ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਲਗਭਗ 7.5 ਕਰੋੜ ਰੁਪਏ
ਸ੍ਰੀ ਮੁਕਤਸਰ ਸਾਹਿਬ , 11 ਅਕਤੂਬਰ : ਰਾਜਸਥਾਨ ਦੇ ਸ੍ਰੀ ਗੰਗਾਨਗਰ ਜ਼ਿਲ੍ਹੇ ਦੀ ਪੁਲਿਸ ਨੇ ਪੰਜਾਬ ਦੇ ਦੋ ਨੌਜਵਾਨਾਂ ਨੂੰ 1 ਕਿਲੋਗ੍ਰਾਮ 492 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਐਂਟੀ-ਨਾਰਕੋਟਿਕਸ ਟਾਸਕ ਫੋਰਸ, ਸ੍ਰੀ ਗੰਗਾਨਗਰ ਅਤੇ ਕੇਸਰੀਸਿੰਘਪੁਰ ਪੁਲਿਸ ਸਟੇਸ਼ਨ ਦੁਆਰਾ ਜ਼ਬਤ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਲਗਭਗ 7.5 ਕਰੋੜ ਰੁਪਏ (1.7 ਮਿਲੀਅਨ ਅਮਰੀਕੀ ਡਾਲਰ) ਦੱਸੀ ਜਾ ਰਹੀ ਹੈ।
ਸ਼੍ਰੀ ਗੰਗਾਨਗਰ ਦੀ ਜ਼ਿਲ੍ਹਾ ਪੁਲਿਸ ਸੁਪਰਡੈਂਟ ਡਾ. ਅੰਮ੍ਰਿਤਾ ਦੁਹਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਂਟੀ-ਨਾਰਕੋਟਿਕਸ ਟਾਸਕ ਫੋਰਸ, ਸ਼੍ਰੀ ਗੰਗਾਨਗਰ ਅਤੇ ਜ਼ਿਲ੍ਹਾ ਪੁਲਿਸ ਨੇ ਕਾਰਵਾਈ ਕਰਦਿਆਂ ਕੇਸਰੀਸੀਪੁਰ ਪੁਲਿਸ ਸਟੇਸ਼ਨ ਖੇਤਰ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ । ਉਨ੍ਹਾਂ ਦੇ ਅਨੁਸਾਰ ਮਿਰਜ਼ਾਵਾਲਾ ਰੋਡ 'ਤੇ ਰੇਲਵੇ ਕਰਾਸਿੰਗ ਤੋਂ ਕਰਨਜੋਤ ਸਿੰਘ ਪੁੱਤਰ ਸ਼ਰਵਣ ਸਿੰਘ (19 ) ਵਾਸੀ ਖਡੂਰ ਸਾਹਿਬ ਮੁਹੱਲਾ, ਗੁਰਮੁਖ ਦੀ ਪੱਟੀ, ਥਾਣਾ ਗੋਵਿੰਦ ਵਾਲਾ, ਤਰਨਤਾਰਨ ਅਤੇ ਪ੍ਰਭਦੀਪ ਸਿੰਘ, ਪੁੱਤਰ ਹਰਪਾਲ ਸਿੰਘ (19 ) ਵਾਸੀ ਖਡੂਰ ਸਾਹਿਬ ਮੁਹੱਲਾ ਲੰਬੀਆ ਦੀ ਪੱਟੀ, ਥਾਣਾ ਗੋਵਿੰਦ ਵਾਲਾ, ਜ਼ਿਲ੍ਹਾ ਤਰਨਤਾਰਨ ਦੇ ਕਬਜ਼ੇ ਵਿੱਚੋਂ 1 ਕਿਲੋਗ੍ਰਾਮ 492 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਤੋਂ ਤਸਕਰੀ ਕੀਤੀ ਗਈ ਇਸ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਲਗਭਗ 7.5 ਕਰੋੜ ਰੁਪਏ ਹੈ। ਉਪਰੋਕਤ ਵਿਅਕਤੀਆਂ ਵਿਰੁੱਧ ਐਫਆਈਆਰ ਨੰਬਰ 241 , ਮਿਤੀ 11-10-2025 ਵਿੱਚ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪਤਾ ਲੱਗਾ ਹੈ ਕਿ ਵਿਅਕਤੀਆਂ ਨੇ ਕੇਸਰੀਸਿੰਘਪੁਰ ਬੱਸ ਸਟੈਂਡ ਦੇ ਨੇੜੇ ਤੋਂ ਇਹ ਹੈਰੋਇਨ ਅਣਜਾਣ ਵਿਅਕਤੀਆਂ ਤੋਂ ਪ੍ਰਾਪਤ ਕੀਤੀ ਸੀ।