‘ਰੰਗਲਾ ਪੰਜਾਬ’ ਬਣਾਉਣ ਲਈ ਸੂਬਾ ਸਰਕਾਰ ਵਚਨਬੱਧ: ਭਗਵੰਤ ਮਾਨ

ਮੁੱਖ ਮੰਤਰੀ ਵੱਲੋਂ ਬੇਰੋਜ਼ਗਾਰੀ, ਭ੍ਰਿਸ਼ਟਾਚਾਰ, ਫਿਰਕੂਵਾਦ ਅਤੇ ਹੋਰ ਸਮਾਜਿਕ ਬੁਰਾਈਆਂ ਖ਼ਿਲਾਫ਼ ਲੋਕਾਂ ਨੂੰ ਜੰਗ ਵਿੱਢਣ ਦਾ ਸੱਦਾ

On
‘ਰੰਗਲਾ ਪੰਜਾਬ’ ਬਣਾਉਣ ਲਈ ਸੂਬਾ ਸਰਕਾਰ ਵਚਨਬੱਧ: ਭਗਵੰਤ ਮਾਨ

ਲੁਧਿਆਣਾ, 15 ਅਗਸਤ (BTTNEWS)-
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ‘ਰੰਗਲਾ ਪੰਜਾਬ’ ਬਣਾਉਣ ਅਤੇ ਸੁਤੰਤਰਤਾ ਸੰਗਰਾਮੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਲੋਕਾਂ ਨੂੰ ਬੇਰੋਜ਼ਗਾਰੀ, ਭ੍ਰਿਸ਼ਟਾਚਾਰ, ਫਿਰਕੂਪੁਣੇ ਅਤੇ ਹੋਰ ਸਮਾਜਿਕ ਪੱਖਪਾਤ ਵਰਗੀਆਂ ਬੁਰਾਈਆਂ ਖ਼ਿਲਾਫ਼ ਜੰਗ ਵਿੱਢਣ ਦਾ ਸੱਦਾ ਦਿੱਤਾ।

ਇੱਥੇ ਸੁਤੰਤਰਤਾ ਦਿਵਸ ਮੌਕੇ ਸੂਬਾ ਪੱਧਰੀ ਸਮਾਰੋਹ ਦੌਰਾਨ ਗੁਰੂ ਨਾਨਕ ਸਟੇਡੀਅਮ ਵਿਖੇ ਕੌਮੀ ਝੰਡਾ ਲਹਿਰਾਉਣ ਮਗਰੋਂ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਮਾਜਿਕ ਬੁਰਾਈਆਂ ਸੂਬੇ ਦੀ ਤਰੱਕੀ ਤੇ ਲੋਕਾਂ ਦੀ ਖ਼ੁਸ਼ਹਾਲੀ ਵਿੱਚ ਰੁਕਾਵਟ ਹਨ। ਉਨ੍ਹਾਂ ਕਿਹਾ ਕਿ ਸਮਾਂ ਆ ਗਿਆ ਹੈ ਕਿ ਜਦੋਂ ਅਸੀਂ ਆਪਣੀਆਂ ਅਣਥੱਕ ਕੋਸ਼ਿਸ਼ਾਂ ਨਾਲ ਸੂਬੇ ਵਿੱਚੋਂ ਇਨ੍ਹਾਂ ਬੁਰਾਈਆਂ ਦੀ ਜੜ੍ਹ ਵੱਢ ਸੁੱਟੀਏ। ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਸਰਕਾਰ ਇਸ ਮਹਾਨ ਕਾਰਜ ਲਈ ਦ੍ਰਿੜ੍ਹ ਸੰਕਲਪ ਹੈ ਪਰ ਇਹ ਮਿਸ਼ਨ ਲੋਕਾਂ ਦੇ ਸਰਗਰਮ ਸਹਿਯੋਗ ਤੋਂ ਬਿਨਾਂ ਮੁਕੰਮਲ ਨਹੀਂ ਹੋ ਸਕਦਾ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਹ ਹਰੇਕ ਭਾਰਤੀ ਲਈ ਮਾਣ ਤੇ ਸਤਿਕਾਰ ਦਾ ਮੌਕਾ ਹੈ ਕਿ ਦੇਸ਼ ਦੀ ਆਜ਼ਾਦੀ ਤੇ ਜਮਹੂਰੀ ਗਣਤੰਤਰ ਨੂੰ ਅੱਜ 75 ਵਰ੍ਹੇ ਪੂਰੇ ਹੋਏ ਹਨ। ਦੇਸ਼-ਵਿਦੇਸ਼ ਵਿੱਚ ਵਸਦੇ ਹਰੇਕ ਭਾਰਤ ਵਾਸੀ ਖ਼ਾਸ ਤੌਰ ਉਤੇ ਪੰਜਾਬੀਆਂ ਨੂੰ ਇਸ ਦਿਵਸ ਦੀ ਵਧਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਇਤਿਹਾਸਕ ਮੌਕਾ ਹੈ ਅਤੇ ਅਸੀਂ ਖ਼ੁਸ਼ਕਿਸਮਤ ਹਾਂ, ਜੋ ਇਸ ਮੌਕੇ ਦੇ ਗਵਾਹ ਬਣੇ। ਭਗਵੰਤ ਮਾਨ ਨੇ ਕਿਹਾ ਕਿ ਭਾਰਤ ਦੀ ਆਜ਼ਾਦੀ ਦੀ ਰਾਹ ਕਾਫ਼ੀ ਲੰਮੀ ਤੇ ਚੁਣੌਤੀ ਭਰਪੂਰ ਸੀ ਪਰ ਇਸ ਆਜ਼ਾਦੀ ਨੂੰ ਬਰਕਰਾਰ ਰੱਖਣ ਦੀ ਰਾਹ ਵੀ ਉਨੀ ਹੀ ਮੁਸ਼ਕਲ ਹੈ।

ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਬਰਤਾਨਵੀ ਸਾਮਰਾਜ ਦੀ ਕਾਲੋਨੀ ਵਜੋਂ ਸਾਡੇ ਮੁਲਕ ਨੂੰ ਬਹੁਤ ਸਾਰੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ। ਕੌਮੀ ਨਾਇਕਾਂ ਵੱਲੋਂ ਸਮਰਪਣ ਤੇ ਬਹਾਦਰੀ ਨਾਲ ਸੁਤੰਤਰਤਾ ਸੰਗਰਾਮ ਵਿੱਚ ਪਾਏ ਯੋਗਦਾਨ ਨਾਲ ਹੀ ਵਿਦੇਸ਼ੀ ਸਾਮਰਾਜਵਾਦ ਦੀਆਂ ਜੰਜ਼ੀਰਾਂ ਵੱਢੀਆਂ ਜਾ ਸਕੀਆਂ। ਉਨ੍ਹਾਂ ਕਿਹਾ ਕਿ ਬਰਤਾਨਵੀ ਅੱਤਿਆਚਾਰ ਵਿਰੁੱਧ ਲੜਾਈ ਵਿੱਚ 80 ਫੀਸਦੀ ਤੋਂ ਵੱਧ ਯੋਗਦਾਨ ਪੰਜਾਬੀਆਂ ਦਾ ਸੀ। ਭਗਵੰਤ ਮਾਨ ਨੇ ਕਿਹਾ ਕਿ ਬਾਬਾ ਰਾਮ ਸਿੰਘ, ਸ਼ਹੀਦ-ਏ-ਆਜ਼ਮ ਭਗਤ ਸਿੰਘ, ਸ਼ਹੀਦ ਰਾਜਗੁਰੂ, ਸ਼ਹੀਦ ਸੁਖਦੇਵ, ਲਾਲਾ ਲਾਜਪਤ ਰਾਏ, ਸ਼ਹੀਦ ਊਧਮ ਸਿੰਘ, ਕਰਤਾਰ ਸਿੰਘ ਸਰਾਭਾ, ਦੀਵਾਨ ਸਿੰਘ ਕਾਲੇਪਾਣੀ ਅਤੇ ਕਈ ਹੋਰ ਸੁਤੰਤਰਤਾ ਸੰਗਰਾਮੀਆਂ ਨੇ ਸਾਡੇ ਲਈ ਮੁਲਕ ਨੂੰ ਆਜ਼ਾਦ ਕਰਵਾਉਣ ਲਈ ਆਪਣਾ ਖ਼ੂਨ ਡੋਲਿਆ।

ਮੁੱਖ ਮੰਤਰੀ ਨੇ ਅਫ਼ਸੋਸ ਪ੍ਰਗਟਾਇਆ ਕਿ ਕੁੱਝ ਲੋਕ, ਮਹਾਨ ਸੁਤੰਤਰਤਾ ਸੰਗਰਾਮੀਆਂ ਦੇ ਮਾਤ ਭੂਮੀ ਲਈ ਪਾਏ ਯੋਗਦਾਨ ਉਤੇ ਸਵਾਲ ਖੜ੍ਹੇ ਕਰ ਰਹੇ ਹਨ। ਭਗਵੰਤ ਮਾਨ ਨੇ ਲੋਕਾਂ ਨੂੰ ਯਾਦ ਕਰਵਾਇਆ ਕਿ ਇਨ੍ਹਾਂ ਮਹਾਨ ਕੌਮੀ ਨਾਇਕਾਂ ਤੇ ਸ਼ਹੀਦਾਂ ਨੇ ਦੇਸ਼ ਨੂੰ ਬਰਤਾਨਵੀ ਸ਼ਾਸਨ ਦੀਆਂ ਜੰਜ਼ੀਰਾਂ ਤੋਂ ਮੁਕਤ ਕਰਵਾਉਣ ਲਈ ਕਿਵੇਂ ਲੰਮੀ ਜਦੋ-ਜਹਿਦ ਕੀਤੀ। ਉਨ੍ਹਾਂ ਕਿਹਾ ਕਿ ਸ਼ਹੀਦਾਂ ਵੱਲੋਂ ਪਾਏ ਯੋਗਦਾਨ ਉਤੇ ਸਵਾਲ ਚੁੱਕਣਾ ਇਕ ਘਿਨਾਉਣਾ ਤੇ ਨਾ ਮੁਆਫ਼ੀਯੋਗ ਅਪਰਾਧ ਹੈ।

ਮੁੱਖ ਮੰਤਰੀ ਨੇ ਦ੍ਰਿੜ੍ਹਤਾ ਨਾਲ ਆਖਿਆ ਕਿ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਅੱਜ ਵੀ ਪੰਜਾਬੀ ਸਭ ਤੋਂ ਮੂਹਰੇ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਦੇਸ਼ ਨੂੰ ਕਿਸੇ ਅੰਦਰੂਨੀ ਜਾਂ ਬਾਹਰੀ ਹਮਲੇ ਦਾ ਸਾਹਮਣਾ ਕਰਨਾ ਪਿਆ ਤਾਂ ਪੰਜਾਬੀਆਂ ਨੇ ਹਮੇਸ਼ਾ ਦੇਸ਼ ਦੀ ਅਗਵਾਈ ਕੀਤੀ। ਭਗਵੰਤ ਮਾਨ ਨੇ ਕਿਹਾ ਕਿ ਇਹ ਗੱਲ ਜੱਗ ਜ਼ਾਹਰ ਹੈ ਕਿ ਪੰਜਾਬ ਦੇ ਕਿਸਾਨਾਂ ਨੇ ਮਿਹਨਤ ਤੇ ਲਗਨ ਨਾਲ ਦੇਸ਼ ਦੇ ਖੁਰਾਕ ਉਤਪਾਦਨ ਵਿੱਚ ਅਹਿਮ ਭੂਮਿਕਾ ਨਿਭਾਈ।

 

ਵਰ੍ਹਦੇ ਮੀਂਹ ਵਿਚ ਅਜਾਦੀ ਦਿਹਾੜੇ ਦਾ ਰੰਗਾ ਰੰਗ ਪ੍ਰੋਗਰਾਮ ਹੋ ਨਿਬੜਿਆ ਯਾਦਗਾਰੀ

ਡੀ ਸੀ ਵਿਨੀਤ ਕੁਮਾਰ ਨੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਲਹਿਰਾਇਆ ਕੌਮੀ ਝੰਡਾ

 

_DSC3034ਸ੍ਰੀ ਮੁਕਤਸਰ ਸਾਹਿਬ  15 ਅਗਸਤ (BTTNEWS)-

                 ਅੱਜ ਸੁਤੰਤਰਤਾ ਦਿਵਸ ਮੌਕੇ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਮਨਾਏ ਗਏ ਜਿਲ੍ਹਾ ਪੱਧਰੀ ਪ੍ਰੋਗਰਾਮ ਵਿਚ ਸਕੂਲਾਂ ਦੇ ਬੱਚਿਆਂ ਵੱਲੋਂ ਵਰ੍ਹਦੇ ਮੀਂਹ ਵਿਚ ਭੰਗੜੇ ਅਤੇ ਗਿੱਧੇ ਦੀ ਪੇਸ਼ਕਾਰੀ ਨਾਲ ਇਹ ਸਮਾਗਮ ਯਾਦਗਾਰੀ ਹੋ ਨਿਬੜਿਆ।

                ਝੰਡਾ ਲਹਿਰਾਉਣ ਦੀ ਰਸਮ ਵੀ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਕਿਣ-ਮਿਣ ਕਣੀਆਂ ਵਿਚ ਨਿਭਾਈ ਅਤੇ ਪਰੇਡ ਤੋਂ ਸਲਾਮੀ ਲਈ।

ਡਿਪਟੀ ਕਮਿਸ਼ਨਰ ਨੇ ਆਪਣੇ ਭਾਸਣ ਵਿਚ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ 2 ਮੁਹੱਲਾ ਕਲੀਨਿਕ ਖੋਲ੍ਹੇ ਜਾ ਰਹੇ ਹਨ ਅਤੇ ਇਸ ਦੇ ਨਾਲ ਹੀ ਸਿਖਿਆ ਦਾ ਪੱਧਰ ਉੱਚਾ ਚੁੱਕਣ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ।

               ਇਸ ਦੇ ਨਾਲ ਹੀ ਉਹਨਾ ਦੱਸਿਆ ਕਿ ਜਿਲ੍ਹੇ ਵਿਚ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਜਿਲ੍ਹਾ ਵਾਸੀਆਂ ਦੇ ਸਹਿਯੋਗ ਨਾਲ ਨਸ਼ਾ ਤਸਕਰਾਂ ਤੇ ਨਕੇਲ ਵੀ ਕਸੀ ਜਾ ਰਹੀ ਹੈ।

ਭਾਰੀ ਬਾਰਿਸ਼ ਦ ਚੱਲਦਿਆਂ ਮਿੱਥੇ ਗਏ ਪ੍ਰੋਗਰਾਮ ਵਿੱਚ ਮਾਮੂਲੀ ਤਬਦੀਲੀਆਂ ਕੀਤੀਆਂ ਗਈਆਂਪ੍ਰੋਗਰਾਮ ਉਪਰੰਤ ਡਿਪਟੀ ਕਮਿਸ਼ਨਰ ਨੇ ਵਰ੍ਹਦੇ ਮੀਂਹ ਵਿਚ ਨੱਚ ਕੇ ਅਤੇ ਗਾ ਕੇ ਖੁਸ਼ੀ ਦਾ ਇਜਹਾਰ ਕਰਨ ਵਾਲੇ ਬੱਚਿਆਂ ਅਤੇ ਸਰਕਾਰ ਦੇ ਸਾਰੇ ਨੁਮਾਇੰਦਿਆਂ ਦੀ ਇਸ ਪ੍ਰੋਗਰਾਮ ਨੂੰ ਸਫਲ ਬਨਾਉਣ ਲਈ ਸ਼ਲਾਘਾ ਕੀਤੀ। ਉੁਨ੍ਹਾਂ ਕਿਹਾ ਕਿ ਇਹ ਸੁਤੰਤਰਤਾ ਸਮਾਗਮ ਉਨ੍ਹਾਂ ਲਈ ਅਤੇ ਸਾਰੇ ਹੀ ਹਾਜ਼ਰ ਲੋਕਾਂ ਲਈ ਅਮਿਟ ਯਾਦ ਬਣ ਗਿਆ ਹੈ।

ਸੁਤੰਤਰਤਾ ਦਿਵਸ ਦੇ ਮੌਕੇ ਤੇ ਸ੍ਰੀ ਮੁਕਤਸਰ ਸਾਹਿਬ ਪੁਲਿਸ ਦੇ 75 ਸਾਈਕਲਿਸਟ 75 ਕਿਲੋਮੀਟਰ ਦਾ ਫਾਸਲਾ ਤਹਿ ਕਰਕੇ ਸਮਾਗਮ ਵਾਲੇ ਸਥਾਨ ਤੇ ਪਹੁੰਚੇ। ਇਹਨਾਂ ਸਾਈਕਲਿਸਟਾਂ ਦੀ ਅਗਵਾਈ ਕਰਨ ਵਾਲੇ ਪੰਜਾਬ ਪੁਲਿਸ ਦੇ ਜਵਾਨ ਵਲੋਂ ਮੋਟਰ ਸਾਈਕਲ ਤੇ ਤਿਰੰਗਾ ਲਹਿਰਾਉਂਦੇ ਹੋਏ ਆਪਣੇ ਕਰੱਤਬ ਦਿਖਾਇਆ ਗਿਆਜਿਸ ਵਿਚ ਉਸ ਨੇ ਮੋਟਰਸਾਇਕਲ ਉੱਪਰ ਖੜ੍ਹੇ ਹੋ ਕੇ ਤਿਰੰਗੇ ਝੰਡੇ ਨਾਲ ਸਲਾਮੀ ਦਿੱਤੀ। 

              ਇਸ ਮੌਕੇ ਜਿ਼ਲ੍ਹਾ ਰੈਡ ਕਰਾਸ ਵਲੋਂ ਲੋੜਵੰਦ ਔਰਤਾਂ ਨੂੰ ਆਪਣਾ ਖੁਦ ਦਾ ਕੰਮ ਸ਼ੁਰੂ ਕਰਨ ਲਈ 18 ਸਿਲਾਈ ਮਸ਼ੀਨਾਂ ਦਿੱਤੀਆਂ ਗਈਆਂ। ਖੇਡ ਵਿਭਾਗ ਦੇ ਖਿਡਾਰੀਆਂ ਵਲੋਂ ਇਸ ਮੌਕੇ ਤੇ ਸ਼ਾਨਦਾਰ ਜਿਮਨਾਸਟਿਕ ਸ਼ੋਅ ਪੇਸ਼ ਕੀਤਾ ਗਿਆ।  ਇਸ ਤੋਂ ਇਲਾਵਾ ਸ.ਸ.ਸ.ਸ. ਲੜਕੇ ਅਤੇ ਲੜਕੀਆਂ ਨੇ ਪੈਂਦੇ ਮੀਂਹ ਵਿੱਚ ਪੀ.ਟੀ.ਸ਼ੋਅ ਵੀ ਪੇਸ਼ ਕੀਤਾ।ਇਸ ਮੌਕੇ ਤੇ ਜਿ਼ਲ੍ਹਾ ਪ੍ਰਸ਼ਾਸਨ ਵਲੋਂ ਆਜ਼ਾਦੀ ਘੁਲਾਟੀਆਂ ਨੂੰ ਸਨਮਾਨਚਿੰਨ ਅਤੇ ਵਧੀਆ ਕਾਰਗੁਜਾਰੀ ਦਿਖਾਉਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪ੍ਰਸੰਸਾ ਪੱਤਰ ਵੀ ਦਿੱਤੇ। 

ਇਸ ਮੌਕੇ ਤੇ ਸ੍ਰੀ ਅਰੁਨਵੀਰ ਵਸਿ਼ਸ਼ਟ ਜਿ਼ਲ੍ਹਾ ਅਤੇ ਸੈਸ਼ਨ ਜੱਜਸ.ਜਗਦੀਪ ਸਿੰਘ ਕਾਕਾ ਬਰਾੜ ਐਮ.ਐਲ.ਏ ਸ੍ਰੀ ਮੁਕਤਸਰ ਸਾਹਿਬਸ.ਗੁਰਮੀਤ ਸਿੰਘ ਖੁੱਡੀਆ ਵਿਧਾਇਕ ਲੰਬੀਸਚਿਨ ਗੁਪਤਾ ਐਸ.ਐਸ.ਪੀ.ਸ੍ਰੀ ਰਾਜਪਾਲ ਸਿੰਘ ਏ.ਡੀ.ਸੀ.(ਵਿਕਾਸ) ਰਾਜਦੀਪ ਕੌਰ ਏ.ਡੀ.ਸੀ.(ਜਨਰਲ)ਸ੍ਰੀਮਤੀ ਸਵਰਨਜੀਤ ਕੌਰ ਐਸ.ਡੀ.ਐਮਜਗਦੇਵ ਸਿੰਘ ਬਾਂਮ ਜਿ਼ਲ੍ਹਾ ਪ੍ਰਧਾਨ ਆਮ ਆਦਮੀ ਪਾਰਟੀਜ਼ਸ਼ਨ ਬਰਾੜ ਲੋਕ ਸਭਾ ਹਲਕਾ ਇੰਚਾਰਜ ਫਿਰੋਜ਼ਪੁਰਵਰਿੰਦਰ ਢੋਸੀਵਾਲ ਜਨਰਲ ਸਕੱਤਰ ਪੰਜਾਬ ਤੋਂ ਇਲਾਵਾ ਪਤਵੰਤੇ ਵਿਅਕਤੀਵੱਖ-ਵੱਖ ਵਿਭਾਗਾਂ ਦੇ ਅਧਿਕਾਰੀ-ਕਰਮਚਾਰੀਵੱਖ ਵੱਖ ਸਕੂਲਾਂ ਦੇ ਟੀਚਰ ਅਤੇ ਵਿਦਿਆਰਥੀ ਮੌਜੂਦ ਸਨ।ਇਸ ਸਮਾਗਮ ਦੀ ਸਮੁੱਚੀ ਸਟੇਜ਼ ਸੰਚਾਲਨ ਦੀ ਭੂਮਿਕਾ ਜਿ਼ਲ੍ਹਾ ਲੋਕ ਸੰਪਰਕ ਅਫਸਰ ਸ. ਗੁਰਦੀਪ ਸਿੰਘ ਮਾਨ ਵਲੋਂ ਨਿਭਾਈ ਗਈ।

 

 ਸੂਚਨਾ ਤੇ ਲੋਕ ਸੰਪਰਕ ਮੰਤਰੀ ਨੇ ਆਜ਼ਾਦੀ ਦਿਹਾੜੇ ਮੌਕੇ ਫ਼ਤਹਿਗੜ੍ਹ ਸਾਹਿਬ ਵਿਖੇ ਤਿਰੰਗਾ ਲਹਿਰਾਇਆ 

• ਮਾਨ ਸਰਕਾਰ "ਰੰਗਲਾ ਪੰਜਾਬ" ਬਣਾਉਣ ਲਈ ਦਿਨ-ਰਾਤ ਪੂਰੀ ਲਗਨ ਤੇ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ: ਅਮਨ ਅਰੋੜਾ 

Read More  ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਬਲਾਕ ਪੱਧਰੀ ਮੀਟਿੰਗ ਹੋਈ

pic- (3)

ਚੰਡੀਗੜ੍ਹ, 15 ਅਗਸਤ (BTTNEWS)-
 
ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ, ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਸ੍ਰੀ ਅਮਨ ਅਰੋੜਾ ਨੇ ਅੱਜ ਆਜ਼ਾਦੀ ਦਿਹਾੜੇ ਮੌਕੇ ਫਤਹਿਗੜ੍ਹ ਸਾਹਿਬ ਵਿਖੇ ਕੌਮੀ ਝੰਡਾ ਲਹਿਰਾਇਆ ਅਤੇ ਪਰੇਡ ਦਾ ਨਿਰੀਖਣ ਕੀਤਾ।
 
ਸ੍ਰੀ ਅਮਨ ਅਰੋੜਾ ਨੇ ਇਸ ਪਵਿੱਤਰ ਦਿਹਾੜੇ ਮੌਕੇ ਸੂਬਾ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਦਿਨ-ਰਾਤ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ ਅਤੇ ਜਲਦੀ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਇਆ ਜਾਵੇਗਾ।
 
ਸਮਾਗਮ ਉਪਰੰਤ ਜ਼ਿਲ੍ਹੇ ਦੇ ਪਿੰਡ ਛਲੇੜੀ ਖੁਰਦ ਵਿਖੇ "ਆਮ ਆਦਮੀ ਕਲੀਨਿਕ" ਦਾ ਉਦਘਾਟਨ ਕਰਨ ਉਪਰੰਤ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਪਹਿਲੇ ਪੜਾਅ ਤਹਿਤ ਆਜ਼ਾਦੀ ਦਿਹਾੜੇ ਮੌਕੇ 75 "ਆਮ ਆਦਮੀ ਕਲੀਨਿਕ" ਸੂਬੇ ਦੇ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ ਅਤੇ ਇਹ ਸਾਰੇ ਕਲੀਨਿਕ ਅੱਜ ਤੋਂ ਸੇਵਾਵਾਂ ਪ੍ਰਦਾਨ ਕਰਨੀਆਂ ਸ਼ੁਰੂ ਕਰ ਦੇਣਗੇ ਤਾਂ ਜੋ ਲੋਕਾਂ ਨੂੰ ਉਨ੍ਹਾਂ ਦੇ ਘਰ ਨੇੜੇ ਬਿਹਤਰੀਨ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ। ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਤਿੰਨ ਆਮ ਆਦਮੀ ਕਲੀਨਿਕ ਸ਼ੁਰੂ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਸਰਕਾਰੀ ਹਸਪਤਾਲਾਂ ਅਤੇ ਡਿਸਪੈਂਸਰੀਆਂ ਵਿੱਚ ਬੁਨਿਆਦੀ ਢਾਂਚੇ ਨੂੰ ਵੀ ਅਪਗ੍ਰੇਡ ਕਰੇਗੀ ਤਾਂ ਜੋ ਲੋਕਾਂ ਨੂੰ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮੁਫ਼ਤ ਸਿਹਤ ਸੇਵਾਵਾਂ ਮਿਲ ਸਕਣ।
 
ਆਜ਼ਾਦੀ ਦਿਹਾੜੇ ਮੌਕੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਨੂੰ ਦਿੱਤੀ ਜਾਣ ਵਾਲੀ ਐਕਸ-ਗ੍ਰੇਸ਼ੀਆ ਗ੍ਰਾਂਟ ਦੀ ਰਾਸ਼ੀ 50 ਲੱਖ ਰੁਪਏ ਤੋਂ ਵਧਾ ਕੇ 1 ਕਰੋੜ ਰੁਪਏ ਕਰ ਦਿੱਤੀ ਹੈ। ਦੇਸ਼ ਦੀ ਰੱਖਿਆ ਲਈ ਵੱਖ-ਵੱਖ ਅਪਰੇਸ਼ਨਾਂ ਵਿੱਚ ਆਪਣੀਆਂ ਜਾਨਾਂ ਵਾਰਨ ਵਾਲੇ ਜਵਾਨਾਂ ਦੇ ਆਸ਼ਰਿਤਾਂ ਨੂੰ ਸੂਬਾ ਸਰਕਾਰ ਵੱਲੋਂ ਇਹ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।
 
ਮਾਨ ਸਰਕਾਰ ਸੂਬੇ ਨੂੰ ਗੈਂਗਸਟਰਾਂ, ਨਸ਼ਿਆਂ ਅਤੇ ਰੇਤ ਮਾਫੀਆ ਤੋਂ ਮੁਕਤ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ। ਰਾਜ ਸਰਕਾਰ ਨੇ ਸੂਬੇ ਵਿੱਚੋਂ ਗੈਂਗਸਟਰਾਂ ਦਾ ਸਫਾਇਆ ਕਰਨ ਲਈ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਹੈ। ਪਿਛਲੇ ਕੁਝ ਮਹੀਨਿਆਂ ਦੌਰਾਨ ਬਹੁਤ ਸਾਰੇ ਗੈਂਗਸਟਰਾਂ ਨੂੰ ਗ੍ਰਿਫ਼ਤਾਰ/ਢੇਰ ਕਰ ਦਿੱਤਾ ਗਿਆ ਹੈ।
 
ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਵੱਲ ਪ੍ਰੇਰਿਤ ਕਰਨ ਲਈ ਮਾਨ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਹਰੇਕ ਕਿਸਾਨ ਨੂੰ 1500 ਰੁਪਏ ਪ੍ਰਤੀ ਏਕੜ ਦੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸੂਬਾ ਸਰਕਾਰ ਨੇ ਕਿਸਾਨਾਂ ਤੋਂ 7275 ਰੁਪਏ ਪ੍ਰਤੀ ਕੁਇੰਟਲ ਦੇ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) 'ਤੇ ਮੂੰਗੀ ਖਰੀਦੀ ਜਾ ਰਹੀ ਹੈ ਅਤੇ ਇਹ ਪਹਿਲੀ ਵਾਰ ਹੈ ਜਦੋਂ ਸੂਬਾ ਸਰਕਾਰ ਨੇ ਘੱਟੋ ਘੱਟ ਸਮਰਥਨ ਮੁੱਲ (ਐਮਐਸਪੀ) 'ਤੇ ਝੋਨੇ ਜਾਂ ਕਣਕ ਤੋਂ ਇਲਾਵਾ ਕੋਈ ਹੋਰ ਫ਼ਸਲ ਖ਼ਰੀਦੀ ਹੈ।
 
ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਮੁਫ਼ਤ ਬਿਜਲੀ ਦੇਣ ਦਾ ਆਪਣਾ ਵਾਅਦਾ ਵੀ ਪੂਰਾ ਕਰ ਦਿੱਤਾ ਹੈ। ਇਸ ਸਾਲ ਪਹਿਲੀ ਜੁਲਾਈ ਤੋਂ ਹਰ ਪਰਿਵਾਰ ਨੂੰ ਹਰ ਮਹੀਨੇ 300 ਯੂਨਿਟ ਬਿਜਲੀ ਮੁਫ਼ਤ ਮਿਲ ਰਹੀ ਹੈ।
 
ਕੈਬਨਿਟ ਮੰਤਰੀ ਨੇ ਆਜ਼ਾਦੀ ਘੁਲਾਟੀਆਂ, ਉਨ੍ਹਾਂ ਦੇ ਪਰਿਵਾਰਾਂ ਅਤੇ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਵੀ ਸਨਮਾਨਿਤ ਕੀਤਾ। ਜ਼ਿਲ੍ਹਾ ਪ੍ਰਸ਼ਾਸਨ ਅਤੇ ਰੈੱਡ ਕਰਾਸ ਸੁਸਾਇਟੀ ਵੱਲੋਂ ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ ਅਤੇ ਟਰਾਈਸਾਈਕਲ ਵੰਡੇ ਗਏ। ਆਜ਼ਾਦੀ ਦਿਵਸ ਸਮਾਗਮ ਦੌਰਾਨ ਸਕੂਲੀ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ।
 
ਇਸ ਮੌਕੇ ਹਾਜ਼ਰ ਪ੍ਰਮੁੱਖ ਸ਼ਖ਼ਸੀਅਤਾਂ ਵਿੱਚ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ, ਵਿਧਾਇਕ ਰੁਪਿੰਦਰ ਸਿੰਘ ਹੈਪੀ, ਡਿਪਟੀ ਕਮਿਸ਼ਨਰ ਸ੍ਰੀਮਤੀ ਪਰਨੀਤ ਸ਼ੇਰਗਿੱਲ, ਡੀ.ਆਈ.ਜੀ. ਰੂਪਨਗਰ ਰੇਂਜ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਅਜੈ ਸਿੰਘ ਲਿਬੜਾ ਹਾਜ਼ਰ ਸਨ। 
 

 ਭੁੱਲਰ ਨੇ ਸੰਗਰੂਰ ਵਿਖੇ ਲਹਿਰਾਇਆ ਕੌਮੀ ਝੰਡਾ, ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਲਿਆ ਅਹਿਦ

-ਸੰਗਰੂਰ ਦੇ ਲੋਕਾਂ ਨੂੰ ਸਮਰਪਤ ਕੀਤੇ ਚਾਰ ਆਮ ਆਦਮੀ ਕਲੀਨਿਕ

1pic- (2)

ਚੰਡੀਗੜ੍ਹ, 15 ਅਗਸਤ (BTTNEWS)-
 
ਭਾਰਤ ਦੇ 76ਵੇਂ ਆਜ਼ਾਦੀ ਦਿਹਾੜੇ ਮੌਕੇ ਸੰਗਰੂਰ ਵਿਖੇ ਕੌਮੀ ਝੰਡਾ ਲਹਿਰਾਉਂਦਿਆਂ ਪੰਜਾਬ ਦੇ ਟਰਾਂਸਪੋਰਟ ਅਤੇ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਅਤੇ ਪੰਜਾਬ ਨੂੰ  ਸਫ਼ਲਤਾ ਦੀਆਂ ਨਵੀਆਂ ਬੁਲੰਦੀਆਂ 'ਤੇ ਲਿਜਾਣ ਦਾ ਅਹਿਦ ਲਿਆ।
 
ਕੈਬਨਿਟ ਮੰਤਰੀ ਨੇ ਇੱਥੇ ਆਜ਼ਾਦੀ ਦਿਹਾੜੇ ਮੌਕੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਸਾਰਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਾਡੇ ਲਈ ਮਾਣ ਅਤੇ ਪ੍ਰੇਰਨਾ ਦੀ ਗੱਲ ਹੈ ਕਿ ਆਜ਼ਾਦੀ ਦੇ ਸੰਘਰਸ਼ ਦੌਰਾਨ ਪੰਜਾਬੀਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ। ਉਨ੍ਹਾਂ ਪਰੇਡ ਦਾ ਨਿਰੀਖਣ ਵੀ ਕੀਤਾ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ।
 
ਕੈਬਨਿਟ ਮੰਤਰੀ ਸ. ਭੁੱਲਰ ਨੇ ਕਿਹਾ ਕਿ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਦਿਆਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਅੱਜ ਪੰਜਾਬ ਬਿਜਲੀ, ਖੇਤੀਬਾੜੀ, ਸਿੱਖਿਆ, ਕਾਨੂੰਨ ਤੇ ਵਿਵਸਥਾ, ਨਾਗਰਿਕ ਸੇਵਾਵਾਂ, ਬੁਨਿਆਦੀ ਢਾਂਚੇ, ਸ਼ਹਿਰਾਂ ਅਤੇ ਪਿੰਡਾਂ ਦੇ ਸਰਬਪੱਖੀ ਵਿਕਾਸ, ਸਿਹਤ, ਨਿਵੇਸ਼  ਪੱਖੀ ਮਾਹੌਲ ਸਿਰਜਣ ਅਤੇ ਉਦਯੋਗਾਂ ਦੇ ਖੇਤਰ ਵਿੱਚ ਨਾਮਣਾ ਖੱਟ ਰਿਹਾ ਹੈ।
 
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਲਗਭਗ 5 ਮਹੀਨਿਆਂ ਦੇ ਕਾਰਜਕਾਲ ਦੌਰਾਨ ਹੀ ਅਨੇਕਾਂ ਲੋਕ ਪੱਖੀ ਪਹਿਲਕਦਮੀਆਂ ਕੀਤੀਆਂ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦੀ ਸ਼ੁਰੂਆਤ ਕਰਕੇ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖਤਮ ਕਰਨ ਦੀ ਦਿਸ਼ਾ ਵਿੱਚ ਵੱਡੀ ਪਹਿਲਕਦਮੀ ਕੀਤੀ ਹੈ। ਉਨ੍ਹਾਂ ਕਿਹਾ ਕਿ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ ਅਤੇ ਵੱਡੀ ਗਿਣਤੀ ਵਿੱਚ ਗੈਂਗਸਟਰ ਕਾਬੂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਡਿਊਟੀ ਦੌਰਾਨ ਸ਼ਹੀਦੀ ਪ੍ਰਾਪਤ ਕਰਨ ਵਾਲੇ ਸੈਨਿਕਾਂ ਦੇ ਸਨਮਾਨ ਵਜੋਂ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਦਿੱਤੀ ਜਾਣ ਵਾਲੀ ਸਨਮਾਨ ਰਾਸ਼ੀ ਵਧਾ ਕੇ ਇੱਕ ਕਰੋੜ ਰੁਪਏ ਕਰ ਦਿੱਤੀ ਹੈ।
 
ਕੈਬਨਿਟ ਮੰਤਰੀ ਨੇ ਦੱਸਿਆ ਕਿ ਸਰਕਾਰ ਨੇ ਪ੍ਰਾਈਵੇਟ ਬੱਸ ਆਪ੍ਰੇਟਰਾਂ ਦੀ ਅਜਾਰੇਦਾਰੀ ਨੂੰ ਖਤਮ ਕਰ ਦਿੱਤਾ ਹੈ ਅਤੇ ਹੁਣ ਪੰਜਾਬ ਦੀਆਂ ਸਰਕਾਰੀ ਬੱਸਾਂ ਪੰਜਾਬ ਤੋਂ ਸਿੱਧੀਆਂ ਦਿੱਲੀ ਕੌਮਾਂਤਰੀ ਏਅਰਪੋਰਟ ਲਈ ਜਾਣੀਆਂ ਸ਼ੁਰੂ ਹੋ ਗਈਆਂ ਹਨ ਅਤੇ ਇਨ੍ਹਾਂ ਦਾ ਕਿਰਾਇਆ ਵੀ ਪ੍ਰਾਈਵੇਟ ਬੱਸਾਂ ਨਾਲੋਂ ਕਾਫ਼ੀ ਘੱਟ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਖੱਜਲ ਖੁਆਰੀ ਤੋਂ ਰਾਹਤ ਦਿਵਾਉਣ ਲਈ ਮੋਟਰ ਵਹੀਕਲ ਡੀਲਰਾਂ ਨੂੰ ਨਵੇਂ ਵਾਹਨ ਦੀ ਮੌਕੇ ’ਤੇ ਰਜਿਸਟ੍ਰੇਸ਼ਨ ਲਈ ਪ੍ਰਵਾਨਗੀ ਦੇਣ ਵਾਲੀ ਅਥਾਰਟੀ ਵਜੋਂ ਅਧਿਕਾਰਤ ਕੀਤਾ ਗਿਆ ਹੈ।
 
ਜ਼ਿਲੇ ਸੰਗਰੂਰ ਦੇ ਵਿਕਾਸ ਕਾਰਜਾਂ ਬਾਰੇ ਗੱਲ ਕਰਦਿਆਂ ਸ. ਭੁੱਲਰ ਨੇ ਦੱਸਿਆ ਕਿ ਮਸਤੂਆਣਾ ਸਾਹਿਬ ਵਿਖੇ 25 ਏਕੜ ਰਕਬੇ ਵਿੱਚ ਕਰੀਬ 345 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਸੰਤ ਬਾਬਾ ਅਤਰ ਸਿੰਘ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਦਾ ਪਹਿਲਾ ਅਕਾਦਮਿਕ ਸੈਸ਼ਨ ਇੱਕ ਅਪ੍ਰੈਲ 2023 ਤੋਂ ਸ਼ੁਰੂ ਕੀਤਾ ਜਾਵੇਗਾ। ਇਸੇ ਤਰ੍ਹਾਂ ਸੰਗਰੂਰ ਦੇ ਮੌਜੂਦਾ ਸਿਵਲ ਹਸਪਤਾਲ ਨੂੰ 220 ਬਿਸਤਰਿਆਂ ਤੋਂ ਅਪਗ੍ਰੇਡ ਕਰਕੇ 360 ਬਿਸਤਰਿਆਂ ਦਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਫ਼ ਸੁਥਰੀ ਊਰਜਾ ਦੀ ਦਿਸ਼ਾ ਵਿੱਚ ਠੋਸ ਕਦਮ ਪੁੱਟਦਿਆਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਭੁਟਾਲ ਕਲਾਂ ਵਿਖੇ ਏਸ਼ੀਆ ਦਾ ਸਭ ਤੋਂ ਵੱਡਾ ਕੰਪਰੈੱਸਡ ਬਾਇਓ ਗੈਸ ਪਲਾਂਟ ਕਾਰਜਸ਼ੀਲ ਹੋ ਗਿਆ ਹੈ। ਜ਼ਿਲ੍ਹਾ ਸੰਗਰੂਰ ਵਿਖੇ ਸੈਂਟਰ ਫਾਰ ਐਕਸੀਲੈਂਸ ਫਾਰ ਓਨੀਅਨ ਬਣਾਇਆ ਜਾਵੇਗਾ ਤਾਂ ਜੋ ਕਿਸਾਨਾਂ ਨੂੰ ਕਣਕ-ਝੋਨੇ ਦੇ ਫ਼ਸਲੀ ਚੱਕਰ ਵਿੱਚੋਂ ਕੱਢ ਕੇ ਪਿਆਜ਼ ਦੀ ਖੇਤੀ ਲਈ ਉਤਸ਼ਾਹਿਤ ਕੀਤਾ ਜਾ ਸਕੇ।
 
ਕੈਬਨਿਟ ਮੰਤਰੀ ਭੁੱਲਰ ਨੇ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਅਤੇ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਨ ਤੋਂ ਇਲਾਵਾ ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ ਅਤੇ ਟਰਾਈਸਾਈਕਲ ਵੀ ਸੌਂਪੇ। ਆਜ਼ਾਦੀ ਦਿਵਸ ਸਮਾਗਮ ਦੌਰਾਨ ਸਕੂਲੀ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ।
ਕੈਬਨਿਟ ਮੰਤਰੀ ਵੱਲੋਂ ਸਕੂਲਾਂ ਦੇ ਵਿਦਿਆਰਥੀਆਂ ਦੀ ਪੇਸ਼ਕਾਰੀ ਤੋਂ ਪ੍ਰਭਾਵਿਤ ਹੁੰਦਿਆਂ 16 ਅਗਸਤ ਨੂੰ ਉਨ੍ਹਾਂ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ, ਜਿਨ੍ਹਾਂ ਸਕੂਲਾਂ ਵਲੋਂ ਆਜ਼ਾਦੀ ਸਮਾਗਮ ਵਿੱਚ ਹਿੱਸਾ ਲਿਆ ਗਿਆ। ਉਨ੍ਹਾਂ ਸਭਿਆਚਾਰਕ ਪ੍ਰੋਗਰਾਮ ਵਿੱਚ ਸ਼ਾਮਲ ਵਿਦਿਆਰਥੀਆਂ ਨੂੰ ਟੀਮ ਪੱਧਰ ’ਤੇ 1100-1100 ਰੁਪਏ ਦੀ ਨਗਦ ਰਾਸ਼ੀ ਵੀ ਮੌਕੇ ’ਤੇ ਹੀ ਪ੍ਰਦਾਨ ਕੀਤੀ। ਕੈਬਨਿਟ ਮੰਤਰੀ ਵੱਲੋਂ ਮੁਰਾਹ ਬਫੈਲੋ ਪ੍ਰਾਜੈਕਟ ਸਕੀਮ ਅਧੀਨ ਪੰਜ ਪਸ਼ੂ ਪਾਲਕਾਂ ਨੂੰ ਚੈਕ ਵੰਡੇ ਗਏ। ਉਨ੍ਹਾਂ ਨੇ ਨਵੇਂ ਬੁਢਾਪਾ ਪੈਨਸ਼ਨਰਾਂ, ਦਿਵਿਆਂਗ ਵੋਟਰਾਂ, ਸਵੈ ਸਹਾਇਤਾ ਸਮੂਹਾਂ, ਮਗਨਰੇਗਾ ਦੇ ਜੋਬ ਕਾਰਡ ਹੋਲਡਰਾਂ ਨੂੰ ਵੀ ਸਨਮਾਨਿਤ ਕੀਤਾ।
 
ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਨੇ ਪੁਲਿਸ ਲਾਈਨ ਵਿਖੇ ਸ਼ਹੀਦੀ ਸਮਾਰਕ ਵਿਖੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
 
ਸੰਗਰੂਰ ਦੇ ਲੋਕਾਂ ਨੂੰ ਚਾਰ ਆਮ ਆਦਮੀ ਕਲੀਨਿਕ ਕੀਤੇ ਸਮਰਪਿਤ
 
ਸ੍ਰੀ ਲਾਲਜੀਤ ਸਿੰਘ ਭੁੱਲਰ ਨੇ ਸੰਗਰੂਰ ਜ਼ਿਲ੍ਹੇ ਵਿੱਚ ਚਾਰ ਆਮ 
ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ, ਜਿਨ੍ਹਾਂ ਵਿੱਚੋਂ ਦੋ ਕਲੀਨਿਕ ਸੰਗਰੂਰ ਸ਼ਹਿਰ ਵਿੱਚ, ਇੱਕ-ਇੱਕ ਭਵਾਨੀਗੜ੍ਹ ਅਤੇ ਧੂਰੀ ਵਿੱਚ ਹਨ।
 
ਉਨ੍ਹਾਂ ਕਿਹਾ ਕਿ ਆਜ਼ਾਦੀ ਦਿਵਸ ਮੌਕੇ ਪਹਿਲੇ ਪੜਾਅ ਤਹਿਤ ਸੂਬੇ ਵਿੱਚ ਕੁੱਲ 75 ਨਵੇਂ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ ਅਤੇ ਇਹ ਸਾਰੇ ਕਲੀਨਿਕ ਲੋਕਾਂ ਲਈ ਉਨ੍ਹਾਂ ਦੇ ਘਰਾਂ ਦੇ ਨੇੜੇ ਬਿਹਤਰ ਸਿਹਤ ਸੇਵਾਵਾਂ ਯਕੀਨੀ ਬਣਾਉਣਗੇ।
 
ਇਸ ਮੌਕੇ ਵਿਧਾਇਕਾ ਸੰਗਰੂਰ ਬੀਬਾ ਨਰਿੰਦਰ ਕੌਰ ਭਰਾਜ, ਵਿਧਾਇਕ ਲਹਿਰਾ ਬਰਿੰਦਰ ਕੁਮਾਰ ਗੋਇਲ, ਸੀਨੀਅਰ ਆਗੂ ਗੁਰਮੇਲ ਸਿੰਘ ਘਰਾਚੋਂ, ਜ਼ਿਲਾ ਤੇ ਸੈਸ਼ਨ ਜੱਜ ਰਜਿੰਦਰ ਸਿੰਘ ਰਾਏ ਸਮੇਤ ਹੋਰ ਜੱਜ ਸਾਹਿਬਾਨ, ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ, ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ, ਏ.ਡੀ.ਸੀ ਅਨਮੋਲ ਸਿੰਘ ਧਾਲੀਵਾਲ, ਏ.ਡੀ.ਸੀ ਵਿਕਾਸ ਵਰਜੀਤ ਵਾਲੀਆ, ਏ.ਡੀ.ਸੀ ਸ਼ਹਿਰੀ ਵਿਕਾਸ ਲਤੀਫ਼ ਅਹਿਮਦ, ਐਸ.ਡੀ.ਐਮ ਚਰਨਜੋਤ ਸਿੰਘ ਵਾਲੀਆ, ਸਹਾਇਕ ਕਮਿਸ਼ਨਰ ਦੇਵਦਰਸ਼ਦੀਪ ਸਿੰਘ ਸਮੇਤ ਕਈ ਅਧਿਕਾਰੀ ਹਾਜ਼ਰ ਸਨ।     

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Post Comment

Comment List

Sponsored

Latest News

Sponsored