Type Here to Get Search Results !

ਜਨ ਭਲਾਈ ਕਲੱਬ ਨੇ ‘10ਵੇਂ ਸਾਲਾਸਰ ਮੋਬਾਇਲ ਲੰਗਰ ਸੇਵਾ’ ਦੀ ਰਵਾਨਗੀ ਕੀਤੀ

 - ਸ਼ਰਧਾ ਅਤੇ ਉਤਸ਼ਾਹ ਨਾਲ ਸ਼ਰਧਾਲੂਆਂ ਨੇ ਲਗਵਾਈ ਹਾਜ਼ਰੀ -

ਸ੍ਰੀ ਮੁਕਤਸਰ ਸਾਹਿਬ, 17 ਅਕਤੂਬਰ (BTTNEWS)- ਸਮਾਜ ਸੇਵਾ ਅਤੇ ਧਾਰਮਿਕ ਕਾਰਜਾਂ ਲਈ ਜਾਣੇ ਜਾਂਦੇ ਸਥਾਨਕ ਬਠਿੰਡਾ ਰੋਡ ਸਥਿਤ ਬਸਤੀ ਰਾਮ ਨਗਰ ਦੇ ਜਨ ਭਲਾਈ ਕਲੱਬ (ਰਜਿ.) ਵੱਲੋਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ‘10ਵੇਂ ਸਾਲਾਸਰ ਮੋਬਾਇਲ ਲੰਗਰ ਸੇਵਾ’ ਦੀ ਸਾਲਾਸਰ ਧਾਮ ਲਈ ਰਵਾਨਗੀ ਕੀਤੀ ਗਈ।

ਜਨ ਭਲਾਈ ਕਲੱਬ ਨੇ ‘10ਵੇਂ ਸਾਲਾਸਰ ਮੋਬਾਇਲ ਲੰਗਰ ਸੇਵਾ’ ਦੀ ਰਵਾਨਗੀ ਕੀਤੀ

 ਇਸ ਮੌਕੇ ਸ਼ਨੀਦੇਵ ਮੰਦਰ ਦੇ ਪੁਜਾਰੀ ਪੰਡਤ ਪਵਨ ਕੁਮਾਰ ਸ਼ਰਮਾ ਵੱਲੋਂ ਪੂਰੇ ਵਿਧੀ ਵਿਧਾਨ ਅਤੇ ਪੁਰਾਤਨ ਸੰਸਕ੍ਰਿਤਕ ਰਸਮਾਂ ਅਨੁਸਾਰ ਸ੍ਰੀ ਬਾਲਾ ਜੀ ਦਾ ਪੂਜਨ ਕੀਤਾ ਗਿਆ। ਇਸ ਸ਼ੁੱਭ ਅਵਸਰ ’ਤੇ ਕਲੱਬ ਦੇ ਸਮੂਹ ਅਹੁਦੇਦਾਰਾਂ, ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨਗਰ ਨਿਵਾਸੀ, ਸ਼ਰਧਾਲੂ ਅਤੇ ਸ਼ਹਿਰ ਦੀਆਂ ਪ੍ਰਮੁਖ ਸਖਸ਼ੀਅਤਾਂ ਮੌਜੂਦ ਸਨ। ਸਭ ਤੋਂ ਪਹਿਲਾਂ ਕਲੱਬ ਪ੍ਰਧਾਨ ਨਰਿੰਦਰ ਕੁਮਾਰ ਬੰਟੀ, ਜਗਪ੍ਰੀਤ ਪਾਲ ਜੋਨੀ, ਜੋਰਾਵਰ, ਮੁਕੇਸ਼ ਕੁਮਾਰ ਅਤੇ ਹੋਰ ਅਹੁਦੇਦਾਰਾਂ ਨੇ ਪੂਰੇ ਵਿਧਾਨ ਨਾਲ ਬਾਲਾ ਜੀ ਦਾ ਪੂਜਨ ਕਰਕੇ ਜੋਤ ਪ੍ਰਚੰਡ ਕੀਤੀ। ਇਸ ਮੌਕੇ ਸਾਲਾਸਰ ਮੋਬਾਇਲ ਲੰਗਰ ਸੇਵਾ ਦੇ ਸੰਸਥਾਪਕ ਚੇਅਰਮੈਨ ਜਗਪ੍ਰੀਤ ਪਾਲ ਜੋਨੀ ਨੇ ਰੰਗ-ਬਿਰੰਗੇ ਫੁੱਲਾਂ, ਗੁਬਾਰਿਆਂ ਅਤੇ ਲਾਇਟਾਂ ਨਾਲ ਸਜਾਏ ਗਈ ਗੱਡੀ ਵਿੱਚ ਬਾਲਾ ਜੀ ਦਾ ਮੰਦਰ ਸੁਸ਼ੋਭਿਤ ਕੀਤਾ। ਸ੍ਰੀ ਜੋਨੀ ਨੇ ਸਾਲਾਸਰ ਜਾਣ ਵਾਲੀਆਂ ਸਾਰੇ ਵਾਹਨਾਂ ਨੂੰ ਤਿਲਕ ਕਰਕੇ ਸ੍ਰੀ ਗਣੇਸ਼ ਕੀਤਾ। ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰੈਸ ਸਕੱਤਰ ਖੇਮ ਸਿੰਘ ਨੇ ਦੱਸਿਆ ਕਿ ਵੱਡੀ ਗਿਣਤੀ ਵਿੱਚ ਨਗਰ ਨਿਵਾਸੀਆਂ ਅਤੇ ਸ਼ਰਧਾਲੂਆਂ ਨੇ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਨੱਚਦੇ ਗਾਉਂਦੇ, ਰੰਗ ਉਡਾਉਂਦੇ ਤੇ ਖੁਸ਼ੀਆਂ ਮਨਾਉਂਦੇ ਹੋਏ ਸ਼ਹਿਰ ਦੇ ਬਠਿੰਡਾ ਰੋਡ, ਚੱਕ ਬੀੜ ਸਰਕਾਰ ਰੋਡ ਅਤੇ ਮਲੋਟ ਰੋਡ ਹੁੰਦੇ ਹੋਏ ਸਾਲਾਸਰ ਧਾਮ ਲਈ ਲੰਗਰ ਨੂੰ ਰਵਾਨਗੀ ਦਿੱਤੀ। ਉਨ੍ਹਾਂ ਅੱਗੇ ਦੱਸਿਆ ਕਿ ਕਲੱਬ ਵੱਲੋਂ ਇਲਾਕਾ ਨਿਵਾਸੀਆਂ ਅਤੇ ਹੋਰ ਸਹਿਯੋਗੀ ਸੱਜਨਾਂ ਦੀ ਸਹਾਇਤਾ ਨਾਲ ਸ੍ਰੀ ਸਾਲਾਸਰ ਧਾਮ ਵਿਖੇ ਵੱਖ-ਵੱਖ ਥਾਵਾਂ ’ਤੇ 10ਵਾਂ ਸਾਲਾਸਰ ਮੋਬਾਇਲ ਲੰਗਰ ਪ੍ਰਭੂ ਇੱਛਾ ਅਨੁਸਾਰ ਲਗਾਇਆ ਜਾਵੇਗਾ। ਉਨ੍ਹਾਂ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੰਗਰ ਰਵਾਨਾ ਹੋਣ ਉਪਰੰਤ ਸਾਲਾਸਰ ਧਾਮ ਦੇ ਰਸਤੇ ਵਿੱਚ ਆਉਣ ਜਾਣ ਵਾਲੇ ਪੈਦਲ ਯਾਤਰੀਆਂ ਅਤੇ ਹੋਰ ਸ਼ਰਧਾਲੂਆਂ ਲਈ ਸ਼ਰਧਾ ਪੂਰਵਕ ਲੰਗਰ ਸੇਵਾ ਨਿਭਾਈ ਜਾਵੇਗੀ। ਇਸ ਮੌਕੇ ਕਲੱਬ ਦੇ ਪ੍ਰਧਾਨ ਨਰਿੰਦਰ ਕੁਮਾਰ ਬੰਟੀ ਨੇ ਸਮੂਹ ਨਗਰ ਨਿਵਾਸੀਆਂ, ਪ੍ਰਮੁਖ ਸਖਸ਼ੀਅਤਾਂ ਤੇ ਹੋਰ ਸਹਿਯੋਗੀ ਸੱਜਣਾਂ ਦਾ ਲੰਗਰ ਵਿੱਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਹੈ।

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad