ਸੁਤੰਤਰਤਾ ਦਿਵਸ ਸਮਾਗਮ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਵਿੱਚ ਕੀਤਾ ਜਾਵੇਗਾ ਆਯੋਜਿਤ
ਸ੍ਰੀ ਮੁਕਤਸਰ ਸਾਹਿਬ, 12 ਅਗਸਤ (BTTNEWS)- ਡਾ. ਰੂਹੀ ਦੁੱਗ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ 15 ਅਗਸਤ 2023 ਨੂੰ ਸੁਤੰਤਰਤਾ ਦਿਵਸ ਸਮਾਗਮ ਮੌਕੇ ਪੇਸ਼ ਕੀਤੇ ਜਾਣ ਵਾਲੇ ਪ੍ਰੋਗਰਾਮ ਦਾ ਨਿਰੀਖਣ ਕੀਤਾ ਅਤੇ ਖੇਡ ਸਟੇਡੀਅਮ ਵਿਖੇ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਪਰੇਡ ਤੋਂ ਸਲਾਮੀ ਲਈ, ਇਸ ਮੌਕੇ ਹੋਰਨਾ ਤੋਂ ਇਲਾਵਾ ਸ੍ਰੀ ਕੁਲਵੰਤ ਰਾਏ ਐਸ.ਪੀ., ਸ੍ਰੀ ਕੰਵਰਜੀਤ ਸਿੰਘ ਐਸ.ਡੀ.ਐਮ, ਸ੍ਰੀਮਤੀ ਸਰੋਜ਼ ਰਾਣੀ ਸਹਾਇਕ ਕਮਿਸ਼ਨਰ, ਸ੍ਰੀ ਸੁਖਬੀਰ ਸਿੰਘ ਬਰਾੜ ਤਹਿਸੀਲਦਾਰ, ਸ੍ਰੀ ਰਾਜੀਵ ਛਾਬੜਾ ਜਿਲ੍ਹਾ ਸਿੱਖਿਆ ਅਫਸਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।ਸੁਤੰਤਰਤਾ ਦਿਵਸ ਮੌਕੇ ਪੇਸ਼ ਕੀਤੇ ਜਾਣ ਵਾਲੇ ਪ੍ਰੋਗਰਾਮ ਦੀ ਫੁੱਲ ਡਰੈਸ ਰਿਹਰਸਲ ਪੰਜਾਬ ਪੁਲਿਸ ਦੇ ਪਰੇਡ ਕਮਾਂਡਰ ਫਤਹਿ ਸਿੰਘ ਬਰਾੜ ਡੀ.ਐਸ.ਪੀ. ਦੀ ਅਗਵਾਈ ਵਿੱਚ ਪੰਜਾਬ ਪੁਲਿਸ, ਪੰਜਾਬ ਪੁਲਿਸ (ਮਹਿਲਾ), ਪੰਜਾਬ ਹੋਮ ਗਾਰਡਜ, ਐਨ.ਸੀ.ਸੀ. ਅਤੇ ਸਕਾਊਂਟ
ਦੀਆਂ ਟੁਕੜੀਆਂ ਵਲੋਂ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਗਈ ਅਤੇ ਮਾਰਚ ਪਾਸਟ ਪੇਸ਼ ਕੀਤਾ ਗਿਆ ਅਤੇ ਪੰਜਾਬ ਪੁਲਿਸ ਦੇ ਬੈਂਡ ਵਲੋਂ ਰਾਸ਼ਟਰੀ ਧੁੰਨ ਬਜਾਈ ਗਈ।
ਇਸ ਮੌਕੇ ਤੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਕੰਵਰਜੀਤ ਸਿੰਘ ਐਸ.ਡੀ.ਐਮ. ਨੇ ਦੱਸਿਆ ਕਿ 15 ਅਗਸਤ ਸਮਾਗਮ ਜਿ਼ਲ੍ਹਾ ਪ੍ਰਸ਼ਾਸਨ ਵਲੋਂ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਸ੍ਰੀ ਮੁਕਤਸਰ ਸਾਹਿਬ ਵਿਖੇ ਬੜੀ ਧੂਮ-ਧਾਮ ਨਾਲ ਮਨਾਇਆ ਜਾਵੇਗਾ ਅਤੇ ਇਸ ਸਮਾਗਮ ਦੀ ਪ੍ਰਧਾਨਗੀ ਡਾ.ਰੂਹੀ ਦੁੱਗ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਵਲੋਂ ਕੀਤੀ ਜਾਵੇਗੀ। ਇਸ ਮੌਕੇ ਉਹਨਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਰਾਸ਼ਟਰੀ ਸਮਾਗਮ ਵਿੱਚ ਸਾਮਿਲ ਹੋ ਕੇ ਰੌਣਕ ਵਿੱਚ ਵਾਧਾ ਕੀਤਾ ਜਾਵੇ।