Breaking

ਬਾਬਾ ਲੰਗਰ ਸਿੰਘ ਸਪੋਰਟਸ ਕਲੱਬ ਵੱਲੋਂ ਕਰਵਾਇਆ ਗਿਆ ਗਿਆਰਵਾਂ ਸਾਹਿਤਕ ਮੇਲਾ

ਵੱਖ-ਵੱਖ ਵਿਸ਼ਿਆਂ ਦੇ ਮਾਹਰਾਂ ਨੇ ਦਿੱਤੇ ਭਾਸ਼ਣ, ਲੋਕ ਕਲਾ ਮੰਚ ਜ਼ੀਰਾ ਦੇ ਕਲਾਕਾਰਾਂ ਨੇ ਪੇਸ਼ ਕੀਤੇ ਨਾਟਕ

ਸ੍ਰੀ ਮੁਕਤਸਰ ਸਾਹਿਬ
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਹਰੀਕੇ ਕਲਾਂ ਵਿਖੇ ਬਾਬਾ ਲੰਗਰ ਸਿੰਘ ਸਪੋਰਟਸ ਕਲੱਬ ਹਰੀਕੇ ਕਲਾਂ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਗਿਆਰਵਾਂ ਸਾਹਿਤਕ ਮੇਲਾ ਦਾਣਾ ਮੰਡੀ ਪਿੰਡ ਹਰੀਕੇ ਕਲਾਂ ਵਿਖੇ ਕਰਵਾਇਆ ਗਿਆ। ਇਸ ਸਾਹਿਤਕ ਮੇਲੇ ਵਿੱਚ ਦੋ ਪੁਸਤਕ ਪ੍ਰਦਰਸ਼ਨੀਆਂ ਤੋਂ ਇਲਾਵਾ ਪੁਰਾਤਨ ਵਿਰਾਸਤੀ ਵਸਤਾਂ ਦੀ ਪ੍ਰਦਰਸ਼ਨੀ ਵੀ ਲਾਈ ਗਈ। ਵੱਖ ਵੱਖ ਮੁੱਖ ਬੁਲਾਰਿਆਂ ਨੇ ਵੱਖ-ਵੱਖ ਵਿਸ਼ਿਆਂ ਦੇ ਭਾਸ਼ਣ ਦਿੱਤੇ। ਸਾਹਿਬ ਸਿੰਘ ਮਨਾਵਾਂ ਵੱਲੋਂ ਸ਼ਮਾਂ ਰੋਸ਼ਨ ਕਰਕੇ ਸਾਹਿਤਕ ਮੇਲੇ ਦੀ ਸ਼ੁਰੂਆਤ ਕੀਤੀ ਗਈ ਅਤੇ ਬਾਣੀ ਸੰਦੇਸ਼ ਦਿੱਤਾ ਗਿਆ। ਸਮਾਗਮ ਵਿੱਚ ਮੁੱਖ ਬੁਲਾਰੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਮੌਜੂਦਾ ਕਿਸਾਨੀ ਸੰਕਟ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਡਾ: ਬਲਜੀਤ ਸਿੰਘ ਵਿਰਕ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਅਤੇ ਸਮਕਾਲੀ ਸਾਰਥਿਕਤਾ ਬਾਰੇ ਚਾਨਣਾ ਪਾਇਆ। ਇਸ ਉਪਰੰਤ ਡਾ: ਕੁਲਦੀਪ ਸਿੰਘ ਸ਼ੇਰਗਿੱਲ ਮਰਖਾਈ ਨੇ ਕਿਸਾਨਾਂ ਨੂੰ ਜ਼ਹਿਰ ਰਹਿਤ ਖੇਤੀ ਕਰਨ ਲਈ ਪ੍ਰੇਰਿਆ। ਡਾ: ਦੇਵਿੰਦਰ ਸ਼ੈਫੀ ਨੇ ਸੋਸ਼ਲ ਮੀਡੀਆ ਤੋਂ ਕਿਤਾਬਾਂ ਵੱਲ ਵਿਸ਼ੇ ਤੇ ਵਿਚਾਰ ਪੇਸ਼ ਕੀਤੇ। ਬੁਲਾਰੇ ਰਮਨਜੀਤ ਸਿੰਘ ਸਿੱਧੂ ਨੇ ਵਿਅਕਤੀਗਤ ਪਹਿਚਾਣ ਦੇ ਮਸਲੇ ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਡਾ: ਜੀਵਨ ਗੁਪਤਾ ਵੈਟਨਰੀ ਅਫਸਰ ਪਟਿਆਲਾ ਨੇ ਪਸ਼ੂ ਧਨ ਤੋਂ ਇਲਾਵਾ ਹੋਰ ਕੀਮਤੀ ਵਿਚਾਰ ਪੇਸ਼ ਕੀਤੇ। ਉਭਰ ਰਹੇ ਵਿਦਿਆਰਥੀ ਗਾਇਕ ਹਾਕਮ ਦੰਦੀਵਾਲ ਨੇ ਤਿੰਨ ਗੀਤ ਪੇਸ਼ ਕਰਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਇਸ ਮੌਕੇ ਕਲੱਬ ਵੱਲੋਂ ਅਹੁਦੇਦਾਰਾਂ ਨੇ ਪੱਤਰਕਾਰ ਤੇ ਲੇਖਕ ਰਣਜੀਤ ਸਿੰਘ ਢਿੱਲੋਂ ਨੂੰ ਬੇਦਾਗ ਪੱਤਰਕਾਰ ਸਨਮਾਨ ਨਾਲ ਨਿਵਾਜ਼ਿਆ। ਇਸ ਤੋਂ ਇਲਾਵਾ ਇਮਾਨਦਾਰ ਅਫ਼ਸਰ ਸਨਮਾਨ ਦਵਿੰਦਰ ਸਿੰਘ ਭਗਤਾ ਭਾਈਕਾ ਜ਼ਿਲ੍ਹੇਦਾਰ ਨਹਿਰੀ ਵਿਭਾਗ ਅਤੇ ਸੁਖਦੇਵ ਸਿੰਘ ਇੰਚਾਰਜ ਟ੍ਰੈਫਿਕ ਪੁਲਿਸ ਸ੍ਰੀ ਮੁਕਤਸਰ ਸਾਹਿਬ ਨੂੰ ਦਿੱਤਾ ਗਿਆ। ਇਸ ਮੌਕੇ ਲੋਕ ਕਲਾ ਮੰਚ ਜ਼ੀਰਾ ਵੱਲੋਂ ਮੇਘ ਰਾਜ ਰੱਲਾ ਦੀ ਟੀਮ ਨੇ ਨਾਟਕ ਟੋਆ, ਇਹ ਲਹੂ ਕਿਸ ਦਾ ਹੈ ਅਤੇ ਕੋਰਿਓਗ੍ਰਾਫੀ ਪੇਸ਼ ਕਰਕੇ ਸਮਾਂ ਬੰਨ੍ਹਿਆ। ਇਸ ਮੌਕੇ ਕਲੱਬ ਵੱਲੋਂ ਪ੍ਰਧਾਨ ਜਸਪਾਲ ਸਿੰਘ, ਜਸਵਿੰਦਰ ਸਿੰਘ ਸਿੱਧੂ, ਗੁਰਲਾਲ ਸਿੰਘ, ਅੰਗਰੇਜ਼ ਸਿੰਘ, ਦਿਲਬਾਗ ਸਿੰਘ, ਜਗਸੀਰ ਸਿੰਘ, ਰਾਜਵਿੰਦਰ ਸਿੰਘ, ਜਗਤਾਰ ਸਿੰਘ ਆਦਿ ਨੇ ਮੁੱਖ ਬੁਲਾਰਿਆਂ, ਮਹਿਮਾਨਾਂ ਅਤੇ ਨਾਟਕ ਟੀਮ ਨੂੰ ਵੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋ: ਨਰਿੰਦਰਜੀਤ ਸਿੰਘ ਬਰਾੜ ਵੱਲੋਂ ਸਟੇਜ ਦੀ ਕਾਰਵਾਈ ਚਲਾਈ ਗਈ। ਇਸ ਮੌਕੇ ਸੁਨੀਤਾ ਸ਼ਰਮਾ ਰੱਲਾ ਰਿਟਾ: ਪ੍ਰਿੰਸੀਪਲ, ਮੈਥ ਲੈਕਚਰਾਰ ਸ਼ਮਿੰਦਰ ਬੱਤਰਾ,ਗੁਰਪ੍ਰੀਤ ਸਿੰਘ ਮੱਲਣ,ਸੁਰਜੀਤ ਸਿੰਘ ਬਰਾੜ ਅਧਿਆਪਕ, ਪ੍ਰਿਤਪਾਲ ਸ਼ਰਮਾ, ਰਾਜਪਾਲ ਸਿੰਘ, ਰਣਬੀਰ ਸਿੰਘ ਗਿੱਲ, ਹਰਬੰਸ ਸਿੰਘ ਬਰਾੜ ਡਾਇਰੈਕਟਰ ਸਹਿਕਾਰੀ ਸਭਾਵਾਂ, ਜਬਰਜੰਗ ਸਿੰਘ ਰਿਟਾ: ਇੰਸਪੈਕਟਰ, ਸਿਕੰਦਰ ਸਿੰਘ ਬਰਾੜ, ਗਿਆਨ ਚੰਦ ਸ਼ਰਮਾ, ਗੁਰਪ੍ਰੀਤ ਸਿੰਘ ਮਾਨ, ਗੁਰਪਿਆਰ ਸਿੰਘ ਹਰੀ ਨੌਂ, ਭਾਨਾ ਬਰਾੜ, ਬਲਰਾਜ ਸਿੰਘ, ਦਰਸ਼ਨ ਸਿੰਘ ਤੋਂ ਇਲਾਵਾ ਇਲਾਕੇ ਦੇ ਮੁਹਤਬਰ ਅਤੇ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Post a Comment

Previous Post Next Post