Type Here to Get Search Results !

ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਵਫ਼ਦ ਨੇ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨਾਲ ਕੀਤੀ ਮੀਟਿੰਗ


ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਵਫ਼ਦ ਨੇ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਕੈਬਨਿਟ  ਮੰਤਰੀ ਡਾਕਟਰ ਬਲਜੀਤ ਕੌਰ ਨਾਲ ਕੀਤੀ ਮੀਟਿੰਗ

ਚੰਡੀਗੜ੍ਹ /ਸ੍ਰੀ ਮੁਕਤਸਰ ਸਾਹਿਬ, 26 ਅਪ੍ਰੈਲ (ਸੁਖਪਾਲ ਸਿੰਘ ਢਿੱਲੋਂ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਵਫ਼ਦ ਵੱਲੋਂ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਸੂਬੇ ਭਰ ਦੀਆਂ 54 ਹਜ਼ਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਅਤੇ ਮਸਲਿਆਂ ਨੂੰ ਲੈ ਕੇ ਅੱਜ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀ ਮੰਤਰੀ ਡਾਕਟਰ ਬਲਜੀਤ ਕੌਰ ਨਾਲ ਪਹਿਲੀ ਮੀਟਿੰਗ ਕੀਤੀ ਗਈ ਤੇ ਉਹਨਾਂ ਨੂੰ ਮੰਗ ਪੱਤਰ ਦਿੱਤਾ ਗਿਆ । ਉਪਰੋਕਤ ਜਾਣਕਾਰੀ ਦਿੰਦਿਆਂ ਹਰਗੋਬਿੰਦ ਕੌਰ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਪਿਛਲੇਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਵੱਲ ਮੰਤਰੀ ਦਾ ਧਿਆਨ ਦਿਵਾਇਆ ਹੈ । ਉਹਨਾਂ ਦੱਸਿਆ ਕਿ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਉਹ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਦੁਬਾਰਾ ਫੇਰ ਯੂਨੀਅਨ ਦੇ ਆਗੂਆਂ ਨਾਲ ਮੀਟਿੰਗ ਕਰਨਗੇ ਅਤੇ ਸਾਰੇ ਮਸਲਿਆਂ ਦਾ ਹੱਲ ਕਰਵਾਉਣਗੇ । ਮੀਟਿੰਗ ਦੌਰਾਨ ਯੂਨੀਅਨ ਦੀਆਂ ਆਗੂਆਂ ਛਿੰਦਰਪਾਲ ਕੌਰ ਥਾਂਦੇਵਾਲਾ , ਗੁਰਮੀਤ ਕੌਰ ਗੋਨੇਆਣਾ , ਜਸਵੀਰ ਕੌਰ ਦਸੂਹਾ ਤੇ ਸਤਵੰਤ ਕੌਰ ਭੋਗਪੁਰ ਮੌਜੂਦ ਸਨ ।‌

- ਇਹ ਹਨ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀਆਂ ਮੰਗਾਂ -

1- ਆਂਗਣਵਾੜੀ ਸੈਂਟਰਾਂ ਦੇ 3 ਸਾਲ ਤੋਂ 6 ਸਾਲ ਤੱਕ ਦੇ ਬੱਚੇ ਜੋ ਸਰਕਾਰ ਨੇ 2017 ਵਿੱਚ ਖੋਹ ਕੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਭੇਜ ਦਿੱਤੇ ਸਨ , ਨੂੰ ਵਾਪਸ ਸੈਂਟਰਾਂ ਵਿੱਚ ਭੇਜਿਆ ਜਾਵੇ ਅਤੇ ਆਂਗਣਵਾੜੀ ਵਰਕਰ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜ਼ਾ ਦਿੱਤਾ ਜਾਵੇ । ਜਦੋਂ ਤੱਕ ਇਹ ਲਾਗੂ ਨਹੀਂ ਹੁੰਦਾ ਉਦੋਂ ਤੱਕ ਆਪ ਜੀ ਦੀ ਪਾਰਟੀ ਵੱਲੋਂ ਕੀਤੇ ਗਏ ਵਾਅਦੇ ਅਨੁਸਾਰ ਵਰਕਰਾਂ ਤੇ ਹੈਲਪਰਾਂ ਦਾ ਮਾਣ ਭੱਤਾ ਦੁੱਗਣਾ ਕੀਤਾ ਜਾਵੇ ।

 2. ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਪਿਛਲੇਂ 4 ਸਾਲਾਂ ਤੋਂ ਖਾਲੀ ਪਈਆਂ ਹਜ਼ਾਰਾਂ ਅਸਾਮੀਆਂ ਦੀ ਭਰਤੀ ਤੁਰੰਤ ਕੀਤੀ ਜਾਵੇ । ਕਿਉਂਕਿ ਵਰਕਰਾਂ ਤੇ ਹੈਲਪਰਾਂ ਤੋਂ ਬਿਨਾਂ ਆਂਗਣਵਾੜੀ ਸੈਂਟਰਾਂ ਨੂੰ ਚਲਾਉਣ ਵਿੱਚ ਭਾਰੀ ਦਿੱਕਤਾਂ ਆ ਰਹੀਆਂ ਹਨ । ਨਿਗੂਣੇ ਮਾਣ ਭੱਤੇ ਵਿਚੋਂ ਪੱਲਿਉਂ ਪੈਸੇ ਖ਼ਰਚ ਕੇ ਕੰਮ ਚਲਾ ਰਹੀਆਂ ਹਾਂ । ਭਰਤੀ ਦੇ ਨਿਯਮਾਂ ਵਿੱਚ ਪਿਛਲੀ ਸਰਕਾਰ ਵੱਲੋਂ ਕੁੱਝ ਤਰੁੱਟੀਆਂ ਕੀਤੀਆਂ ਗਈਆਂ ਸਨ ਜਿੰਨ੍ਹਾਂ ਨੂੰ ਅਸੀਂ ਠੀਕ ਕਰਨ ਦੀ ਮੰਗ ਕਰਦੀਆਂ ਹਾਂ । ਮਹਿਕਮੇ ਨੇ ਠੀਕ ਕਰਨਾ ਮੰਨ ਲਿਆ ਹੈ ਪਰ ਲਾਗੂ ਨਹੀਂ ਕੀਤਾ ਜਾ ਰਿਹਾ । ਉਹਨਾਂ ਤਰੁੱਟੀਆਂ ਨੂੰ ਦੂਰ ਕਰਕੇ ਨਵੀਂ ਭਰਤੀ ਨਿਯਮਾਂ ਵਿੱਚ ਸੋਧਾ ਕੀਤੀਆਂ ਜਾਣ । 

3. ਐਨ ਜੀ ਓ ਅਧੀਨ ਕੰਮ ਕਰਦੀਆਂ ਵਰਕਰਾਂ ਤੇ ਹੈਲਪਰਾਂ ਨੂੰ ਮੁੱਖ ਵਿਭਾਗ ਅਧੀਨ ਲਿਆਂਦਾ ਜਾਵੇ ।

4. ਕਰੈਚ ਵਰਕਰਾਂ ਤੇ ਹੈਲਪਰਾਂ ਨੂੰ ਪਿਛਲੇਂ ਤਿੰਨ ਸਾਲਾਂ ਦਾ ਮਾਣ ਭੱਤਾ ਦਿੱਤਾ ਜਾਵੇ ਤੇ ਇਹਨਾਂ ਵਰਕਰਾਂ ਨੂੰ ਮੁੱਖ ਵਿਭਾਗ ਵਿੱਚ ਮਰਜ਼ ਕੀਤਾ ਜਾਵੇ ।

5- ਵਰਕਰਾਂ ਨੂੰ ਸਮਾਰਟ ਫ਼ੋਨ ਦਿੱਤੇ ਜਾਣ , ਉਤਸ਼ਾਹ ਵਰਧਕ ਰਾਸ਼ੀ ਕ੍ਰਮਵਾਰ ਵਰਕਰ ਤੇ ਹੈਲਪਰ ਨੂੰ 500 ਰੁਪਏ ਤੇ 250 ਰੁਪਏ ਦਿੱਤੇ ਜਾਣ । ਮਹੀਨੇ ਵਿੱਚ ਪੋਸ਼ਣ ਅਭਿਆਨ ਦੇ ਤਹਿਤ ਦੋ ਪ੍ਰੋਗਰਾਮ ਕੀਤੇ ਜਾਂਦੇ ਹਨ । ਜਿੰਨਾ ਲਈ ਖ਼ਰਚਾ ਪ੍ਰਤੀ ਮਹੀਨਾ 500 ਰੁਪਏ ਦਾ ਬਜ਼ਟ ਸਰਕਾਰ ਵੱਲੋਂ ਵਰਕਰਾਂ ਨੂੰ ਦੇਣ ਲਈ ਉਪਲੱਬਧ ਹੈ । ਪ੍ਰੰਤੂ ਪਿਛਲੇਂ ਚਾਰ ਸਾਲਾਂ ਤੋਂ ਇਹ ਪੈਸੇ ਨਹੀਂ ਦਿੱਤੇ ਜਾ ਰਹੇ । ਪਰ ਇਹ ਪ੍ਰੋਗਰਾਮ ਹਰ ਮਹੀਨੇ ਕਰਵਾਏ ਜਾ ਰਹੇ ਹਨ ਤੇ ਵਰਕਰਾਂ ਪੱਲਿਉਂ ਪੈਸੇ ਖ਼ਰਚ ਰਹੀਆਂ ਹਨ । ਕਰੋਨਾ ਕਾਲ ਨੂੰ ਛੱਡ ਕੇ ਬਾਕੀ ਪ੍ਰੋਗਰਾਮਾਂ ਦੇ ਪੈਸੇ ਤੁਰੰਤ ਦਿੱਤੇ ਜਾਣ ।

6-  ਸਰਕਲ ਮੀਟਿੰਗ ਦਾ ਕਿਰਾਇਆ 200 ਰੁਪਏ ਦਿੱਤਾ ਜਾਵੇ ।

7-  ਪੀ ਐਮ ਵੀ ਵਾਈ ਦੇ 2017 ਤੋਂ ਪੈਡਿੰਗ ਪਏ ਪੈਸੇ ਰਲੀਜ਼ ਕੀਤੇ ਜਾਣ ।

8 - ਮਿੰਨੀ ਆਂਗਣਵਾੜੀ ਵਰਕਰ ਨੂੰ ਪੂਰੀ ਆਂਗਣਵਾੜੀ ਵਰਕਰ ਦਾ ਦਰਜ਼ਾ ਦਿੱਤਾ ਜਾਵੇ ।                                                  

  9- ਆਂਗਣਵਾੜੀ ਸੈਂਟਰਾਂ ਦਾ ਰਾਸ਼ਨ ਠੇਕੇਦਾਰੀ ਸਿਸਟਮ ਰਾਹੀਂ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਜਿਸ ਤੇ ਤੁਰੰਤ ਰੋਕ ਲਗਾਈ ਜਾਵੇ ਅਤੇ ਰਾਸ਼ਨ ਬਣਾਉਣ ਲਈ ਦਿੱਤੇ ਜਾਂਦੇ ਪੈਸੇ ਪ੍ਰਤੀ ਲਾਭਪਾਤਰੀ 40 ਪੈਸੇ ਦੀ ਥਾਂ ਦੋ ਰੁਪਏ ਦਿੱਤੇ ਜਾਣ ਕਿਉਕਿ ਗੈਸ ਸਿਲੰਡਰ ਦੇ ਭਾਅ ਅਸਮਾਨੀ ਚੜ੍ਹ  ਗਏ ਹਨ ।     

10. ਆਂਗਣਵਾੜੀ ਸੈਂਟਰਾਂ ਦੀਆਂ  ਇਮਾਰਤਾਂ ਆਧੁਨਿਕ ਸਹੂਲਤਾਂ ਵਾਲੀਆਂ ਬਣਾਈਆਂ ਜਾਣ ।‌

11. ਹਜ਼ਾਰਾਂ ਆਂਗਣਵਾੜੀ ਸੈਂਟਰਾਂ ਵਿੱਚ ਮੁੱਢਲੀਆਂ ਲੋੜੀਂਦੀਆਂ ਚੀਜ਼ਾਂ ਜਿਵੇਂ ਗੈਸ ਸਿਲੰਡਰ , ਬਰਤਨ , ਦਰੀਆਂ , ਫਰਨੀਚਰ , ਕੰਨਟੇਨਰ ਆਦਿ ਨਹੀਂ ਹਨ  , ਇਹਨਾਂ ਚੀਜ਼ਾਂ ਨੂੰ ਮੁਹੱਈਆ ਕਰਵਾਇਆ ਜਾਵੇ ।  

12. ਪੰਜਾਬ ਦੇ ਸਾਰੇ ਆਂਗਣਵਾੜੀ ਸੈਂਟਰਾਂ ਵਿੱਚ ਪਿਛਲੇਂ ਕਈ ਸਾਲਾਂ ਤੋਂ ਰਜਿਸਟਰ ਅਤੇ ਹੋਰ ਲੋੜੀਂਦੇ ਕਾਗਜ਼ ਪੱਤਰ ਨਹੀਂ ਦਿੱਤੇ ਜਾ ਰਹੇ ਅਤੇ ਨਾ ਹੀ ਸੈਂਟਰਾਂ ਦੀ ਸਾਫ਼ ਸਫ਼ਾਈ ਕਰਨ ਲਈ ਕੋਈ ਸਮਾਨ ਦਿੱਤਾ ਜਾ ਰਿਹਾ ।‌ ਜਦੋਂ ਕਿ ਇਸ ਦੇ ਪ੍ਰਬੰਧ ਲਈ ਬਕਾਇਦਾ ਪੰਜ ਹਜ਼ਾਰ ਰੁਪਏ ਪ੍ਰਤੀ ਆਂਗਣਵਾੜੀ ਸੈਂਟਰ ਬੱਜਟ ਹੁੰਦਾ ਹੈ । ਸਾਡੀ ਮੰਗ ਹੈ ਕਿ ਇਹ ਪੈਸਾ ਆਂਗਣਵਾੜੀ ਵਰਕਰਾਂ ਦੇ ਖਾਤੇ ਵਿੱਚ ਪਾਇਆ ਜਾਵੇ ਤਾਂ ਕਿ ਉਹ ਸਾਰਾ ਸਮਾਨ ਆਪ ਖਰੀਦ ਸਕਣ ।

13. ਵਾਧੂ ਚਾਰਜ ਦਾ ਕੰਮ ਕਰਦੀ ਵਰਕਰ ਨੂੰ ਮਹੀਨੇ ਦੇ ਸਿਰਫ਼ 50 ਰੁਪਏ ਹੀ ਦਿੱਤੇ ਜਾਂਦੇ ਹਨ । ਸਾਡੀ ਮੰਗ ਹੈ ਕਿ ਘੱਟੋ ਘੱਟ ਪੰਜ ਹਜ਼ਾਰ ਰੁਪਏ ਮਹੀਨਾ ਹੋਣਾ ਚਾਹੀਦਾ ਹੈ ।‌

 14. ਆਂਗਣਵਾੜੀ ਸੈਂਟਰਾਂ ਦਾ ਕਿਰਾਇਆ ਨਵੇਂ ਰੇਟਾਂ ਮੁਤਾਬਿਕ ਦਿੱਤਾ ਜਾਵੇ ਅਤੇ ਕਿਰਾਏ ਦੀ ਅਦਾਇਗੀ ਹਰ ਮਹੀਨੇ ਸਮੇਂ ਸਿਰ ਕੀਤੀ ਜਾਵੇ । ਆਂਗਣਵਾੜੀ ਸੈਂਟਰਾਂ ਦਾ ਕਿਰਾਇਆ ਆਂਗਣਵਾੜੀ ਵਰਕਰਾਂ ਨੂੰ ਦਿੱਤਾ ਜਾਵੇ । ਕਿਉਂਕਿ ਮਕਾਨ ਮਾਲਕ ਹਰ ਮਹੀਨੇ ਕਿਰਾਇਆ ਆਂਗਣਵਾੜੀ ਵਰਕਰਾਂ ਤੋਂ ਨਗਦ ਲੈ ਲੈਂਦੇ ਹਨ । ਮਹਿਕਮੇ ਵੱਲੋਂ  ਮਕਾਨ ਮਾਲਕਾਂ ਦੇ ਖਾਤੇ ਵਿੱਚ ਕਿਰਾਇਆ ਆਉਣ ਤੇ ਉਹ ਲਏ ਹੋਏ ਪੈਸੇ ਵਰਕਰਾਂ ਨੂੰ ਵਾਪਸ ਨਹੀਂ ਕਰਦੇ । ਜਿਸ ਕਰਕੇ ਵਰਕਰਾਂ ਨੂੰ ਬਹੁਤ ਨੁਕਸਾਨ ਉਠਾਉਣਾ ਪੈਂਦਾ ਹੈ । 

15. ਮਿਤੀ 4-5-2020 ਨੂੰ ਸਿਹਤ ਵਿਭਾਗ ਵੱਲੋਂ ਏ ਐਨ ਐਮ ਦੀ ਭਰਤੀ ਲਈ 600 ਪੋਸਟਾਂ ਕੱਢੀਆਂ ਗਈਆਂ ਸਨ , ਜਿੰਨਾ ਵਿੱਚ 10 ਪ੍ਰਤੀਸ਼ਤ ਕੋਟਾ ਆਂਗਣਵਾੜੀ ਵਰਕਰਾਂ ਲਈ ਸੀ । ਜਿਸ ਦੀਆਂ 60 ਸੀਟਾਂ ਬਣਦੀਆਂ ਸਨ । ਪ੍ਰੰਤੂ 24 ਵਰਕਰ ਹੀ ਇਹ ਪੇਪਰ ਕਲੀਅਰ ਕਰ ਸਕੀਆਂ । ਇਹਨਾਂ ਪੋਸਟਾਂ ਲਈ ਪੇਪਰ 26-10-2020 ਨੂੰ ਅਤੇ ਕੌਸਲਿੰਗ 10-11-2020 ਨੂੰ ਹੋਈ । ਸਿਹਤ ਮਹਿਕਮੇ ਵੱਲੋਂ ਆਸ਼ਾ ਵਰਕਰਜ਼ ਨੂੰ ਤਾਂ ਜੁਆਇੰਨ ਕਰਵਾ ਲਿਆ ਗਿਆ । ਉਹਨਾਂ ਦਾ ਕੋਟਾ ਵੀ 10 ਪ੍ਰਤੀਸ਼ਤ ਸੀ । ਪਰ ਆਂਗਣਵਾੜੀ ਵਰਕਰਜ਼ ਨੂੰ ਜੁਆਇੰਨ ਨਹੀਂ ਕਰਵਾਇਆ ਜਾ ਰਿਹਾ ਅਤੇ ਕਿਹਾ ਜਾ ਰਿਹਾ ਹੈ ਕਿ ਇਹਨਾਂ ਦੀ ਉਮਰ 37 ਸਾਲ ਤੋਂ ਉੱਪਰ ਬਣਦੀ ਹੈ । ਜਦੋਂ ਕਿ ਪੋਸਟਾਂ ਦੇ ਇਸ਼ਤਿਹਾਰ ਵਿੱਚ ਕੋਟੇ ਲਈ ਉਮਰ ਵਿੱਚ 10 ਸਾਲ ਦੀ ਛੋਟ ਦਿੱਤੀ ਗਈ ਹੈ । ਉਸ ਅਨੁਸਾਰ ਵਰਕਰਜ਼ ਨੂੰ ਵੀ ਇਹ ਛੋਟ ਦੇਣੀ ਬਣਦੀ ਹੈ । ਜਦ ਕਿ ਆਸ਼ਾ ਵਰਕਰਜ਼ ਨੂੰ ਇਹ ਛੋਟ ਦੇ ਕੇ ਜੁਆਇੰਨ ਕਰਵਾ ਲਿਆ ਗਿਆ । ਯੂਨੀਅਨ ਦੀ ਮੰਗ ਹੈ ਕਿ ਵਰਕਰਜ਼ ਨੂੰ ਵੀ ਤਰੁੰਤ ਜੁਵਾਇੰਨ  ਕਰਵਾਇਆ ਜਾਵੇ ।



Post a Comment

0 Comments
* Please Don't Spam Here. All the Comments are Reviewed by Admin.