Type Here to Get Search Results !

ਆਂਗਣਵਾੜੀ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਜਲੰਧਰ ਵਿਖੇ ਕੈਬਨਿਟ ਮੰਤਰੀ ਪ੍ਰਗਟ ਸਿੰਘ ਦੇ ਘਰ ਦਾ ਕੀਤਾ ਘਿਰਾਓ

ਆਂਗਣਵਾੜੀ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਜਲੰਧਰ ਵਿਖੇ ਕੈਬਨਿਟ ਮੰਤਰੀ ਪ੍ਰਗਟ ਸਿੰਘ ਦੇ ਘਰ ਦਾ ਕੀਤਾ ਘਿਰਾਓ

 ਜਲੰਧਰ , 14 ਨਵੰਬਰ (ਸੁਖਪਾਲ ਸਿੰਘ ਢਿੱਲੋਂ)-
ਆਲ ਪੰਜਾਬ ਆਂਗਣਵਾੜੀ ਮੁਲਾਜ਼ਮ  ਯੂਨੀਅਨ ਵੱਲੋਂ ਅੱਜ  ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਸਿੱਖਿਆ ਮੰਤਰੀ ਪ੍ਰਗਟ ਸਿੰਘ ਦੇ ਸ਼ਹਿਰ ਜਲੰਧਰ ਵਿਖੇ ਉਹਨਾਂ ਦੇ ਘਰ ਦਾ ਘਿਰਾਓ ਕਰਕੇ  ਰੋਸ ਪ੍ਰਦਰਸ਼ਨ ਕੀਤਾ ਗਿਆ । ਜਿਸ ਦੌਰਾਨ ਵੱਡੀ ਗਿਣਤੀ ਵਿੱਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਸ਼ਮੂਲੀਅਤ ਕੀਤੀ । ਇਸ ਮੌਕੇ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਸੱਤਾ ਵਿੱਚ ਆਉਂਦਿਆਂ ਹੀ 2017 ਵਿੱਚ ਆਂਗਣਵਾੜੀ ਸੈਂਟਰਾਂ ਦੇ ਬੱਚੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਦਾਖ਼ਲ ਕਰ ਲਏ । ਜਥੇਬੰਦੀ ਉਦੋਂ ਤੋਂ ਲਗਾਤਾਰ ਸੰਘਰਸ਼ ਕਰ ਰਹੀਂ ਹੈ । ਪਰ ਪੰਜਾਬ ਸਰਕਾਰ ਨੇ ਸਮਝੋਤਾ ਕਰਕੇ ਵੀ ਬੱਚੇ ਵਾਪਸ ਨਹੀਂ ਕੀਤੇ । ਉਲਟਾ ਪ੍ਰੀ ਨਰਸਰੀ ਟੀਚਰ ਦਾ ਦਰਜਾ ਈ ਜੀ ਐਸ ਅਤੇ ਹੋਰ ਵਲੰਟੀਅਰਜ਼ ਨੂੰ ਦਿੱਤਾ ਜਾ ਰਿਹਾ ਹੈ । ਜਦੋਂ ਕਿ ਨਵੀਂ ਸਿੱਖਿਆ ਨੀਤੀ 2020 ਅਨੁਸਾਰ ਇਹ ਆਂਗਣਵਾੜੀ ਵਰਕਰਾਂ ਨੂੰ ਹੀ ਪ੍ਰੀ ਨਰਸਰੀ ਟੀਚਰ ਬਣਾਇਆ ਜਾਣਾ ਹੈ । ਉਹਨਾਂ ਕਿਹਾ ਕਿ ਕੋਈ ਵੀ ਰਾਜ ਐਨਾ ਧੱਕਾ ਨਹੀਂ ਕਰ ਰਿਹਾ , ਜਿਸ ਤਰ੍ਹਾਂ ਪੰਜਾਬ ਸਰਕਾਰ ਸ਼ਰੇਆਮ ਧੱਕੇਸ਼ਾਹੀ ਤੇ ਉੱਤਰੀ ਹੋਈ ਹੈ । ਉਹਨਾਂ ਇਹ ਵੀ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤਾਂ ਕਿਸੇ ਨੂੰ ਮਿਲਦੇ ਨਹੀਂ ਸਨ , ਪਰ ਹੁਣ ਦੋ ਮਹੀਨਿਆਂ ਤੋਂ ਉੱਪਰ ਸਮਾਂ ਲੰਘ ਗਿਆ ਤੇ ਚਰਨਜੀਤ ਸਿੰਘ ਚੰਨੀ ਵੀ ਡਰਾਮੇ ਹੀ ਕਰ ਰਹੇ ਹਨ । ਨਾ ਉਹਨਾਂ ਨੇ ਆਪ ਮੀਟਿੰਗ ਕੀਤੀ ਤੇ ਨਾ ਵਿਭਾਗ ਦੀ ਮੰਤਰੀ ਨੇ । ਜਦੋਂ ਕਿ ਜਥੇਬੰਦੀ ਵਾਰ ਵਾਰ ਧਰਨੇ ਮੁਜ਼ਾਹਰੇ ਕਰਕੇ ਮੰਗ ਪੱਤਰ ਦੇ ਰਹੀ ਹੈ । ਉਹਨਾਂ ਮੰਗ ਕੀਤੀ ਕਿ ਸਰਕਾਰ ਸਾਡੇ ਨਾਲ ਮੀਟਿੰਗ ਕਰਕੇ ਸਾਡੇ ਮਸਲਿਆਂ ਦਾ ਹੱਲ ਕਰੇ । ਇਸੇ ਦੌਰਾਨ ਹੀ ਸਿੱਖਿਆ ਮੰਤਰੀ ਦੇ ੳ ਐਸ ਡੀ ਅਮਰੀਕ ਸਿੰਘ ਪਵਾਰ ਨੂੰ ਮੰਤਰੀ ਦੇ ਨਾਂ ਮੰਗ ਪੱਤਰ ਦਿੱਤਾ ਗਿਆ । ਇਸ ਮੌਕੇ ਸਤਵੰਤ ਕੌਰ ਭੋਗਪੁਰ , ਜਸਵੀਰ ਕੌਰ ਦਸੂਹਾ , ਜਸਵਿੰਦਰ ਕੌਰ ਪੱਟੀ , ਮਨਜੀਤ ਕੌਰ ਸੁਲਤਾਨਪੁਰ ਲੋਧੀ ,  ਰਣਜੀਤ ਕੌਰ ਬਟਾਲਾ , ਬਿਮਲਾ ਦੇਵੀ ਫਗਵਾੜਾ ਤੇ ਸ਼ਿੰਦਰਪਾਲ ਕੌਰ ਭੂੰਗਾ , ਸੁਨੀਤਾ ਰਾਣੀ , ਕੁਲਵੰਤ ਕੌਰ , ਸੁਖਵਿੰਦਰ ਕੌਰ , ਹਰਵਿੰਦਰ ਕੌਰ , ਰਣਜੀਤ ਕੌਰ , ਹਰਜਿੰਦਰ ਕੌਰ , ਗੁਰਪ੍ਰੀਤ ਕੌਰ , ਰਾਜਵੀਰ ਕੌਰ ਆਦਿ ਆਗੂ ਮੌਜੂਦ ਸਨ ।


Post a Comment

0 Comments
* Please Don't Spam Here. All the Comments are Reviewed by Admin.