ਸੰਵਿਧਾਨ ਦਿਵਸ ’ਤੇ ਵਿਦਿਆਰਥੀ ਵਿਧਾਨ ਸਭਾ ਦਾ ਸ਼ਾਨਦਾਰ ਮੌਕ ਸੈਸ਼ਨ ਅਨੰਦਪੁਰ ਸਾਹਿਬ ਵਿੱਚ ਆਯੋਜਿਤ
ਬਰਨਾਲਾ : ਸੰਵਿਧਾਨ ਦਿਵਸ ਦੇ ਪਾਵਨ ਮੌਕੇ ਤੇ ਪੰਜਾਬ ਸਰਕਾਰ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਜੀ ਦੀ ਦੂਰਦਰਸ਼ੀ ਅਤੇ ਨਵੀਨ ਸੋਚ ਦੇ ਅਧਾਰ ’ਤੇ ਅੱਜ ਵਿਦਿਆਰਥੀ ਵਿਧਾਨ ਸਭਾ ਦਾ ਇਕ ਵਿਸ਼ੇਸ਼ ਮੌਕ ਸੈਸ਼ਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਬੜੀ ਉਤਸ਼ਾਹਪੂਰਨ ਰੀਤ ਨਾਲ ਆਯੋਜਿਤ ਕੀਤਾ ਗਿਆ। ਇਸ ਵਿਲੱਖਣ ਪਹੁੰਚ ਨੇ ਪੰਜਾਬ ਦੇ ਨੌਜਵਾਨਾਂ ਨੂੰ ਵਿਧਾਨਿਕ ਪ੍ਰਕਿਰਿਆ, ਸੰਵਿਧਾਨਕ ਜ਼ਿੰਮੇਵਾਰੀਆਂ ਅਤੇ ਲੋਕਤੰਤਰਕ ਮੁੱਲਾਂ ਨਾਲ ਰੂਬਰੂ ਕਰਵਾਉਣ ਦੀ ਮਹਿਲ ਕਵਾਇਦ ਨੂੰ ਹੋਰ ਮਜ਼ਬੂਤੀ ਦਿੱਤੀ।
ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਪੰਜਾਬ ਵਿਧਾਨ ਸਭਾ ਕੋਆਰਡੀਨੇਟਰ ਬਰਨਾਲਾ ਅਤੇ ਰਾਜਨੀਤੀ ਸ਼ਾਸਤਰ ਦੇ ਲੈਕਚਰਾਰ ਸਰਦਾਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਹਲਕਾ ਭਦੌੜ, ਮਹਿਲ ਕਲਾਂ ਅਤੇ ਬਰਨਾਲਾ — ਤਿੰਨਾਂ ਹਲਕਿਆਂ ਦੇ ਚੁਣੇ ਹੋਏ ਵਿਦਿਆਰਥੀ ਐਮ.ਐਲ.ਏ. ਨੇ ਇਸ ਸੈਸ਼ਨ ਵਿੱਚ ਭਾਗ ਲਿਆ ਅਤੇ ਆਪਣੇ ਖੇਤਰਾਂ ਦੀ ਨੁਮਾਇੰਦਗੀ ਕੀਤੀ।
-ਵਿਦਿਆਰਥੀ ਐਮ.ਐਲ.ਏ. ਵੱਲੋਂ ਗੰਭੀਰ ਵਿਚਾਰ-ਵਟਾਂਦਰਾ
ਹਲਕਾ ਭਦੌੜ ਤੋਂ ਐਮਐਲਏ ਸਰਦਾਰ ਲਾਭ ਸਿੰਘ ਉਗੋਕੇ ਦੀ ਜਗ੍ਹਾ
ਪੀਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੌੜਾਂ ਦੇ ਵਿਦਿਆਰਥੀ ਪੁਸ਼ਪਿੰਦਰ ਸਿੰਘ ਨੇ ਵਿਸ਼ਵਾਸ ਭਰਪੂਰ ਤਰੀਕੇ ਨਾਲ ਸੈਸ਼ਨ ਵਿੱਚ ਹਿੱਸਾ ਪਾਇਆ।
ਹਲਕਾ ਮਹਿਲ ਕਲਾਂ ਦੀ ਨੁਮਾਇੰਦਗੀ ਕਰਦੇ ਹੋਏ ਸਰਦਾਰ ਕੁਲਵੰਤ ਸਿੰਘ ਪੰਡੋਰੀ ਦੀ ਜਗ੍ਹਾ ਲੋਕ ਕਵੀ ਸੰਤ ਰਾਮ ਉਦਾਸੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਏਸਰ, ਪੰਜਾਬ ਦੇ ਵਿਦਿਆਰਥੀ ਇੰਦਰਜੀਤ ਸਿੰਘ ਨੇ ਵਿਧਾਨ ਸਭਾ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ।
ਉੱਧਰ ਹਲਕਾ ਬਰਨਾਲਾ ਤੋਂ ਸਰਦਾਰ ਕੁਲਦੀਪ ਸਿੰਘ ਕਾਲਾ ਢਿੱਲੋ ਦੀ ਨੁਮਾਇੰਦਗੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੱਟੂ ਦੇ ਵਿਦਿਆਰਥੀ ਜਸਕਰਨ ਸਿੰਘ ਨੇ ਜੋਸ਼ ਅਤੇ ਜ਼ਿੰਮੇਵਾਰੀ ਨਾਲ ਕੀਤੀ।
-ਵਿਕਾਸ ਕਾਰਜਾਂ ਲਈ ਮੰਗਾਂ ਅਤੇ ਲੋਕਤੰਤਰ ਮਜ਼ਬੂਤੀ ਵੱਲ ਸੁਝਾਅ ਪੇਸ਼
ਵਿਦਿਆਰਥੀ ਐਮ.ਐਲ.ਏ. ਵੱਲੋਂ ਆਪਣੇ ਆਪਣੇ ਹਲਕਿਆਂ ਵਿੱਚ ਸੜਕਾਂ, ਸਿੱਖਿਆ, ਸਿਹਤ ਸਹੂਲਤਾਂ, ਖੇਡ ਸਾਧਨਾਂ ਅਤੇ ਵਿਕਾਸ ਨਾਲ ਸੰਬੰਧਿਤ ਪ੍ਰਸਤਾਵ ਸਪੀਕਰ ਸਾਹਮਣੇ ਰੱਖੇ ਗਏ। ਇਸ ਦੇ ਨਾਲ ਹੀ ਨੌਜਵਾਨਾਂ ਨੇ ਵਿਧਾਨਿਕ ਪ੍ਰਕਿਰਿਆ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਪਾਰਦਰਸ਼ੀ ਬਣਾਉਣ ਲਈ ਮਹੱਤਵਪੂਰਨ ਸੁਝਾਅ ਵੀ ਪੇਸ਼ ਕੀਤੇ, ਜਿਨ੍ਹਾਂ ਨੇ ਸੈਸ਼ਨ ਦੀ ਗੰਭੀਰਤਾ ਅਤੇ ਉਨ੍ਹਾਂ ਦੀ ਸਮਝ ਦਾ ਵਿਸ਼ੇਸ਼ ਪ੍ਰਗਟਾਵਾ ਕੀਤਾ।
ਜ਼ਿਲਾ ਸਿੱਖਿਆ ਅਫਸਰ ਦੀ ਹੌਸਲਾ ਅਫਜ਼ਾਈ
ਇਸ ਮਹੱਤਵਪੂਰਨ ਸੈਸ਼ਨ ਦੌਰਾਨ ਜ਼ਿਲਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਬਰਨਾਲਾ, ਸਰਦਾਰ ਸੁਨੀਤ ਇੰਦਰ ਸਿੰਘ ਵੀ ਵਿਦਿਆਰਥੀਆਂ ਦੇ ਨਾਲ ਮੌਜੂਦ ਰਹੇ। ਉਨ੍ਹਾਂ ਨੇ ਵਿਦਿਆਰਥੀਆਂ ਦੇ ਉਤਸ਼ਾਹ, ਲੋਕਤੰਤਰ ਪ੍ਰਤੀ ਜਾਗਰੂਕਤਾ ਅਤੇ ਪ੍ਰਸਤਾਵ ਪੇਸ਼ ਕਰਨ ਦੇ ਤਰੀਕੇ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ। ਡਿਪਟੀ ਡੀਈਓ ਡਾਕਟਰ ਬਰਜਿੰਦਰਪਾਲ ਸਿੰਘ ਨੇ ਕਿਹਾ ਕਿ ਮੌਕ ਸੈਸ਼ਨ ਕੇਵਲ ਇਕ ਰਸਮੀ ਕਾਰਜਵਾਈ ਨਹੀਂ ਸੀ, ਸਗੋਂ ਇਸ ਨੇ ਭਵਿੱਖ ਦੇ ਜਿੰਮੇਵਾਰ ਨਾਗਰਿਕਾਂ ਦੇ ਮਨਾਂ ਵਿੱਚ ਸੰਵਿਧਾਨ ਪ੍ਰਤੀ ਸਨਮਾਨ, ਲੋਕਤੰਤਰ ਪ੍ਰਤੀ ਨਿਸ਼ਠਾ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਮਜਬੂਤ ਚੇਤਨਾ ਜਗਾਈ। ਵਿਦਿਆਰਥੀਆਂ ਨੇ ਵਿਧਾਨ ਸਭਾ ਦੀ ਕਾਰਵਾਈ ਨੂੰ ਬੜੀ ਰੁਚੀ ਨਾਲ ਸਮਝਿਆ ਅਤੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਪ੍ਰਭਾਵਸ਼ਾਲੀ ਭੂਮਿਕਾ ਅਦਾ ਕੀਤੀ।

Post a Comment