
ਸੂਬਾ ਸਰਕਾਰ ਨਕਲੀ ਬੀਜ਼ਾਂ, ਖਾਦਾਂ ਅਤੇ ਦਵਾਈਆਂ ਨੂੰ ਮੁਕੰਮਲ ਤੌਰ ਤੇ ਕਰੇਗੀ ਖ਼ਤਮ: ਧਾਲੀਵਾਲ
ਕਿਹਾ, ਕਿਸਾਨਾਂ ਨੂੰ ਧੋਖੇ ਵਿੱਚ ਰੱਖ ਕੇ ਵੇਚੇ ਗਏ ਗੁਜਰਾਤੀ ਬੀਜ ਦੇ ਮਾਮਲੇ ਦੀ ਹੋਵੇਗੀ ਜਾਂਚ
ਬਠਿੰਡਾ/ਚੰਡੀਗੜ੍ਹ, ਜੁਲਾਈ 12 (BTTNEWS)- ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਦੀ ਸੂਬਾ ਸਰਕਾਰ ਵਲੋਂ ਕਿਸਾਨਾਂ ਦੀ ਭਲਾਈ ਤੇ ਆਧੁਨਿਕ ਤਰੀਕਿਆਂ ਨਾਲ ਖੇਤੀਬਾੜੀ ਨੂੰ ਹੁਲਾਰਾ ਦੇਣ ਲਈ ਜਿੱਥੇ ਵਿਸ਼ੇਸ਼ ਉਪਰਾਲੇ ਕੀਤਾ ਜਾ ਰਹੇ ਹਨ ਉੱਥੇ ਹੀ ਸੂਬਾ ਸਰਕਾਰ ਨਕਲੀ ਬੀਜ਼ਾਂ, ਖਾਦਾਂ ਅਤੇ ਦਵਾਈਆਂ ਨੂੰ ਮੁਕੰਮਲ ਤੌਰ ਤੇ ਖ਼ਤਮ ਕਰੇਗੀ। ਖੇਤੀ ਸੈਕਟਰ ਵਿਚਲੇ ਹਰ ਮਾਫ਼ੀਏ ਨੂੰ ਨੱਥ ਪਾਈ ਜਾਵੇਗੀ। ਨਰਮਾ ਪੱਟੀ ਦੇ ਕਿਸਾਨਾਂ ਨੂੰ ਧੋਖੇ ਵਿੱਚ ਰੱਖ ਕੇ ਵੇਚੇ ਗਏ ਗੁਜਰਾਤੀ ਬੀਜ ਦੇ ਮਾਮਲੇ ਦੀ ਵੀ ਜਾਂਚ ਕੀਤੀ ਜਾਵੇਗੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਪੇਂਡੂ ਵਿਕਾਸ ਤੇ ਪੰਚਾਇਤਾਂ, ਖੇਤੀਬਾੜੀ ਅਤੇ ਕਿਸਾਨ ਭਲਾਈ ਤੇ ਪ੍ਰਵਾਸੀ ਭਾਰਤੀ ਮਾਮਲੇ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਜ਼ਿਲ੍ਹੇ ਅਧੀਨ ਪੈਂਦੇ ਵੱਖ-ਵੱਖ ਪਿੰਡਾਂ ਜੋਧਪੁਰ ਰੋਮਾਣਾ, ਫੁੱਲੋ ਮਿੱਠੀ, ਪੱਕਾ ਕਲਾਂ, ਦੁਨੇਵਾਲਾ, ਤਰਖਾਣਵਾਲੇ ਅਤੇ ਗੁਰੂਸਰਸੈਣੇ ਵਾਲਾ ਦੇ ਖੇਤਾਂ ਚ ਨਰਮੇ ਦੀ ਗੁਲਾਬੀ ਸੁੰਡੀ ਤੇ ਚਿੱਟੇ ਮੱਛਰ ਦੇ ਸਰਵੇਖਣ ਕਰਨ ਮੌਕੇ ਕੀਤਾ। ਵਧੀਕ ਮੁੱਖ ਸਕੱਤਰ ਵਿਕਾਸ ਸ਼੍ਰੀ ਸਰਬਜੀਤ ਸਿੰਘ, ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਅਤੇ ਖੇਤੀਬਾੜੀ ਦੇ ਡਾਇਰੈਕਟਰ ਸ. ਗੁਰਵਿੰਦਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।
ਆਪਣੇ ਦੌਰੇ ਦੌਰਾਨ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਕਿਸਾਨਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਨ੍ਹਾਂ ਦੀ ਫ਼ਸਲ ਦਾ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਨੁਕਸਾਨ ਨਹੀਂ ਹੋਣ ਦਿੱਤਾ ਜਾਵੇ। ਇਸ ਮੌਕੇ ਉਨ੍ਹਾਂ ਕਿਹਾ ਕਿ ਫ਼ਸਲੀ ਵਿਭਿੰਨਤਾ ਨੂੰ ਸਫ਼ਲ ਬਣਾਉਣ ਲਈ ਮੂੰਗੀ ਵਾਂਗ ਮੱਕੀ ਅਤੇ ਹੋਰ ਸਹਾਇਕ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਇਨ੍ਹਾਂ ਫ਼ਸਲਾਂ ਲਈ ਮੰਡੀਕਰਨ ਉੱਤੇ ਜ਼ੋਰ ਦਿੱਤਾ ਜਾਵੇਗਾ। ਇਸ ਦੌਰਾਨ ਕਿਸਾਨਾਂ ਵਲੋਂ ਉਨ੍ਹਾਂ ਦੇ ਧਿਆਨ ਚ ਲਿਆਉਣ ਤੇ ਕਈ ਪੈਟਰੋਲ ਪੰਪ ਵਿਕਰੇਤਾਵਾਂ ਵਲੋਂ ਕਿਸਾਨਾਂ ਨੂੰ ਲੋੜੀਂਦੀ ਇੱਕ ਵਸਤੂ ਦੇ ਨਾਲ ਕਈ ਹੋਰ ਜਬਰੀ ਵਸਤੂਆਂ ਵੀ ਖ਼ਰੀਦਣ ਲਈ ਮਜ਼ਬੂਰ ਕੀਤਾ ਜਾਂਦਾ ਹੈ ਉੱਤੇ ਉਨ੍ਹਾਂ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਕਿ ਅਜਿਹੇ ਵਿਕਰੇਤਾਵਾਂ ਖਿਲਾਫ਼ ਸਖ਼ਤ ਕਾਰਵਾਈ ਕਰਕੇ ਉਨ੍ਹਾਂ ਦਾ ਲਾਇਸੰਸ ਰੱਦ ਕੀਤਾ ਜਾਵੇ।
ਇਸ ਉਪਰੰਤ ਪੇਂਡੂ ਵਿਕਾਸ ਤੇ ਪੰਚਾਇਤਾਂ, ਖੇਤੀਬਾੜੀ ਅਤੇ ਕਿਸਾਨ ਭਲਾਈ ਤੇ ਪ੍ਰਵਾਸੀ ਭਾਰਤੀ ਮਾਮਲੇ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਦੀ ਭਲਾਈ ਲਈ ਹਰੇਕ ਪੱਖ ਤੋਂ ਉਨ੍ਹਾਂ ਨਾਲ ਚੱਟਾਨ ਵਾਂਗ ਨਾਲ ਖੜ੍ਹੀ ਹੈ। ਉਨ੍ਹਾਂ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਗੰਭੀਰ ਸੰਕਟ ਵਿਚੋਂ ਕੱਢਣ ਲਈ ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਉਣ ਤੇ ਕਿਸਾਨਾਂ ਨੂੰ ਕਣਕ-ਝੋਨੇ ਦੇ ਫ਼ਸਲੀ ਚੱਕਰ ਚੋਂ ਬਾਹਰ ਕੱਢਣ ਅਤੇ ਖੇਤੀਬਾੜੀ ਨੂੰ ਵੱਖ-ਵੱਖ ਆਧੁਨਿਕ ਤਰੀਕਿਆਂ ਨਾਲ ਕਰਨ ਲਈ ਪੰਜਾਬ ਸਰਕਾਰ ਵਲੋਂ ਉਪਰਾਲੇ ਜਾਰੀ ਹਨ। ਉਨ੍ਹਾਂ ਹੋਰ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਵਿਭਾਗ ਵਲੋਂ ਨਿਯੁਕਤ ਕੀਤੀਆਂ ਟੀਮਾਂ ਵਲੋਂ ਮੁੜ 28 ਜੁਲਾਈ ਨੂੰ ਨਰਮੇ ਦੀ ਫ਼ਸਲ ਨਾਲ ਸਬੰਧਤ ਖੇਤਾਂ ਦਾ ਦੌਰਾ ਕਰਕੇ ਜਾਇਜ਼ਾ ਲਿਆ ਜਾਵੇਗਾ।
ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਦੀ ਰੋਕਥਾਮ ਲਈ ਖੇਤੀਬਾੜੀ ਵਿਭਾਗ ਵਲੋਂ ਤਿੰਨ ਮੈਂਬਰੀ ਫਲਾਇੰਗ ਸਕਿਊਅਰਡ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸਬੰਧੀ ਜਲਦ ਹੈਲਪ ਲਾਇਨ ਨੰਬਰ ਵੀ ਜਾਰੀ ਕੀਤਾ ਜਾਵੇਗਾ ਤਾਂ ਜੋ ਆਮ ਲੋਕ ਇਸ ਦਾ ਵੱਧ ਤੋਂ ਵੱਧ ਲਾਭ ਲੈ ਸਕਣ। ਉਨ੍ਹਾਂ ਹੋਰ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਵਿਭਾਗ ਵਲੋਂ ਬਣਾਈ ਗਈਆਂ ਵੱਖ-ਵੱਖ 230 ਟੀਮਾਂ ਵਲੋਂ ਅੱਜ 757 ਥਾਵਾਂ ਤੇ ਜਾ ਕੇ ਨਰਮੇ ਦੀ ਫ਼ਸਲ ਦਾ ਸਰਵੇਖਣ ਕੀਤਾ ਗਿਆ, ਜਿਸ ਵਿੱਚ 370 ਥਾਵਾਂ ਤੇ ਚਿੱਟਾ ਮੱਛਰ ਤੇ 14 ਥਾਵਾਂ ਤੇ ਨਾ ਮਾਤਰ ਗੁਲਾਬੀ ਸੁੰਡੀ ਦਾ ਅਸਰ ਦੇਖਣ ਨੂੰ ਮਿਲਿਆ ਹੈ। ਇੱਕ ਹੋਰ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਕੋਈ ਵੀ ਵਿਕਰੇਤਾ ਨਕਲੀ ਕੀਟਨਾਸ਼ਕ ਦਵਾਈ ਜਾਂ ਨਿਰਧਾਰਤ ਰੇਟਾਂ ਤੋਂ ਵੱਧ ਵੇਚਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ਼ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰਬੰਧਕੀ ਕੈਪਲੈਕਸ ਵਿੱਚ ਕੈਬਨਿਟ ਮੰਤਰੀ ਵਲੋਂ ਮਾਲਵਾ ਪੱਟੀ ਦੇ ਨਰਮਾ ਬਿਜਾਈ ਕਰਨ ਵਾਲੇ 7 ਜ਼ਿਲ੍ਹਿਆਂ ਬਠਿੰਡਾ ਤੋਂ ਇਲਾਵਾ ਮਾਨਸਾ, ਸ਼੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਬਰਨਾਲਾ, ਫ਼ਰੀਦਕੋਟ ਤੇ ਸੰਗਰੂਰ ਦੇ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਬੈਠਕ ਕੀਤੀ। ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਕੋਲੋਂ ਜਿੱਥੇ ਨਰਮੇ ਦੀ ਫ਼ਸਲ ਨੂੰ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਤੋਂ ਬਚਾਉਣ ਲਈ ਹੁਣ ਤੱਕ ਕੀਤੇ ਗਏ ਕਾਰਜਾਂ ਸਬੰਧੀ ਰਿਪੋਰਟ ਹਾਸਲ ਕੀਤੀ ਉੱਥੇ ਹੀ ਉਨ੍ਹਾਂ ਅਧਿਕਾਰੀਆਂ ਨੂੰ ਅਗਲੇ ਦਿਨਾਂ ਚ ਹੋਰ ਵੱਧ ਸਰਗਰਮੀ ਨਾਲ ਵੱਧ ਤੋਂ ਵੱਧ ਕੈਂਪ ਲਗਾ ਕੇ ਕਿਸਾਨਾਂ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਤੋਂ ਛੁਟਕਾਰਾ ਦਿਵਾਉਣ ਲਈ ਲੋੜੀਂਦੇ ਆਦੇਸ਼ ਵੀ ਦਿੱਤੇ।
ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਸ. ਪਾਖ਼ਰ ਸਿੰਘ ਤੋਂ ਇਲਾਵਾ ਪੀਏਯੂ ਦੇ ਵਿਗਿਆਨੀ ਤੇ ਖੇਤੀ ਮਾਹਿਰ ਆਦਿ ਅਧਿਕਾਰੀ ਹਾਜ਼ਰ ਸਨ।
About The Author

BASED ON TRUTH TELECAST
This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.
Post Comment
Sponsored
Latest News


Comment List