ਆਂਗਣਵਾੜੀ ਯੂਨੀਅਨ ਨੇ ਚੋਣ ਕਰਵਾ ਕੇ ਸੁਨਿਰਮਲ ਕੌਰ ਨੂੰ ਬਣਾਇਆ ਜਿਲ੍ਹਾ ਪ੍ਰਧਾਨ

bttnews
0

-ਆਂਗਣਵਾੜੀ ਵਰਕਰਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਦਿੱਤਾ ਜਾਵੇ ਦਰਜਾ: ਹਰਗੋਬਿੰਦ ਕੌਰ

-ਬੱਚਿਆਂ ਦਾ ਰਾਸ਼ਨ ਸਕੂਲਾਂ ਵਿੱਚ ਦੇਣ ਦੇ ਸਰਕਾਰੀ ਫੈਸਲੇ ਦਾ ਜਥੇਬੰਦੀ ਨੇ ਕੀਤਾ ਸਖਤ ਵਿਰੋਧ -


ਗੁਰਦਾਸਪੁਰ , 2 ਸਤੰਬਰ (ਸੁਖਪਾਲ ਸਿੰਘ ਢਿੱਲੋਂ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਜ਼ਿਲਾ ਗੁਰਦਾਸਪੁਰ ਦੀ ਮੀਟਿੰਗ ਬੀਤੇ ਦਿਨੀਂ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਪ੍ਰਧਾਨਗੀ ਹੇਠ ਹੋਈ । ਜਿਸ ਦੌਰਾਨ ਜ਼ਿਲਾ ਪੱਧਰ ਦੀ ਚੋਣ ਸਰਬਸੰਮਤੀ ਨਾਲ ਕਰਵਾ ਕੇ ਸੁਨਿਰਮਲ ਕੌਰ ਗੁਰਦਾਸਪੁਰ ਨੂੰ ਯੂਨੀਅਨ ਦਾ ਜਿਲਾ ਪ੍ਰਧਾਨ ਬਣਾਇਆ ਗਿਆ ।

        ਜਦੋਂ ਕਿ ਜਤਿੰਦਰ ਕੌਰ ਕਾਹਨੂੰਵਾਨ ਨੂੰ ਸੀਨੀਅਰ ਮੀਤ ਪ੍ਰਧਾਨ , ਇੰਦਰਜੀਤ ਕੌਰ ਬਟਾਲਾ ਅਤੇ ਜਸਵੀਰ ਕੌਰ ਡੇਰਾ ਬਾਬਾ ਨਾਨਕ ਨੂੰ ਮੀਤ ਪ੍ਰਧਾਨ , ਮਨਪ੍ਰੀਤ ਕੌਰ ਕਾਹਨੂੰਵਾਨ ਨੂੰ ਜਨਰਲ ਸਕੱਤਰ , ਸਰਬਜੀਤ ਕੌਰ ਦੋਰਾਗਲਾ ਤੇ ਹਰਦੀਪ ਕੌਰ ਕਾਦੀਆ ਨੂੰ ਮੀਤ ਸਕੱਤਰ , ਸਰਬਜੀਤ ਕੌਰ ਸ੍ਰੀ ਹਰਗੋਬਿੰਦਪੁਰ ਨੂੰ ਵਿੱਤ ਸਕੱਤਰ , ਸੁਰਿੰਦਰ ਕੌਰ ਕਲਾਨੌਰ ਨੂੰ ਪ੍ਰਚਾਰ ਸਕੱਤਰ ਅਤੇ ਸੁਖਮਨ ਕੌਰ ਨੂੰ ਐਡੀਟਰ ਬਣਾਇਆ ਗਿਆ । ਇਸ ਤੋਂ ਇਲਾਵਾ 13 ਮੈਂਬਰੀ ਕਾਰਜਕਾਰਨੀ ਕਮੇਟੀ ਬਣਾਈ ਗਈ ।

           


 ਇਸ ਮੌਕੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਹਰ ਮਹੀਨੇ ਸਮੇਂ ਸਿਰ ਮਾਣ ਭੱਤਾ ਦਿੱਤਾ ਜਾਵੇ ਅਤੇ ਬਕਾਇਆ ਰਹਿੰਦਾ ਮਾਣ ਭੱਤਾ ਅਤੇ ਹੋਰ ਭੱਤੇ ਤੁਰੰਤ ਜਾਰੀ ਕੀਤੇ ਜਾਣ । ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੱਚਿਆਂ ਦਾ ਰਾਸ਼ਨ ਜੋ ਸਰਕਾਰੀ ਸਕੂਲਾਂ ਵਿੱਚ ਦਿੱਤੇ ਜਾਣ ਨੂੰ ਕਿਹਾ ਜਾ ਰਿਹਾ ਹੈ ਉਸ ਦਾ ਜਥੇਬੰਦੀ ਸਖਤ ਵਿਰੋਧ ਕਰਦੀ ਹੈ ਤੇ ਮੰਗ ਕਰਦੀ ਹੈ ਕਿ ਆਂਗਣਵਾੜੀ ਸੈਂਟਰਾਂ ਦੇ ਖੋਹੇ ਹੋਏ ਬੱਚੇ ਵਾਪਸ ਕਰਕੇ ਇਹ ਰਾਸ਼ਨ ਵੀ ਆਂਗਣਵਾੜੀ ਸੈਂਟਰਾਂ ਵਿੱਚ ਦਿੱਤਾ ਜਾਵੇ । ਉਹਨਾਂ ਇਹ ਵੀ ਮੰਗ ਕੀਤੀ ਕਿ ਆਂਗਣਵਾੜੀ ਵਰਕਰਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ ਅਤੇ ਹੈਲਪਰਾਂ ਨੂੰ ਗਰੇਡ ਦਿੱਤੇ ਜਾਣ ।

     ਉਹਨਾਂ ਕਿਹਾ ਕਿ ਜਿੰਨਾ ਚਿਰ ਪੰਜਾਬ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਉਹਨਾਂ ਚਿਰ ਸੰਘਰਸ਼ ਜਾਰੀ ਰਹੇਗਾ । ਉਹਨਾਂ ਕਿਹਾ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਏਕੇ ਦਾ ਸਬੂਤ ਦੇ ਕੇ ਸਰਕਾਰ ਦੀ ਧੱਕੇਸ਼ਾਹੀ ਦਾ ਸਖਤ ਵਿਰੋਧ ਕਰਨ ਅਤੇ ਜਥੇਬੰਦੀ ਨੂੰ ਮਜ਼ਬੂਤ ਕਰਨ । 


Post a Comment

0Comments

Post a Comment (0)