- ਪਿੰਡ ਮਹਾਂਬੱਧਰ ਵਿਖੇ ਵੱਖ ਵੱਖ ਪਿੰਡਾਂ ਤੋਂ ਆਈਆਂ ਬੀਬੀਆਂ ਦਾ ਹੋਇਆ ਭਾਰੀ ਇਕੱਠ -
ਸ੍ਰੀ ਮੁਕਤਸਰ ਸਾਹਿਬ , 21 ਮਾਰਚ (ਸੁਖਪਾਲ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਵੱਲੋਂ ਅੱਜ ਸ਼ਾਮ ਨੂੰ ਪਿੰਡ ਮਹਾਂਬੱਧਰ ਵਿਖੇ ਮੀਟਿੰਗ ਕੀਤੀ ਗਈ । ਜਿਸ ਦੌਰਾਨ ਇਸ ਖੇਤਰ ਦੇ ਵੱਖ ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਔਰਤਾਂ ਨੇ ਸ਼ਮੂਲੀਅਤ ਕੀਤੀ । ਇਸਤਰੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ।
ਇਸ ਮੌਕੇ ਉਹਨਾਂ ਨੇ ਕਿਰਨਪਾਲ ਕੌਰ ਮਹਾਂਬੱਧਰ ਨੂੰ ਇਸਤਰੀ ਅਕਾਲੀ ਦਲ ਹਲਕਾ ਮਲੋਟ ਦੀ ਪ੍ਰਧਾਨ ਨਿਯੁਕਤ ਕੀਤਾ ਤੇ ਸਿਰੋਪਾ ਦੇ ਕੇ ਉਹਨਾਂ ਨੂੰ ਸਨਮਾਨਿਤ ਕੀਤਾ ।
ਬੀਬੀਆਂ ਦੇ ਇਕੱਠ ਨੂੰ ਸੰਬੋਧਨ ਕਰਦੇ ਹਰਗੋਬਿੰਦ ਕੌਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਔਰਤਾਂ ਨਾਲ ਹਜ਼ਾਰ ਹਜ਼ਾਰ ਰੁਪਏ ਦੇਣ ਦੇ ਝੂਠੇ ਵਾਅਦੇ ਕੀਤੇ ਸਨ ਤੇ ਔਰਤਾਂ ਨੂੰ ਗੁੰਮਰਾਹ ਕੀਤਾ ਸੀ । ਦੋ ਸਾਲ ਬੀਤ ਜਾਣ ਦੇ ਬਾਵਜੂਦ ਵੀ ਔਰਤਾਂ ਨੂੰ ਹਜ਼ਾਰ ਹਜ਼ਾਰ ਰੁਪਏ ਨਹੀਂ ਦਿੱਤੇ ਗਏ । ਇਸ ਤੋਂ ਇਲਾਵਾ ਗਰੀਬਾਂ ਦੇ ਆਟਾ ਦਾਲ ਸਕੀਮ ਵਾਲੇ ਰਾਸ਼ਨ ਕਾਰਡ ਕੱਟੇ ਗਏ । ਗਰੀਬਾਂ ਨੂੰ ਹਜ਼ਾਰਾਂ ਰੁਪਏ ਬਿਜਲੀ ਦੇ ਬਿੱਲ ਭੇਜੇ ਜਾ ਰਹੇ ਹਨ । ਗਰੀਬਾਂ ਦੀਆਂ ਬੁਢਾਪਾ ਪੈਨਸ਼ਨਾਂ ਕੱਟੀਆਂ ਗਈਆਂ , ਸ਼ਗਨ ਸਕੀਮ ਦੇ ਪੈਸੇ ਨਹੀਂ ਦਿੱਤੇ ਗਏ । ਜਿਸ ਕਰਕੇ ਇਸ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ ਹੈ ।
ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੁਹਾਡੀ ਆਪਣੀ ਖੇਤਰੀ ਪਾਰਟੀ ਹੈ । ਜਿਸ ਨੇ ਹਰ ਵਰਗ ਦੇ ਲੋਕਾਂ ਲਈ ਭਲਾਈ ਸਕੀਮਾਂ ਚਲਾਈਆਂ ਸਨ । ਅਕਾਲੀ ਦਲ ਦੀ ਸਰਕਾਰ ਮੁੜ ਬਨਣ ਤੇ ਵੀ ਬੰਦ ਕੀਤੀਆਂ ਗਈਆਂ ਸਾਰੀਆਂ ਸਕੀਮਾਂ ਚਲਾਈਆਂ ਜਾਣਗੀਆਂ ।
ਹਰਗੋਬਿੰਦ ਕੌਰ ਨੇ ਔਰਤਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਨ ਤੇ ਪਾਰਟੀ ਨੂੰ ਮਜ਼ਬੂਤ ਕਰਨ ।
ਇਸ ਮੌਕੇ ਨਵਨਿਯੁਕਤ ਪ੍ਰਧਾਨ ਕਿਰਨਪਾਲ ਕੌਰ ਮਹਾਂਬੱਧਰ ਨੇ ਹਰਗੋਬਿੰਦ ਕੌਰ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਪਾਰਟੀ ਲਈ ਦਿਨ ਰਾਤ ਮਿਹਨਤ ਕਰਨਗੇ ।
ਇਸ ਮੌਕੇ ਮਨਿੰਦਰ ਕੌਰ , ਸੁਖਮੰਦਰ ਕੌਰ , ਮਨਜੀਤ ਕੌਰ , ਰਮਨਦੀਪ ਕੌਰ , ਪਰਮਜੀਤ ਕੌਰ , ਰਿੰਪਲਜੀਤ , ਕੁਲਵਿੰਦਰ ਕੌਰ , ਅਮਰਜੀਤ ਕੌਰ , ਹਰਪਾਲ ਕੌਰ , ਖੁਸ਼ਵਿੰਦਰ ਕੌਰ ਅਤੇ ਚਰਨਜੀਤ ਕੌਰ ਆਦਿ ਆਗੂ ਮੌਜੂਦ ਸਨ ।