ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਵੱਲੋਂ ਮੀਟਿੰਗ ਦਾ ਸਮਾਂ ਵਾਰ-ਵਾਰ ਅੱਗੇ ਪਾਉਣ ਦੀ ਸਖਤ ਨਿਖੇਧੀ

BTTNEWS
By -
0

 ਮਸਲੇ ਨਾ ਸੁਣਨ  ਖਿਲਾਫ 11 ਜੂਨ ਨੂੰ ਸਿੱਖਿਆ ਮੰਤਰੀ ਦੇ ਖਿਲਾਫ ਹੋਵੇਗਾ ਗੰਭੀਰਪੁਰ ਰੋਸ ਧਰਨਾ  
ਭਰਾਤਰੀ ਜਥੇਬੰਦੀਆਂ ਨੂੰ ਸ਼ਾਮਿਲ ਹੋਣ ਦੀ ਅਪੀਲ

ਮਾਨਸਾ , 5 ਜੂਨ :- 4161 ਮਾਸਟਰ ਕਾਡਰ ਰੀਕਾਸਟ ਸੂਚੀਆਂ ਅਧਿਆਪਕ ਪੰਜਾਬ ਜਥੇਬੰਦੀ ਨੂੰ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਨਾਲ ਮਿਲੀਆਂ ਮੀਟਿੰਗਾਂ ਦਾ ਸਮਾਂ ਵਾਰ - ਵਾਰ ਅੱਗੇ ਕਰਨ ਖਿਲਾਫ ਅਧਿਆਪਕ ਜਥੇਬੰਦੀਆਂ ਵੱਲੋਂ ਨਿਖੇਧੀ ਕੀਤੀ ਗਈ ਹੈ। ਇਸ ਸੰਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ 4161 ਮਾਸਟਰ ਕਾਡਰ ਰੀਕਾਸਟ ਸੂਚੀਆਂ ਅਧਿਆਪਕ ਪੰਜਾਬ ਦੇ ਆਗੂ ਬਲਕਾਰ ਸਿੰਘ ਮੰਘਾਣੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਅਤੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਣੀ ਕਮੇਟੀ ਰਾਹੀਂ ਸੂਚੀਆਂ ਸੋਧ ਕੇ ਪਿਛਲੇ ਤਿੰਨ ਸਾਲਾਂ ਤੋਂ ਕੰਮ ਕਰ ਰਹੇ ਅਧਿਆਪਕਾਂ ਨੂੰ ਉਹਨਾਂ ਦੇ ਪਰਖਕਾਲ ਪੂਰਾ ਕਰਨ ਦੇ ਇੱਕ ਦਿਨ ਪਹਿਲਾਂ ਟਰਮੀਨੇਸ਼ਨ ਸੰਬੰਧੀ ਕਾਰਨ ਦੱਸੋ (ਸ਼ੋਅ ਕਾਜ਼) ਨੋਟਿਸ  ਜਾਰੀ ਕਰਕੇ ਉਨ੍ਹਾਂ ਦੇ ਪਰਖ ਕਾਲ ਪਾਰ ਕਰਨ ਵਿੱਚ ਰੁਕਾਵਟ ਖੜ੍ਹੀ ਕਰ ਦਿੱਤੀ ਗਈ ਹੈ ਅਤੇ ਸੇਵਾਵਾਂ 'ਤੇ ਸਮਾਪਤੀ ਦੀ ਤਲਵਾਰ ਲਟਕਾ ਦਿੱਤੀ ਗਈ ਹੈ। ਇਸ ਖਿਲਾਫ ਜਥੇਬੰਦੀ ਵੱਲੋਂ ਭਰਾਤਰੀ ਅਧਿਆਪਕ ਜਥੇਬੰਦੀਆਂ ਦੇ ਸਹਿਯੋਗ ਨਾਲ 8 ਮਈ ਨੂੰ ਡੀ ਐੱਸ ਈ ਦਫਤਰ ਅੱਗੇ ਰੋਸ ਭਰਪੂਰ ਮੁਜ਼ਾਹਰਾ ਕੀਤਾ ਗਿਆ ਸੀ, ਜਿਸ 'ਤੇ ਮੋਹਾਲੀ ਪ੍ਰਸ਼ਾਸਨ ਵੱਲੋਂ 15 ਮਈ ਦੀ ਸਿੱਖਿਆ ਸਕੱਤਰ ਨਾਲ ਮੀਟਿੰਗ ਨਿਸ਼ਚਿਤ ਕਰਵਾਈ ਗਈ ਸੀ। ਪਰ 20 ਦਿਨ ਬੀਤ ਜਾਣ ਦੇ ਬਾਵਜੂਦ ਉਹ ਮੀਟਿੰਗ ਵਾਰ - ਵਾਰ ਅੱਗੇ ਪਾਈ ਜਾ ਰਹੀ ਹੈ। ਇਸੇ ਤਰ੍ਹਾਂ ਇੰਨ੍ਹਾਂ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਦੇ ਘਰ ਅੱਗੇ ਰੋਸ ਪ੍ਰਦਰਸ਼ਨ ਕਰਨ ਦੇ ਮੱਦੇਨਜ਼ਰ ਅਨੰਦਪੁਰ ਸਾਹਿਬ ਪ੍ਰਸ਼ਾਸ਼ਨ ਵੱਲੋਂ ਵੀ ਸਿੱਖਿਆ ਮੰਤਰੀ ਨਾਲ ਮੀਟਿੰਗ ਫਿਕਸ ਕਰਵਾਈ ਗਈ ਸੀ ਪਰ ਐਨ ਮੌਕੇ 'ਤੇ ਆ ਕੇ ਉਸ ਮੀਟਿੰਗ ਨੂੰ ਵੀ ਅੱਗੇ ਪਾ ਦਿੱਤਾ ਜਾਂਦਾ ਹੈ। 

        ਆਗੂਆਂ ਨੇ ਦੱਸਿਆ ਕਿ ਪੀੜਿਤ ਅਧਿਆਪਕ ਲਗਾਤਾਰ ਇਮਾਨਦਾਰੀ ਨਾਲ ਸਕੂਲਾਂ ਵਿੱਚ ਸੇਵਾਵਾਂ ਨਿਭਾਉਣ ਦੇ ਨਾਲ-ਨਾਲ ਜਨਗਨਣਾ, ਡਰੱਗ ਜਨਗਨਣਾ, ਐੱਸ.ਆਈ.ਆਰ. ਦੀਆਂ ਡਿਊਟੀਆਂ ਵੀ ਨਿਭਾਅ ਰਹੇ ਹਨ ਅਤੇ ਉਹ ਸਿੱਖਿਆ ਵਿਭਾਗ ਦੀ ਚੋਣ ਪ੍ਰਕਿਰਿਆ ਵਿੱਚੋਂ ਲੰਘ ਕੇ ਨਿਯੁਕਤ ਹੋਏ ਹਨ। ਪਰ ਸਿੱਖਿਆ ਵਿਭਾਗ ਵੱਲੋਂ ਮਾਣਯੋਗ ਅਦਾਲਤ ਦੇ ਫੈਸਲੇ ਦੀ ਆੜ ਹੇਠ ਰੀਕਾਸਟ ਸੂਚੀਆਂ ਰਾਹੀਂ 253 ਅਧਿਆਪਕਾਂ ਦੀਆਂ ਸੇਵਾਵਾਂ ਸਮਾਪਤ ਕਰਨ ਦੀ ਤਜਵੀਜ਼ ਲਿਆਂਦੀ ਜਾ ਰਹੀ ਹੈ। ਆਗੂਆਂ ਨੇ ਇਸ ਖਿਲਾਫ 11 ਜੂਨ ਨੂੰ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵਿਖੇ ਧਰਨਾ ਦੇ ਕੇ ਮੰਤਰੀ ਦੀ ਕੋਠੀ ਵੱਲ ਮਾਰਚ ਕਰਨ ਦਾ ਐਲਾਨ ਕਰਦਿਆਂ ਸਮੂਹ ਭਰਾਤਰੀ ਜਥੇਬੰਦੀਆਂ ਨੂੰ ਇਸ ਧਰਨੇ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ।

ਇਸ ਮੌਕੇ ਬਲਵਿੰਦਰ ਸਿੰਘ, ਪਰਮਿੰਦਰ ਸਿੰਘ, ਕੁਲਵੰਤ ਸਿੰਘ, ਮਨਪ੍ਰੀਤ ਸਿੰਘ, ਕ੍ਰਿਸ਼ਨ ਸਿੰਘ, ਜਸਪਾਲ ਸਿੰਘ, ਸੁਰੇਸ਼ ਕੁਮਾਰ ਆਦਿ ਅਧਿਆਪਕ ਸਾਹਿਬਾਨ ਸ਼ਾਮਿਲ ਸਨ।

Post a Comment

0 Comments

Post a Comment (0)
3/related/default