- ਘਟਨਾਕ੍ਰਮ ਨੂੰ ਲੈ ਕੇ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ -
ਬੁਢਲਾਡਾ 5 ਅਗਸਤ (ਬਲਵਿੰਦਰ ਜਿੰਦਲ )ਸ਼ਹਿਰ ਵਿਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਸਥਾਨਕ ਫੁੱਟਬਾਲ ਚੋਕ ਤਿਕੋਣੀ ਨਜ਼ਦੀਕ ਇਕ ਦੁਕਾਨਦਾਰ ਤੋਂ ਅਣਪਛਾਤੇ ਵਿਅਕਤੀਆਂ ਵੱਲੋਂ ਬੰਦੂਕ ਦੀ ਨੋਕ ਤੇ ਫਿਰੌਤੀ ਮੰਗੀ ਗਈ। ਮੰਗੀ ਗਈ ਰਕਮ ਚ ਦੇਰੀ ਨੂੰ ਦੇਖਦਿਆਂ ਬੰਦੂਕ ਧਾਰਕਾਂ ਦੁਕਾਨ ਦੇ ਮੁਲਾਜ਼ਮ ਨੂੰ ਅਗਵਾਹ ਕਰਕੇ ਆਪਣੇ ਨਾਲ ਲੈ ਗਏ। ਆਖਿਰਕਾਰ ਦੁਕਾਨਦਾਰ ਵੱਲੋਂ 20 ਹਜ਼ਾਰ ਫਿਰੌਤੀ ਦੇ ਕੇ ਆਪਣੇ ਮੁਲਾਜ਼ਮ ਨੂੰ ਅਗਵਾਕਾਰਾਂ ਦੇ ਚੁੰਗਲ ਚੋਂ ਛੁਡਵਾਇਆ। ਪੀੜਤ ਦੁਕਾਨਦਾਰ ਕੁਨਾਲ ਜਲਾਲ ਨੇ ਪੁਲਿਸ ਨੂੰ ਦਿੱਤੇ ਗਿਆਨ ਅਨੁਸਾਰ ਦੱਸਿਆ ਕਿ ਉਹ ਤਿਕੋਣੀ ਨਜ਼ਦੀਕ ਟਰਾਲੀ ਦੇ ਹਿੱਸਿਆਂ ਦਾ ਕੰਮ ਕਰਦੇ ਹਨ ਕੱਲ ਸ਼ਾਮੀ ਸਾਢੇ ਤਿੰਨ ਵਜੇ ਦੇ ਕਰੀਬ ਦੋ ਵਿਅਕਤੀ ਉਨ੍ਹਾਂ ਦੀ ਦੁਕਾਨ ਤੇ ਸਮਾਨ ਖਰੀਦਣ ਲਈ ਆਏ। ਨਰੀਖਣ ਕਰਨ ਉਪਰੰਤ ਉਹ ਚਲੇ ਗਏ ਅਤੇ ਪੰਦਰਾਂ ਮਿੰਟਾਂ ਬਾਅਦ ਹੀ ਉਹ ਵਾਪਸ ਆ ਕੇ ਉਨ੍ਹਾਂ ਦੇ ਕੈਬਿਨ ਵਿਚ ਜ਼ਬਰਦਸਤੀ ਦਾਖਲ ਹੋ ਕੇ ਬੰਦੂਕ ਧਾਰਦਿਆਂ ਇੱਕ ਲਖ ਰੁਪਏ ਦੀ ਫਿਰੌਤੀ ਮੰਗੀ ਜਦੋਂ ਉਨ੍ਹਾਂ ਨੇ ਕੋਈ ਵੀ ਪੈਸਾ ਨਾ ਹੋਣ ਦੀ ਅਸਮਰਥਤਾ ਪ੍ਰਗਟਾਈ ਤਾਂ ਅਗਵਾਕਾਰਾਂ ਨੇ ਦੁਕਾਨ ਦਾ ਗੱਲਾ ਦੇਖਿਆ ਅਤੇ ਉਨ੍ਹਾਂ ਦੀ ਜੇਬ ਵਿੱਚੋਂ ਕਰੀਬ ਪੰਦਰਾਂ ਸੌ ਰੁਪਿਆ ਲੈਂਦਿਆਂ ਕਿਹਾ ਕੇ ਪੈਸੇ ਮੰਗਵਾ ਕੇ ਦਿਓ।ਕਨਾਲ ਨੇ ਦੱਸਿਆ ਕਿ ਉਨ੍ਹਾਂ ਦੀ ਮੰਗ ਅਨੁਸਾਰ ਮੈਂ ਆਪਣੇ ਦੋਸਤ ਨੂੰ ਇੱਕ ਲੱਖ ਰੁਪਏ ਦੇਣ ਲਈ ਫੋਨ ਕੀਤਾ ਉਸ ਨੇ ਕੋਈ ਪੈਸਾ ਨਾ ਹੋਣ ਲਈ ਕਿਹਾ। ਇਹ ਗੱਲ ਸੁਣਦਿਆਂ ਹੀ ਉਹ ਉਨ੍ਹਾਂ ਦੇ ਮੁਲਾਜ਼ਮ ਭੋਲਾ ਸਿੰਘ ਨੂੰ ਆਪਣੀ ਕਾਰ ਵਿੱਚ ਬੈਠਾ ਕੇ ਲੈ ਗਏ ਜਿਸ ਨੂੰ ਉਨ੍ਹਾਂ ਨੇ ਵੱਖ ਵੱਖ ਪਿੰਡਾਂ ਵਿੱਚ ਗੁਜ਼ਰਦੇ ਹੋਏ ਸਮੇਂ ਸਮੇਂ ਤੇ ਫੋਨ ਕਰਦੇ ਫਰੋਤੀ ਦੀ ਮੰਗ ਕਰਦਿਆਂ ਕਿਹਾ ਕਿ ਫਿਰੌਤੀ ਦੇ ਕੇ ਆਪਣੇ ਮੁਲਾਜ਼ਮ ਨੂੰ ਛੁੜਾ ਲਵੋ। ਉਨ੍ਹਾਂ ਕਿਹਾ ਕਿ ਸਥਿਤੀ ਗੰਭੀਰ ਹੁੰਦਿਆਂ ਦੇਖ 20 ਹਜ਼ਾਰ ਦਾ ਪ੍ਰਬੰਧ ਕਰਕੇ ਆਪਣੇ ਮੁਲਾਜ਼ਮ ਬੂਟਾ ਸਿੰਘ ਨੂੰ ਰਕਮ ਦੇ ਕੇ ਉਨ੍ਹਾਂ ਵੱਲੋਂ ਦੱਸੀ ਥਾਂ ਤੇ ਭੇਜ ਕੇ ਭੋਲਾ ਸਿੰਘ ਨੂੰ ਉਨ੍ਹਾਂ ਦੇ ਚੁੰਗਲ ਵਿੱਚੋਂ ਛੁਡਵਾਇਆ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਅਗਵਾਕਾਰਾਂ ਵਿੱਚੋਂ ਇਕ ਵਿਅਕਤੀ ਗੁਰਜੀਵਨ ਨਾਮ ਦਾ ਹੈ ਜੋ ਕਿ ਇੱਕ ਮਹੀਨਾ ਪਹਿਲਾਂ ਆਪਣੇ ਸਾਥੀਆਂ ਨਾਲ ਆ ਕੇ ਉਨ੍ਹਾਂ ਨੂੰ ਡਰਾ ਧਮਕਾ ਕੇ ਪੱਚੀ ਹਜ਼ਾਰ ਰੁਪਏ ਲੈ ਗਿਆ ਸੀ। ਉਧਰ ਪੁਲਸ ਪ੍ਰਸ਼ਾਸਨ ਵੱਲੋਂ ਦੁਕਾਨ ਮਾਲਕ ਦੇ ਬਿਆਨਾਂ ਦੇ ਆਧਾਰ ਤੇ ਅਗਵਾਹਕਾਰੀਆਂ ਗੁਰਜੀਵਨ ਸਿੰਘ ਅਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਿੱਥੇ ਇਲਾਕੇ ਦੇ ਸੀਸੀ ਟੀ ਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਉਥੇ ਹੀ ਅਗਵਾਕਾਰਾਂ ਨੂੰ ਦਬੋਚਣ ਲਈ ਜੰਗੀ ਪੱਧਰ ਤੇ ਭਾਲ ਸੁਰੂ ਕਰ ਦਿੱਤੀ ਹੈ ਤਾਂ ਜੋ ਭਵਿੱਖ ਵਿੱਚ ਇਲਾਕੇ ਅੰਦਰ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਲਈ ਕਿਸੇ ਦੀ ਵੀ ਹਿੰਮਤ ਨਾ ਪੈ ਸਕੇ।