ਦੋ ਕਰੋੜ ਲਿਟਰ ਪਾਣੀ ਪ੍ਰਾਪਤ ਕਰੀਏ ਤਾਂ ਛੇ ਕਰੋੜ ਲਿਟਰ ਪਾਣੀ ਸੀਵਰੇਜ ਵਾਲੀ ਲਾਈਨ ਵਿੱਚ ਚਲਾ ਜਾਂਦਾ ਹੈ। ਬਾਜ਼ਾਰ ਵਿਚੋਂ ਮਹਿੰਗੇ ਭਾਅ ਦੀਆਂ ਪਾਣੀ ਦੀਆਂ ਬੋਤਲਾਂ ਮਿਲਦੀਆਂ ਹਨ ਜੋ ਅਸੀਂ ਵਰਤੋਂ ਵਿਚ ਲਿਆ ਕੇ ਵਿਖਾਵਾਕਾਰੀ ਅਮੀਰ ਬਣਨ ਦੀ ਕੋਸ਼ਿਸ਼ ਕਰਦੇ ਹਾਂ।ਇਕ ਲਿਟਰ ਦੀ ਬੋਤਲ ਵਿੱਚ ਫਿਲਟਰ ਕਰ ਕੇ ਪਾਣੀ ਭਰਨ ਨਾਲ ਚਾਰ ਲਿਟਰ ਪਾਣੀ ਖ਼ਰਾਬ ਹੋ ਜਾਂਦਾ ਹੈ।ਕੀ ਸਾਡੇ ਕੋਲ ਪੱਕੀ ਕੋਈ ਗਰੰਟੀ ਹੈ ਕਿ ਬੋਤਲ ਦਾ ਪਾਣੀ ਪੂਰਨ ਰੂਪ ਵਿਚ ਸ਼ੁੱਧ ਹੁੰਦਾ ਹੈ?ਵੀਹ ਕੁ ਰੁਪਏ ਖ਼ਰਚ ਕੇ ਉਹ ਪਾਣੀ ਦੀ ਬੋਤਲ ਵਰਤੋਂ ਵਿਚ ਲਿਆਉਣਾ ਆਪਣੀ ਸ਼ਾਨ ਸਮਝਦੇ ਹਾਂ ਪਰ ਆਪਣਾ ਨੁਕਸਾਨ ਕੀ ਹੋ ਰਿਹਾ ਹੈ,ਅਜਿਹਾ ਸੋਚਣਾ ਆਪਣਾ ਕੰਮ ਹੀ ਨਹੀਂ।ਸ਼ਹਿਰ ਵਿੱਚ ਦੁਕਾਨਾਂ ਵਾਲੇ ਵਿਉਪਾਰੀ ਵਰਗ ਤੋਂ ਕੈਂਪਰ ਪਾਣੀ ਦੇ ਭਰੇ ਹੋਏ ਖਰੀਦਦੇ ਹਨ,ਪਤਾ ਨੀ ਉਹ ਪਾਣੀ ਪੂਰਨ ਰੂਪ ਵਿੱਚ ਸਾਫ਼ ਹੁੰਦਾ ਹੈ ਕਿ ਵੈਸੇ ਹੀ ਭਰ ਲਿਆਂਦਾ ਜਾਂਦਾ ਹੈ,ਫ਼ਾਇਦਾ ਨੁਕਸਾਨ ਕਦੇ ਸੋਚਿਆ ਨਹੀਂ ਬਸ ਸਾਡੀ ਦੁਕਾਨ ਦੀ ਸ਼ਾਨ ਹੈ ਅਸੀਂ ਸਾਫ ਪਾਣੀ ਪੀਂਦੇ ਹਾਂ। ਸ਼ਹਿਰਾਂ ਤੇ ਪਿੰਡਾਂ ਵਿੱਚ ਹੁਣ ਸਰਕਾਰ ਵੱਲੋਂ ਟੈਂਕੀਆਂ ਤੋਂ ਪਾਣੀ ਭੇਜਿਆ ਜਾਂਦਾ ਹੈ ਉਸ ਦਾ ਸ਼ੁੱਧੀਕਰਨ ਵੀ ਕੀਤਾ ਜਾਂਦਾ ਹੈ ਚਲੋ ਬਹੁਤ ਸਾਡੇ ਭਲੇ ਦਾ ਮਾਮਲਾ ਹੈ।ਸਾਡੇ ਸ਼ਹਿਰੀ ਤੇ ਪੇਂਡੂ ਚੁਣੇ ਮੁਖੀ ਆਪਣੇ ਆਪਣੇ ਇਲਾਕੇ ਵਿਚ ਥਾਂ ਥਾਂ ਤੇ ਮੁਫ਼ਤ ਦੀਆਂ ਟੂਟੀਆਂ ਲਗਵਾ ਲੈਂਦੇ ਹਨ।ਉਹ  ਟੂਟੀਆਂਲਗਵਾਉਣ ਤੋਂ ਥੋੜ੍ਹੇ ਦਿਨ ਬਾਅਦ ਕਬਾੜੀਆਂ ਦੇ ਧੱਕੇ ਚੜ੍ਹ ਜਾਂਦੀਆਂ ਹਨ ਜਦੋਂ ਵੀ ਪਾਣੀ ਦੀ ਸਪਲਾਈ ਆਉਂਦੀ ਹੈ ਉਥੋਂ ਲਗਾਤਾਰ ਪਾਣੀ ਧੜਾ ਧੜ ਨਿਕਲਦਾ ਰਹਿੰਦਾ ਹੈ,ਪਰ ਸਾਡੇ ਕਈ ਨੇਤਾ ਤੇ ਜਨਤਾ ਦਾ ਇਕੋ ਹੀ ਕੰਮ ਹੈ"ਆਪਣਾ ਕੰਮ ਕੀਤਾ ਖਸਮਾਂ ਨੂੰ ਖਾਵੇ ਜੀਤਾ।" ਸਾਨੂੰ ਸਾਝੀ ਚੀਜ਼ ਤੇ ਸਾਂਝੀ ਥਾਂ ਘੱਟ ਹੀ ਵਿਖਾਈ ਦਿੰਦੀ ਹੈ ਜ਼ੋਰ ਸ਼ੋਰ ਨਾਲ ਪਾਣੀ ਵਹਿੰਦਾ ਸੁਣਾਈ ਤਾਂ ਦੇ ਹੀ ਨਹੀਂ ਸਕਦਾ।ਹਰ ਘਰ ਵਿੱਚ ਮਹਿੰਗੀਆਂ ਖਰੀਦੀਆਂ ਗੱਡੀਆਂ ਹਨ ਉਨ੍ਹਾਂ ਨੂੰ ਵੀ ਤਕਰੀਬਨ ਹਰ ਰੋਜ਼ ਖੁੱਲ੍ਹੇ ਪਾਣੀ ਨਾਲ ਇਸ਼ਨਾਨ ਕਰਵਾ ਕੇ ਗੈਰਾਜ ਵਿਚ ਖੜ੍ਹਾ ਕੀਤਾ ਜਾਂਦਾ ਹੈ।ਸ਼ਹਿਰਾਂ ਵਾਂਗ ਪਿੰਡਾਂ ਵਿੱਚ ਵੀ ਹੁਣ ਘਰ ਕੋਠੀਆਂ ਬਣ ਗਏ ਜਿਸ ਦਾ ਇੱਕ ਖ਼ਾਸ ਪਾਰਕ ਹੁੰਦਾ ਹੈ ਉਸ ਵਿੱਚ ਘਾਹ ਤੇ ਸੁੰਦਰਤਾ ਵਧਾਉਣ ਲਈ ਕੁਝ ਬੂਟੇ ਲਗਾਏ ਹੁੰਦੇ ਹਨ ਜਿਨ੍ਹਾਂ ਲਈ ਖਾਸ ਤੌਰ ਤੇ ਪਾਣੀ ਦੇਣ ਲਈ ਫੁਹਾਰਾ ਲਗਾਇਆ ਹੁੰਦਾ ਹੈ।ਸ਼ਾਮ ਦਾ ਚਾਹ ਪਾਣੀ ਤੇ ਮਦਿਰਾ ਪਾਨ ਜ਼ਿਆਦਾ ਉਸ ਪਾਰਕ ਵਿੱਚ ਹੀ ਹੁੰਦਾ ਹੈ ਫੇਰ ਚਮਕਦੀਆਂ ਬੱਤੀਆਂ ਨਾਲ ਫੁਹਾਰਾ ਵੀ ਚਲਾਉਣਾ ਸ਼ਾਨ ਬਣ ਗਿਆ ਹੈ। ਆਓ ਵਿਚਾਰੀਏ ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨਾਂ ਨੂੰ ਖ਼ਤਮ ਕਰਾਉਣ ਲਈ ਸਾਡੇ ਕਿਸਾਨ ਮਜ਼ਦੂਰ ਦਿੱਲੀ ਨੂੰ ਘੇਰ ਕੇ ਬੈਠੇ ਹਨ  ।ਇਹ ਮੋਰਚਾ ਇਨਕਲਾਬੀ ਰੂਪ ਧਾਰ ਚੁੱਕਿਆ ਹੈ ਬਹੁਤ ਜਲਦੀ ਜਿੱਤ ਪ੍ਰਾਪਤ ਕਰ ਲਵਾਂਗੇ ਜਿਸ ਨਾਲ ਸਾਰੀਆਂ ਜਿਣਸਾਂ ਸਬਜ਼ੀਆਂ  ਤੇ ਦਾਲਾਂ ਦੇ ਭਾਅ ਆਪਣੇ ਜ਼ੋਰ ਨਾਲ ਹਰ ਸਰਕਾਰ ਤੋਂ ਸਥਾਪਤ ਕਰਾਉਣ ਦੇ ਕਾਬਿਲ ਹੋ ਜਾਵਾਂਗੇ।ਸਹੀ ਰੂਪ ਵਿੱਚ ਲੋੜ ਅਨੁਸਾਰ ਆਪਾਂ ਫ਼ਸਲਾਂ ਪੈਦਾ ਕਰਾਂਗੇ,ਨਹਿਰੀ  ਪਾਣੀ ਜੋ ਆਪਣਾ ਹੈ ਆਪਾਂ ਆਪਣੀ ਲੋੜ ਅਨੁਸਾਰ ਸਰਕਾਰ ਤੋਂ ਹਿੱਕ ਦੇ ਜ਼ੋਰ ਨਾਲ ਲਵਾਂਗੇ ਜਿਸ ਨਾਲ ਧਰਤੀ ਵਿੱਚੋਂ ਪਾਣੀ ਕੱਢਣ ਦੀ ਘੱਟ ਜ਼ਰੂਰਤ ਪਵੇਗੀ ਤੇ ਨਹਿਰਾਂ ਜ਼ਿਆਦਾ ਪਾਣੀ ਦੀ ਸਪਲਾਈ ਲਗਾਤਾਰ ਦੇਣ ਤਾਂ ਧਰਤੀ ਵਿਚ ਪਾਣੀ ਦਾ ਪੱਧਰ ਵੀ ਉਪਰ ਆ ਜਾਂਦਾ ਹੈ।ਆਪਣੇ ਕਿਸਾਨ ਮਜ਼ਦੂਰ ਸਬਰ ਸੰਤੋਖ ਨਾਲ ਮੋਰਚਾ ਲਗਾ ਕੇ ਬੈਠੇ ਹਨ ਜਿੱਤ ਸਾਹਮਣੇ ਕੰਧ ਤੇ ਉੱਕਰੀ ਹੋਈ ਹੈ।ਕਿਸਾਨ ਮਜ਼ਦੂਰ ਮੋਰਚੇ ਨੇ ਸਾਨੂੰ ਬਹੁਤ ਜਾਗਰੂਕ ਕੀਤਾ ਹੈ ਸਾਡਾ ਅੱਜ ਹਰ ਕੋਈ ਵਿਅਕਤੀ ਪ੍ਰਸ਼ਾਸਨ ਤੇ ਰਾਜਨੀਤੀਵਾਨਾਂ ਤੋਂ ਕੰਮ ਕਿਵੇਂ ਲੈਣੇ ਹਨ,ਸੋਲਾਂ ਆਨੇ ਸੰਪੂਰਨ ਸਿੱਖਿਆ ਲੈ ਕੇ ਬੈਠੇ ਹਨ।ਪਾਣੀ ਥੱਲੇ ਜਾ ਰਿਹਾ ਹੈ ਜਿਸ ਵਿਚ ਆਪਣਾ ਸਾਰਿਆਂ ਦਾ ਕਿਸੇ ਨਾ ਕਿਸੇ ਰੂਪ ਵਿਚ ਹਿੱਸਾ ਹੈ।ਆਪਣੀਆਂ ਸਮਾਜਿਕ ਜਥੇਬੰਦੀਆਂ,ਪੰਚਾਇਤਾਂ ਨਗਰ ਪਾਲਕਾ ਤੇ ਕਾਰਪੋਰੇਸ਼ਨਾਂ ਨੂੰ ਜਨਤਾ ਨਾਲ ਮੀਟਿੰਗਾਂ ਕਰ ਕੇ ਪਾਣੀ ਨੂੰ ਬਚਾਉਣ ਦੀ ਵਿਚਾਰ ਚਰਚਾ ਕਰਨੀ ਚਾਹੀਦੀ ਹੈ ਕੋਈ ਬਹੁਤਾ ਵੱਡਾ ਕੰਮ ਨਹੀਂ ਹੈ।ਬੱਸ ਖ਼ੁਦ ਜਾਗੋ ਤੇ ਹਰ ਕੋਈ ਸੋਚੇ ਕਿ ਆਪਾਂ ਨੇ ਪਾਣੀ ਬਚਾਉਣਾ ਹੈ,ਜਿਸ ਦਿਨ ਆਪਾਂ ਜਾਗ ਪਏ ਤੇ ਸੋਚਣ ਲੱਗ ਪਏ ਮਸਲਾ ਆਪਣੇ ਆਪ ਹੱਲ ਹੋ ਜਾਵੇਗਾ।  

ਰਮੇਸ਼ਵਰ ਸਿੰਘ ਪਟਿਆਲਾ 

ਸੰਪਰਕ ਨੰਬਰ-9914880392

Tags

Post a Comment

0 Comments
* Please Don't Spam Here. All the Comments are Reviewed by Admin.