Type Here to Get Search Results !

ਪੰਜਾਬ ਭਰ ਦੀਆਂ ਸਿਖਲਾਈ ਸੰਸਥਾਵਾਂ ਵਿੱਚ ਰੜਕ ਰਹੀ ਹੈ ਲੈਕਚਰਾਰਾਂ ਦੀ ਵੱਡੀ ਘਾਟ

ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਦਾਅਵੇ ਕਰਨ ਵਾਲੀ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਦੀਆਂ ਕੰਧਾਂ ਨੂੰ ਰੰਗ ਰੋਗਨ ਕਰਕੇ ਸਮਾਰਟ ਸਕੂਲ ਬਣਾਉਣ ਦੇ ਤਾਂ ਬੜੇ ਡਰਾਮੇ ਕਰ ਰਹੀ ਹੈ । ਪਰ ਜਿਥੋਂ ਸਿੱਖਿਆ ਲੈ ਕੇ ਤੇ ਪੜ੍ਹ ਕੇ ਸਿੱਖਿਆਰਥੀਆਂ ਨੇ ਚੰਗੇ  ਅਧਿਆਪਕ ਬਨਣਾ ਹੈ ਤੇ ਇਹਨਾਂ ਸਕੂਲਾਂ ਵਿੱਚ ਆ ਕੇ ਬੱਚਿਆਂ ਨੂੰ ਵਿੱਦਿਆ ਦੇਣੀ ਹੈ , ਉਹਨਾਂ ਸੰਸਥਾਵਾਂ ਵੱਲ ਪੰਜਾਬ ਸਰਕਾਰ ਦਾ ਉੱਕਾ ਹੀ ਧਿਆਨ ਨਹੀਂ ਹੈ ਤੇ ਥੁੱਕਾਂ ਨਾਲ ਵੜੇ ਪਕਾਏ ਜਾ ਰਹੇ ਹਨ ।  ਪੰਜਾਬ ਭਰ ਵਿੱਚ ਇਸ ਵੇਲੇ ਕੁੱਲ 23 ਜ਼ਿਲੇ ਹਨ ਪਰ ਅਧਿਆਪਕ ਬਣਾਉਣ ਵਾਲੀਆਂ ਜ਼ਿਲਾ ਸਿੱਖਿਆ ਤੇ ਸਿਖਲਾਈ ਸੰਸਥਾਵਾਂ ਦੀ ਗਿਣਤੀ ਸੂਬੇ ਵਿੱਚ 16 ਹੈ । ਪਿਛਲੇਂ ਲੰਮੇ ਸਮੇਂ ਤੋਂ ਇਹਨਾਂ ਸਿੱਖਿਆ ਸੰਸਥਾਵਾਂ ਦਾ ਕੁੱਲ ਮਿਲਾ ਕੇ ਬਹੁਤ ਮਾੜਾ ਹਾਲ ਹੈ ਤੇ ਸਰਕਾਰਾਂ ਨੇ ਇਹਨਾਂ ਨੂੰ ਅੱਖੋਂ ਪਰੋਖੇ ਕੀਤਾ ਹੋਇਆ ਹੈ । ਸਭ ਤੋਂ ਵੱਡੀ ਘਾਟ ਇਹਨਾਂ ਸੰਸਥਾਵਾਂ ਵਿੱਚ ਲੈਕਚਰਾਰਾਂ ਦੀ ਰੜਕ ਰਹੀ ਹੈ । ਕਿਉਂਕਿ ਸੂਬੇ ਦੀ ਇੱਕ ਵੀ ਡਾਈਟ ਵਿੱਚ ਲੈਕਚਰਾਰਾਂ ਦੀ ਗਿਣਤੀ ਪੂਰੀ ਨਹੀਂ ਹੈ । ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਘਾਟਾਂ ਤੇ ਉਣਤਾਈਆਂ ਇਹਨਾਂ ਸੰਸਥਾਵਾਂ ਵਿੱਚ ਹਨ ।
- ਕਿਥੇ ਕਿਥੇ ਕਿੰਨੇ ਕਿੰਨੇ ਹਨ ਲੈਕਚਰਾਰ -
ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਬਰਕੰਦੀ ਪਿੰਡ ਵਿੱਚ ਰਹੀ ਜ਼ਿਲਾ ਸਿੱਖਿਆ ਤੇ ਸਿਖਲਾਈ ਸੰਸਥਾਂ ਵਿੱਚ ਸਿਰਫ਼ 1 ਲੈਕਚਰਾਰ ਹੀ ਹੈ ਤੇ ਇੱਕ ਲੈਕਚਰਾਰ ਹਫ਼ਤੇ ਵਿੱਚ ਤਿੰਨ ਦਿਨ ਆਉਦਾ ਹੈ ।  ਸ੍ਰੀ ਅੰਮ੍ਰਿਤਸਰ ਸਾਹਿਬ ਦੀ ਡਾਈਟ ਵਿੱਚ 2 ਲੈਕਚਰਾਰ , ਦਿਉਣ ਬਠਿੰਡਾ ਦੀ ਡਾਈਟ ਵਿੱਚ 3 ਲੈਕਚਰਾਰ , ਫਰੀਦਕੋਟ ਦੀ ਡਾਈਟ ਵਿੱਚ 4 ਲੈਕਚਰਾਰ , ਫਿਰੋਜ਼ਪੁਰ ਦੀ ਡਾਈਟ ਵਿੱਚ 2 ਲੈਕਚਰਾਰ , ਫਤਿਹਗੜ੍ਹ ਸਾਹਿਬ ਦੀ ਡਾਈਟ ਵਿੱਚ 2 ਲੈਕਚਰਾਰ , ਗੁਰਦਾਸਪੁਰ ਦੀ ਡਾਈਟ ਵਿੱਚ 2 ਲੈਕਚਰਾਰ , ਅੱਜੋਵਾਲ ਹੁਸ਼ਿਆਰਪੁਰ ਦੀ ਡਾਈਟ ਵਿੱਚ 3 ਲੈਕਚਰਾਰ , ਜਗਰਾਉ ਦੀ ਡਾਈਟ ਵਿੱਚ 2 ਲੈਕਚਰਾਰ ਤੇ ਇੱਕ ਲੈਕਚਰਾਰ ਹਫ਼ਤੇ ਵਿੱਚ ਤਿੰਨ ਦਿਨ ਆਉਦਾ , ਸ਼ੇਖੂਪੁਰਾ ਕਪੂਰਥਲਾ ਦੀ ਡਾਈਟ ਵਿੱਚ 3 ਲੈਕਚਰਾਰ , ਅਹਿਮਦਪੁਰ ਮਾਨਸਾ ਦੀ ਡਾਈਟ ਵਿੱਚ 2 ਲੈਕਚਰਾਰ , ਨਾਭਾ ਪਟਿਆਲਾ ਦੀ ਡਾਈਟ ਵਿੱਚ 2 ਲੈਕਚਰਾਰ , ਸੰਗਰੂਰ ਦੀ ਡਾਈਟ ਵਿੱਚ ਇੱਕ ਵੀ ਲੈਕਚਰਾਰ ਨਹੀਂ ਹੈ  , ਰੋਪੜ੍ਹ ਦੀ ਡਾਈਟ ਵਿੱਚ 2 ਲੈਕਚਰਾਰ , ਰਾਮਪੁਰ ਲੱਲੀਆਂ ਜਲੰਧਰ ਦੀ ਡਾਈਟ ਵਿੱਚ 2 ਲੈਕਚਰਾਰ ਹਨ । ਤ੍ਰਾਸਦੀ ਇਹ ਹੈ ਕਿ ਮੋਗਾ ਦੀ ਡਾਈਟ ਵਿੱਚ 2 ਲੈਕਚਰਾਰ ਤਾਂ ਹਨ , ਪਰ ਸਿੱਖਿਆਰਥੀ ਕੋਈ ਨਹੀਂ ਹੈ ਤੇ ਸਿਰਫ਼ ਅਧਿਆਪਕਾਂ ਦੇ ਸੈਮੀਨਾਰ ਹੀ ਲੱਗਦੇ ਹਨ ।
- ਜ਼ਿਲਾ ਸਿੱਖਿਆ ਤੇ ਸਿਖਲਾਈ ਸੰਸਥਾਵਾਂ ਵਿੱਚ ਉਂਝ ਲੈਕਚਰਾਰਾਂ ਦੀਆਂ 13 ਅਸਾਮੀਆਂ ਮਨਜ਼ੂਰ ਹਨ -
ਪੰਜਾਬ ਸਰਕਾਰ ਵੱਲੋਂ ਇਹਨਾਂ ਜ਼ਿਲਾ ਸਿੱਖਿਆ ਤੇ ਸਿਖਲਾਈ ਸੰਸਥਾਵਾਂ ਵਿੱਚ ਲੈਕਚਰਾਰਾਂ ਦੀਆਂ ਕੁੱਲ 13 ਅਸਾਮੀਆਂ ਮਨਜ਼ੂਰ ਕੀਤੀਆਂ ਹੋਈਆਂ ਹਨ । ਪਰ 13 ਲੈਕਚਰਾਰ ਕਿਸੇ ਵੀ ਸੰਸਥਾਂ ਵਿੱਚ ਨਹੀਂ ਹਨ । ਕੁੱਝ ਵਿੱਚ ਤਾਂ ਪ੍ਰਿੰਸੀਪਲ ਵੀ ਨਹੀਂ ਹਨ ।
- ਕਿੰਨੇ ਹਨ ਸਿੱਖਿਆਰਥੀ - 
ਹਰ ਡਾਈਟ ਵਿੱਚ ਈ ਟੀ ਟੀ ਕਰਨ ਲਈ 100 ਸੀਟਾਂ ਹਨ ਤੇ 200 ਸਿੱਖਿਆਰਥੀ ਹਨ । ਮਿਲੀ ਜਾਣਕਾਰੀ ਅਨੁਸਾਰ 3 ਹਜ਼ਾਰ ਦੇ ਕਰੀਬ ਸਿਖਿਆਰਥੀ ਇਹਨਾਂ ਸੰਸਥਾਵਾਂ ਵਿੱਚ ਅਧਿਆਪਕ ਬਨਣ ਲਈ ਟਰੇਨਿੰਗ ਲੈ ਰਹੇ ਹਨ । ਜਦੋਂ ਲੈਕਚਰਾਰ ਹੀ ਨਹੀਂ ਹਨ ਤਾਂ ਫੇਰ ਇਹ ਸਿਖਿਆਰਥੀ ਚੰਗੇ ਅਧਿਆਪਕ ਕਿਵੇਂ ਬਣਨਣਗੇ । ਇਹਨਾਂ ਦਾ ਵੀ ਭਾਰੀ ਨੁਕਸਾਨ ਹੋ ਰਿਹਾ ਹੈ । ਸੂਬੇ ਵਿੱਚ ਉੱਚ ਵਿੱਦਿਆ ਪ੍ਰਾਪਤ ਨੌਜਵਾਨ ਲੜਕੇ ਲੜਕੀਆਂ ਦੀ ਵੱਡੀ ਫੌਜ ਆ ਤੇ ਨੌਕਰੀਆਂ ਤੇ ਲੱਗਣ ਲਈ ਸੜਕਾਂ ਤੇ ਰੁਲ ਰਹੇ ਹਨ  । ਬੇਰੁਜਗਾਰੀ ਹੱਦੋ ਵੱਧ ਆ । ਫੇਰ ਕਿਉਂ ਨਹੀਂ ਅਜਿਹੀਆਂ ਥਾਵਾਂ ਤੇ ਖਾਲੀ ਪਈਆਂ ਅਸਾਮੀਆਂ ਭਰੀਆਂ ਜਾਂਦੀਆਂ । ਸਰਕਾਰ ਇਸ ਪਾਸੇ ਧਿਆਨ ਦੇਵੇ ।
- ਅਧਿਆਪਕਾਂ ਨੂੰ ਦਿੱਤੀ ਜਾਂਦੀ ਹੈ ਟ੍ਰੇਨਿੰਗ - 
ਇਹਨਾਂ ਜਿਲਾ ਸਿੱਖਿਆ ਤੇ ਸਿਖਲਾਈ ਸੰਸਥਾਵਾਂ ਵਿੱਚ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਸਰਕਾਰੀ ਹਦਾਇਤਾਂ ਮੁਤਾਬਿਕ ਕਈ ਤਰ੍ਹਾਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੇ ਅਧਿਆਪਕਾਂ ਦੇ ਵੱਖ-ਵੱਖ ਵਿਸ਼ਿਆਂ ਤੇ ਸੈਮੀਨਾਰ ਵੀ ਲਗਾਏ ਜਾਂਦੇ ਹਨ । ਪਰ ਜਦੋਂ ਇਹਨਾਂ ਸੰਸਥਾਵਾਂ ਵਿੱਚ ਘਾਟਾਂ ਹੋਣਗੀਆਂ ਤਾਂ ਫੇਰ ਟ੍ਰੇਨਿੰਗਾਂ ਤੇ ਸੈਮੀਨਾਰਾਂ ਨੂੰ ਲਗਾਉਣ ਦਾ ਕੀ ਲਾਭ ਹੁੰਦਾ ਹੋਵੇਗਾ ।
----------------

ਸੁਖਪਾਲ ਸਿੰਘ ਢਿੱਲੋਂ
ਪਿੰਡ ਤੇ ਡਾਕਘਰ - ਭਾਗਸਰ
ਜ਼ਿਲਾ ਸ੍ਰੀ ਮੁਕਤਸਰ ਸਾਹਿਬ
ਮੋਬਾਈਲ ਨੰਬਰ -9815288208

Post a Comment

0 Comments
* Please Don't Spam Here. All the Comments are Reviewed by Admin.