ਆਂਗਣਵਾੜੀ ਯੂਨੀਅਨ ਵੱਲੋਂ 4 ਨੂੰ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਬੂਹੇ ਅੱਗੇ ਲਗਾਇਆ ਜਾਵੇਗਾ ਧਰਨਾ: ਹਰਗੋਬਿੰਦ ਕੌਰ

BTTNEWS
0

 - ਬਠਿੰਡਾ ਵਿਖੇ ਮਾਲਵਾ ਖੇਤਰ ਦੇ ਜ਼ਿਲਿਆਂ ਦੀਆਂ ਆਗੂਆਂ ਦੀ ਹੋਈ ਮੀਟਿੰਗ ਵਿੱਚ ਕੀਤਾ ਗਿਆ ਫੈਸਲਾ -

ਬਠਿੰਡਾ  , 16 ਜਨਵਰੀ (ਸੁਖਪਾਲ ਸਿੰਘ ਢਿੱਲੋਂ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਪਿਛਲੇਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਤੇ ਮਸਲਿਆਂ ਨੂੰ ਲੈ ਕੇ ਅਤੇ ਪੰਜਾਬ ਸਰਕਾਰ ਦੇ ਮਾੜੇ ਵਤੀਰੇ ਕਰਕੇ 4 ਫਰਵਰੀ ਨੂੰ ਮਲੋਟ ਵਿਖੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਜਿੰਨਾ ਕੋਲ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਹੈ ਦੇ ਬੂਹੇ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ । ਜਿਸ ਦੌਰਾਨ ਵੱਡੀ ਗਿਣਤੀ ਵਿੱਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਪੁੱਜਣਗੀਆਂ ।

     

ਆਂਗਣਵਾੜੀ ਯੂਨੀਅਨ ਵੱਲੋਂ 4 ਨੂੰ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਬੂਹੇ ਅੱਗੇ ਲਗਾਇਆ ਜਾਵੇਗਾ ਧਰਨਾ: ਹਰਗੋਬਿੰਦ ਕੌਰ

   ਉਪਰੋਕਤ ਫੈਸਲਾ ਅੱਜ ਟੀਚਰਜ਼ ਹੋਮ ਬਠਿੰਡਾ ਵਿਖੇ ਮਾਲਵਾ ਖੇਤਰ ਦੇ ਜ਼ਿਲਿਆਂ ਤੋਂ ਆਈਆਂ ਯੂਨੀਅਨ ਦੀਆਂ ਆਗੂਆਂ ਦੀ ਮੀਟਿੰਗ ਜੋ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਹੋਈ ਵਿੱਚ ਕੀਤਾ ਗਿਆ ।

         ਇਸ ਮੌਕੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਪੰਜਾਬ ਦੀਆਂ 54 ਹਜ਼ਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਸਮੇਂ ਸਿਰ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ । ਜਿਸ ਕਰਕੇ ਉਹਨਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । 

ਉਹਨਾਂ ਕਿਹਾ ਕਿ ਐਨ ਜੀ ਓ ਬਲਾਕਾਂ ਵਿੱਚ ਕੰਮ ਕਰਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ (ਖਾਸ ਕਰਕੇ ਬਾਲ ਭਲਾਈ ਕੌਂਸਲ) ਦਾ 1 ਸਾਲ ਦਾ ਸਟੇਟ ਫੰਡ ਦਾ ਮਾਣ ਭੱਤਾ ਬਕਾਇਆ ਖੜਾ ਹੈ । ਸਮਾਜ ਭਲਾਈ ਬੋਰਡ ਦੀਆਂ ਵਰਕਰਾਂ ਹੈਲਪਰਾਂ ਦਾ ਸਟੇਟ ਅਤੇ ਸੈਂਟਰ ਦਾ ਫੰਡ ਚਾਰ ਮਹੀਨਿਆਂ ਦਾ ਬਕਾਇਆ ਖੜ੍ਹਾ ਹੈ । ਜਥੇਬੰਦੀ ਦੀ ਮੰਗ ਹੈ ਕਿ ਇਹਨਾਂ ਦਾ ਮਾਣ ਭੱਤਾ ਦਿੱਤਾ ਜਾਵੇ ਅਤੇ ਇਹਨਾਂ ਨੂੰ ਸਟੇਟ ਵੱਲੋਂ ਕੱਟੇ ਗਏ 18 ਮਹੀਨਿਆਂ ਦਾ ਏਰੀਅਰ ਜੋ ਦੂਜੀਆਂ ਵਰਕਰਾਂ ਤੇ ਹੈਲਪਰਾਂ ਨੂੰ ਦਿੱਤਾ ਗਿਆ ਹੈ ਉਹ ਵੀ ਤੁਰੰਤ ਦਿੱਤਾ ਜਾਵੇ ਅਤੇ ਅੱਗੇ ਤੋਂ ਇਹਨਾਂ ਦਾ ਮਾਣ ਭੱਤਾ ਹਰ ਮਹੀਨੇ ਦੀ ਸੱਤ ਤਰੀਕ ਤੱਕ ਦੇਣਾ ਯਕੀਨੀ ਬਣਾਇਆ ਜਾਵੇ ਅਤੇ ਇਹ ਅੱਠੇ ਬਲਾਕ ਐਨ ਜੀ ਓ ਤੋਂ ਵਾਪਸ ਲੈ ਕੇ ਵਿਭਾਗ ਵਿੱਚ ਮਰਜ ਕੀਤੇ ਜਾਣ ।

ਇਸੇ ਤਰ੍ਹਾਂ ਪੰਜਾਬ ਵਿੱਚ ਕੰਮ ਕਰਦੀਆਂ ਸਾਰੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਪਿਛਲੇਂ ਤਿੰਨ ਮਹੀਨਿਆਂ ਦਾ ਸੈਂਟਰ ਫੰਡ ਨਹੀਂ ਦਿੱਤਾ ਗਿਆ । ਇਹ ਸੈਂਟਰ ਫੰਡ ਤੁਰੰਤ ਦਿੱਤਾ ਜਾਵੇ ।

       ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਮਾਣ ਭੱਤੇ ਦੇ ਸੈਂਟਰ ਅਤੇ ਸਟੇਟ ਦੇ ਬਿੱਲ ਇਕੋ ਵਾਰ ਕਲੀਅਰ ਕਰਵਾ ਕੇ ਇਕੱਠਾ ਦਿੱਤਾ ਜਾਵੇ ਅਤੇ ਇਸ ਦੀ ਅਦਾਇਗੀ ਹਰ ਮਹੀਨੇ ਦੀ 3 ਤਰੀਕ ਤੱਕ ਹੋ ਜਾਣੀ ਚਾਹੀਦੀ ਹੈ । ਆਂਗਣਵਾੜੀ ਕੇਂਦਰਾਂ ਦੇ ਕਿਰਾਏ ਦਾ ਭੁਗਤਾਨ ਤੁਰੰਤ ਕੀਤਾ ਜਾਵੇ ਜੋ ਲਗਭਗ ਇਕ ਸਾਲ ਤੋਂ ਰੁਕਿਆ ਪਿਆ ਹੇ । ਆਂਗਣਵਾੜੀ ਵਰਕਰਾਂ ਨੂੰ ਸਮਾਰਟ ਫੋਨ ਦਿੱਤੇ ਜਾਣ । ਵਰਦੀ ਭੱਤਾ ਰਲੀਜ਼ ਕੀਤਾ ਜਾਵੇ । ਪੀ ਐਮ ਐਮ ਵੀ ਵਾਈ ਅਤੇ ਸੀ ਬੀ ਈ ਦੇ ਪੈਸੇ ਹਰ ਮਹੀਨੇ ਦਿੱਤੇ ਜਾਣ ਅਤੇ ਰਹਿੰਦੇ ਹੋਏ ਪੈਸਿਆਂ ਦਾ ਤੁਰੰਤ ਭੁਗਤਾਨ ਕੀਤਾ ਜਾਵੇ । ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਮੈਡੀਕਲ ਛੁੱਟੀ ਇਕ ਮਹੀਨੇ ਦੀ ਜਿਸ ਤਰ੍ਹਾਂ ਪਹਿਲਾਂ ਦਿੱਤੀ ਜਾਂਦੀ ਸੀ ਉਸੇ ਤਰ੍ਹਾਂ ਹੀ ਦਿੱਤੀ ਜਾਵੇ ।  ਆਂਗਣਵਾੜੀ ਸੈਂਟਰਾਂ ਦੇ ਖੋਹੇ ਗਏ ਬੱਚੇ ਵਾਪਸ ਆਂਗਣਵਾੜੀ ਸੈਂਟਰਾਂ ਵਿੱਚ ਭੇਜੇ ਜਾਣ । ਆਂਗਣਵਾੜੀ ਵਰਕਰ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ । ਆਂਗਣਵਾੜੀ ਵਰਕਰਾਂ ਦਾ ਮਾਣ ਭੱਤਾ ਦੁੱਗਣਾ ਕੀਤਾ ਜਾਵੇ । ਮਿੰਨੀ ਆਂਗਣਵਾੜੀ ਕੇਂਦਰਾਂ ਨੂੰ ਪੂਰੇ ਵਿੱਚ ਤਬਦੀਲ ਕੀਤਾ ਜਾਵੇ ।  

     ਉਹਨਾਂ ਨੇ ਸੂਬੇ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਵੀ ਸੰਘਰਸ਼ ਲਈ ਤਿਆਰ ਬਰ ਤਿਆਰ ਰਹਿਣ ਲਈ ਕਿਹਾ ਹੈ ਤੇ ਕਿਹਾ ਕਿ 4 ਫਰਵਰੀ ਨੂੰ ਵੱਧ ਤੋਂ ਵੱਧ ਮਲੋਟ ਵਿਖੇ ਪੁੱਜੋ ਤਾਂ ਜੋ ਆਪਣੀਆਂ ਹੱਕੀ ਮੰਗਾਂ ਲਈ ਸਰਕਾਰ ਤੇ ਦਬਾਅ ਬਣਾਇਆ ਜਾ ਸਕੇ ।

        ਇਸ ਮੀਟਿੰਗ ਵਿੱਚ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦਾ ਨਵੇ ਸਾਲ 2024 ਦਾ ਕੈਲੰਡਰ ਰਿਲੀਜ਼ ਕੀਤਾ ਗਿਆ ।

       ਇਸ ਮੀਟਿੰਗ ਵਿੱਚ ਸ਼ਿੰਦਰਪਾਲ ਕੌਰ ਥਾਂਦੇਵਾਲਾ , ਗੁਰਮੀਤ ਕੌਰ ਗੋਨੇਆਣਾ , ਬਲਵੀਰ ਕੌਰ ਮਾਨਸਾ , ਗੁਰਮੀਤ ਕੌਰ ਦਬੜੀਖਾਨਾ , ਜਸਵੰਤ ਕੌਰ ਭਿੱਖੀ , ਜਸਵੀਰ ਕੌਰ ਬਠਿੰਡਾ , ਸਤਵੰਤ ਸਿੰਘ ਤਲਵੰਡੀ ਸਾਬੋ , ਪਰਮਜੀਤ ਕੌਰ ਰੁਲਦੂ ਵਾਲਾ , ਜਸਵਿੰਦਰ ਕੌਰ ਬੱਬੂ ਦੋਦਾ , ਛਿੰਦਰਪਾਲ ਕੌਰ ਜਲਾਲਾਬਾਦ , ਸੁਨੀਤਾ ਰਾਣੀ ਫਾਜ਼ਿਲਕਾ , ਗੁਰਵੰਤ ਕੌਰ ਅਬੋਹਰ , ਇੰਦਰਜੀਤ ਕੌਰ ਖੂਈਆਂ ਸਰਵਰ , ਪ੍ਰਕਾਸ਼ ਕੌਰ ਮਮਦੋਟ , ਹਰਪਾਲ ਕੌਰ ਕੱਟੂ , ਜਸਵੀਰ ਕੌਰ ਕੱਟੂ ਅਤੇ ਭੋਲੀ ਮਹਿਲਕਲਾਂ ਆਦਿ ਆਗੂ ਮੌਜੂਦ ਸਨ ।

Post a Comment

0Comments

Post a Comment (0)