
ਲੰਪੀ ਸਕਿਨ ਬਿਮਾਰੀ ਦਾ ਪੰਜਾਬ ਵਿੱਚ ਕਹਿਰ, ਕਿਸਾਨ ਦੀਆਂ 20 ਗਾਵਾਂ ਦੀ ਹਾਲਤ ਨਾਜ਼ੁਕ
ਬੀਮਾਰੀ ਨਾਲ ਪੀੜਤ ਗਾਵਾਂ ਦਾ ਸਬੰਧਤ ਵਿਭਾਗ ਵੱਲੋਂ ਨਿਰੀਖਣ ਨਾ ਕਰਨ 'ਤੇ ਕਿਸਾਨਾਂ 'ਚ ਰੋਸ
ਤਰਨਤਾਰਨ, 3 ਅਗਸਤ ( ਗੁਰਕੀਰਤ ਸਿੰਘ ਸਕੱਤਰਾ )- ਕੋਰੋਨਾ ਵਾਇਰਸ ਵਾਂਗ ਤੇਜ਼ੀ ਨਾਲ ਫੈਲ ਰਹੀ ਲੰਪੀ ਸਕਿਨ ਬੀਮਾਰੀ ਨੇ ਪੰਜਾਬ ਦੇ ਪਸ਼ੂ ਪਾਲਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਜ਼ਿਲ੍ਹਾ ਤਰਨਤਾਰਨ ਦੇ ਪਿੰਡ ਮੱਦਰ ਮੱਥਰਾ ਭਾਗੀ 'ਚ ਸਥਿਤ ਗਿੱਲ ਡੇਅਰੀ ਫਾਰਮ ਦੀਆਂ 20 ਗਾਵਾਂ ਦੀ ਹਾਲਤ ਇਸ ਬੀਮਾਰੀ ਕਾਰਨ ਨਾਜ਼ੁਕ ਬਣੀ ਹੋਈ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿੱਲ ਡੇਅਰੀ ਫਾਰਮ ਦੇ ਮਾਲਕ ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀਆਂ 20 ਗਾਵਾਂ ਦੀ ਹਾਲਤ ਲੰਪੀ ਸਕਿਨ ਬੀਮਾਰੀ ਨਾਲ ਨਾਜ਼ੁਕ ਬਣੀ ਹੋਈ ਹੈ। ਇਸ ਮੌਕੇ ਸਬੰਧਤ ਵਿਭਾਗ ਪ੍ਰਤੀ ਰੋਸ ਜ਼ਾਹਰ ਕਰਦਿਆਂ ਪਰਮਜੀਤ ਸਿੰਘ ਨੇ ਕਿਹਾ ਕਿ ਲੰਪੀ ਸਕਿਨ ਬੀਮਾਰੀ ਦਾ ਨਿਰੀਖਣ ਜਾਂ ਟੈਸਟ ਕਰਨ ਲਈ ਅਜੇ ਤੱਕ ਕੋਈ ਵੀ ਸਰਕਾਰੀ ਅਧਿਕਾਰੀ ਉਨ੍ਹਾਂ ਕੋਲ ਨਹੀਂ ਪੁੱਜਾ। ਉਨ੍ਹਾਂ ਕਿਹਾ ਕਿ ਸਾਲ 2018 'ਚ ਉਨ੍ਹਾਂ ਕੋਲ 40 ਦੇ ਕਰੀਬ ਪਸ਼ੂ ਸਨ, ਜਿੰਨਾਂ ਚੋਂ 17 ਦੇ ਕਰੀਬ ਪਸ਼ੂ ਗਲ-ਘੋਟੂ ਅਤੇ ਮੂੰਹ-ਖੁਰ ਨਾਮ ਦੀ ਬੀਮਾਰੀ ਕਾਰਨ ਮਰ ਗਏ ਸਨ, ਜਿਸ ਨਾਲ ਉਨ੍ਹਾਂ ਨੂੰ 15 ਤੋਂ 16 ਲੱਖ ਰੁਪਏ ਦਾ ਨੁਕਸਾਨ ਹੋਇਆ ਸੀ। ਪਰਮਜੀਤ ਸਿੰਘ ਨੇ ਕਿਹਾ ਕਿ ਉਸ ਵਕਤ ਵੀ ਕਿਸੇ ਸਰਕਾਰੀ ਅਧਿਕਾਰੀ ਨੇ ਉਨ੍ਹਾਂ ਦੀ ਸਾਰ ਨਹੀਂ ਲਈ ਸੀ। ਪਰਮਜੀਤ ਦਾ ਕਹਿਣਾ ਸੀ ਕਿ 2018 'ਚ ਉਨ੍ਹਾਂ ਵੱਲੋਂ ਮੂੰਹ-ਖੁਰ ਅਤੇ ਗਲ-ਘੋਟੂ ਬੀਮਾਰੀ ਨਾਲ ਮਰੀਆਂ ਗਾਵਾਂ ਸੰਬੰਧੀ ਇਕ ਅਰਜ਼ੀ ਜ਼ਿਲ੍ਹਾ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਨੂੰ ਦਿੱਤੀ ਗਈ ਸੀ, ਪ੍ਰੰਤੂ ਨਾ ਤਾਂ ਕਿਸੇ ਸਰਕਾਰੀ ਅਧਿਕਾਰੀ ਨੇ ਉਨ੍ਹਾਂ ਦੇ ਡੇਅਰੀ ਫਾਰਮ ਦਾ ਨਿਰੀਖਣ ਕੀਤਾ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਮੁਆਵਜ਼ਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਹੁਣ ਗਾਵਾਂ ਨੂੰ ਤੇਜ਼ੀ ਨਾਲ ਫੈਲ ਰਹੀ ਲੰਪੀ ਸਕਿਨ ਬੀਮਾਰੀ ਨਾਲ ਉਨ੍ਹਾਂ ਦੇ ਡੇਅਰੀ ਫਾਰਮ ਦੀਆਂ ਕਰੀਬ 20 ਗਾਂਵਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਪਰ ਹੁਣ ਵੀ ਸੰਬੰਧਤ ਵਿਭਾਗ ਦਾ ਕੋਈ ਵੀ ਅਧਿਕਾਰੀ ਗਾਵਾਂ ਦਾ ਨਿਰੀਖਣ ਜਾਂ ਟੈਸਟ ਕਰਨ ਲਈ ਨਹੀਂ ਪਹੁੰਚਿਆ ਹੈ। ਇਸ ਮੌਕੇ ਪਰਮਜੀਤ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸੰਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਲੰਪੀ ਸਕਿਨ ਬੀਮਾਰੀ ਨਾਲ ਪੀੜਤ ਪਸ਼ੂਆਂ ਦਾ ਨਿਰੀਖਣ ਕਰਨ ਲਈ ਡੇਅਰੀ ਫਾਰਮਾਂ 'ਚ ਭੇਜਣ ਤਾਂ ਜੋ ਇਸ ਬੀਮਾਰੀ ਦਾ ਕਾਰਨ ਪਤਾ ਕਰਕੇ ਇਸਦਾ ਇਲਾਜ਼ ਲੱਭਿਆ ਜਾ ਸਕੇ। ਉੱਧਰ ਛੋਟੇ ਕਿਸਾਨ ਪ੍ਰਤੀ ਹਮਦਰਦੀ ਜਤਾਉਂਦਿਆਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਭਾਈ ਪੂਹਲਾ ਦੇ ਖ਼ਜ਼ਾਨਚੀ ਪੂਰਨ ਸਿੰਘ ਮੱਦਰ ਨੇ ਕਿਹਾ ਕਿ ਲੰਪੀ ਸਕਿਨ ਬੀਮਾਰੀ ਨਾਲ ਪੀੜਤ ਪਸ਼ੂਆਂ ਨੇ ਦੁੱਧ ਦੇਣਾ ਬੰਦ ਕਰ ਦਿੱਤਾ ਹਨ, ਜਿਸ ਨਾਲ ਪਸ਼ੂ ਪਾਲਕਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਗਿੱਲ ਡੇਅਰੀ ਫਾਰਮ ਦੇ ਮਾਲਕ ਵੱਲੋਂ ਪਹਿਲਾਂ ਹੀ ਦੁੱਧ ਘੱਟ ਰੇਟ 'ਤੇ ਵੇਚਿਆ ਜਾ ਰਿਹਾ ਸੀ, ਜਿਸ ਕਾਰਨ ਉਨ੍ਹਾਂ ਨੂੰ ਇਹ ਪਸ਼ੂ ਬੋਝ ਲੱਗ ਰਹੇ ਸਨ। ਪ੍ਰੰਤੂ ਹੁਣ ਕੁਦਰਤ ਦੇ ਕਹਿਰ ਅਤੇ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਡੇਅਰੀ ਮਾਲਕ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਹੈ। ਇਸ ਮੌਕੇ ਜ਼ਿਲ੍ਹੇ ਦੇ ਵੈਟਰਨਰੀ ਵਿਭਾਗ ਪ੍ਰੰਤੀ ਰੋਸ ਜ਼ਾਹਰ ਕਰਦਿਆਂ ਕਿਸਾਨ ਆਗੂ ਨੇ ਕਿਹਾ ਕਿ ਵੈਟਰਨਰੀ ਵਿਭਾਗ ਦੇ ਅਧਿਕਾਰੀਆਂ ਦਾ ਲੰਪੀ ਸਕਿਨ ਬੀਮਾਰੀ ਦੇ ਨਿਰੀਖਣ ਲਈ ਪਸ਼ੂ ਪਾਲਕਾਂ ਕੋਲ ਨਾ ਪੁੱਜਣਾ ਨਿੰਦਣਯੋਗ ਗੱਲ ਹੈ। ਉਨ੍ਹਾਂ ਕਿਹਾ ਕਿ ਮੱਦਰ ਮੱਥਰਾ ਭਾਗੀ ਨੂੰ ਬੀਤੇ 30 ਸਾਲ ਪਹਿਲਾਂ ਵੈਟਰਨਰੀ ਹਸਪਤਾਲ ਦਿੱਤਾ ਗਿਆ ਸੀ ਪਰ ਨੀਂਹ ਪੱਥਰ ਰੱਖਣ ਤੋਂ ਬਾਅਦ ਹਸਪਤਾਲ ਦੀ ਉਸਾਰੀ ਨਹੀਂ ਕੀਤੀ ਗਈ। ਇਸ ਮੌਕੇ ਕਿਸਾਨ ਆਗੂ ਮਾਨ ਸਿੰਘ ਮਾਡ਼ੀਮੇਘਾ, ਨਿਸ਼ਾਨ ਸਿੰਘ ਮਾਡ਼ੀਮੇਘਾ, ਮੀਤ ਸਕੱਤਰ, ਪੂਰਨ ਸਿੰਘ ਮੱਦਰ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਉਨ੍ਹਾਂ ਦੇ ਪਸ਼ੂਆਂ ਦਾ ਇਲਾਜ ਮੁੱਢਲੇ ਆਧਾਰ 'ਤੇ ਕਰਵਾਇਆ ਜਾਵੇ ਅਤੇ ਲੰਪੀ ਬੀਮਾਰੀ ਨਾਲ ਮਰ ਚੁੱਕੇ ਪਸ਼ੂਆਂ ਦੇ ਮਾਲਕਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਤੇਜ਼ੀ ਨਾਲ ਤਬਾਹ ਹੋ ਰਹੇ ਡੇਅਰੀ ਫਾਰਮਾਂ ਨੂੰ ਮੁੜ ਸੁਰਜੀਤ ਕੀਤਾ ਜਾ ਸਕੇ।
About The Author

BASED ON TRUTH TELECAST
This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.
Related Posts
Post Comment
Sponsored
Latest News

Comment List