![]() |
ਵਿਪਨ ਕੁਮਾਰ ਗਰਗ
ਹੈਡਮਾਸਟਰ ਸਹਸ ਰਾਜੋਮਾਜਰਾ 9463355685 |
ਬਜੁਰਗਾਂ ਨੂੰ ਜੇਕਰ ਸਾਡੀ ਵਿਰਾਸਤ ਦਾ ਖਜ਼ਾਨਾ ਕਹਿ ਲਿਆ ਜਾਵੇ ਤਾਂ ਇਸ ਵਿੱਚ ਕੋਈ ਹੈਰਾਨੀ ਨਹੀਂ ਹੋਵੇਗੀ। ਪਰ ਅੱਜ ਇਸ ਵਿਰਸੇ ਨੂੰ ਅਸੀਂ ਆਪਣੇ ਘਰਾਂ ਵਿੱਚ, ਸਮਾਜ ਵਿੱਚ, ਬਿਰਧ ਆਸ਼ਰਮਾਂ ਵਿੱਚ ਰੁਲਦੇ ਅਕਸਰ ਦੇਖ ਸਕਦੇ ਹਾਂ ।ਅੱਜ ਕੱਲ ਦੀ ਨਵੀਂ ਪੀੜੀ ਕੋਲ ਤਾਂ ਬਜ਼ੁਰਗਾਂ ਲਈ ਬਿਲਕੁਲ ਵੀ ਵਿਹਲ ਨਹੀਂ। ਜਿਸ ਤਰ੍ਹਾਂ ਅਸੀਂ ਆਪਣੇ ਦੁੱਖ- ਸੁੱਖ , ਖੁਸ਼ੀ -ਖੁਸ਼ੀ ਆਪਣੇ ਦੋਸਤਾਂ ,ਮਿੱਤਰਾਂ ,ਭੈਣ -ਭਰਾਵਾਂ ਨਾਲ ਸਾਂਝੇ ਕਰਨਾ ਚਾਹੁੰਦੇ ਹਾਂ ,ਉਸ ਤਰ੍ਹਾਂ ਇਹ ਬਜ਼ੁਰਗ ਵੀ ਤਾਂ ਚਾਹੁੰਦੇ ਹਨ ਕਿ ਉਹਨਾਂ ਦੀਆਂ ਧੀਆਂ -ਪੁੱਤ ਉਹਨਾਂ ਦਾ ਹਾਲ ਚਾਲ ਪੁੱਛਣ ।ਪੋਤੇ ਪੋਤੀਆਂ ਨੂੰ ਸੋਹਣੀਆਂ- ਸੋਹਣੀਆਂ ਪਰੀਆਂ ਦੀਆਂ ਬਾਤਾਂ ਸੁਣਾਉਣ ਪਰ ਅੱਜ ਉਹਨਾਂ ਦੀਆਂ ਬਾਤਾਂ ਦੀ ਥਾਂ ਟੀਵੀ ਚੈਨਲ ਨੇ ਲੈ ਲਈ ਹੈ। ਬੱਚੇ ਟੀਵੀ ਦੇਖ ਕੇ ਆਪਣਾ ਮਨ -ਪਰਚਾਵਾ ਕਰਦੇ ਹਨ ਤੇ ਉਹਨਾਂ ਦੀ ਕੋਈ ਨਹੀਂ ਸੁਣਦਾ।
ਮਾਂ ਬਾਪ ਆਪਣੇ ਬੱਚੇ ਦੇ ਪੈਦਾ ਹੋਣ ਤੇ ਲੱਖਾਂ ਖੁਸ਼ੀਆਂ ਮਨਾਉਂਦੇ ਹਨ। ਉਸ ਨੂੰ ਬੜੇ ਹੀ ਲਾੜ -ਪਿਆਰ ਨਾਲ ਪਾਲਦੇ -ਪੋਸਦੇ ਹਨ। ਇਸ ਉਮੀਦ ਨਾਲ ਕਿ ਉਹ ਉਹਨਾਂ ਨੂੰ ਬੁਢਾਪੇ ਵਿੱਚ ਸਹਾਰਾ ਦੇਵੇਗਾ, ਪਰ ਅੱਜ-ਕੱਲ੍ਹ ਅਜਿਹੀ ਕਿਸਮਤ ਕਿੱਥੇ? ਜਦੋਂ ਬਜ਼ੁਰਗ ਆਪਣੇ ਬੱਚਿਆਂ ਲਈ ਸਭ ਕੁਝ ਕੁਰਬਾਨ ਕਰ ਸਕਦੇ ਹਨ ਤਾਂ ਬੱਚਿਆਂ ਦਾ ਵੀ ਤਾਂ ਫਰਜ ਬਣਦਾ ਹੈ ਕਿ ਉਹ ਆਪਣੇ ਬਜ਼ੁਰਗਾਂ ਲਈ ਪਿਆਰ ਸਤਿਕਾਰ ਦੀ ਭਾਵਨਾ ਰੱਖਣ ਤੇ ਉਹਨਾਂ ਲਈ ਸਮਾਂ ਕੱਢਣ । ਜਿਆਦਾਤਰ ਘਰਾਂ ਵਿੱਚ ਬਜ਼ੁਰਗਾਂ ਨੂੰ ਪੈਸੇ ਦੇ ਲਾਲਚ ਵਿੱਚ ਰੱਖਿਆ ਜਾਂਦਾ ਹੈ ।ਪਰ ਘਰ ਵਿੱਚ ਸਿਰਫ ਪਦਾਰਥਕ ਚੀਜ਼ਾਂ ਨਾਲ ਹੀ ਖੁਸ਼ੀਆਂ ਨਹੀਂ ਆਉਂਦੀਆਂ ਘਰ ਤਾਂ ਰਿਸ਼ਤਿਆਂ ਦੀ ਨਿੱਘ ਨਾਲ ਹੀ ਬਣਦੇ ਹਨ। ਅੱਜ ਸ਼ਹਿਰਾਂ ਵਿੱਚ ਜਿੰਨਾ ਘਰਾਂ ਵਿੱਚ ਬਜ਼ੁਰਗ ਨਹੀਂ ਹੁੰਦੇ, ਉਹਨਾਂ ਦੇ ਬੱਚਿਆਂ ਦੀ ਜ਼ਿੰਦਗੀ ਆਪਣੇ ਆਪ ਤੇ ਨਿਰਭਰ ਹੋ ਕੇ ਰਹਿ ਗਈ ਹੁੰਦੀ ਹੈ, ਰਿਸ਼ਤਿਆਂ ਦੀ ਅਹਿਮੀਅਤ ਉਹਨਾਂ ਲਈ ਨਾ-ਮਾਤਰ ਹੀ ਹੁੰਦੀ ਹੈ । ਅੱਜ ਦੇ ਯੁੱਗ ਵਿੱਚ ਇਹ ਬਹੁਤ ਜਰੂਰੀ ਹੈ ਕਿ ਅਸੀਂ ਆਪਣੇ ਬਜ਼ੁਰਗਾਂ ਨੂੰ ਉਹਨਾਂ ਦਾ ਬਣਦਾ ਸਥਾਨ ਦਈਏ ਤੇ ਆਪਣੇ ਆਪਣੀ ਨਵੀਂ ਪੀੜੀ ਨੂੰ ਆਪਣੇ ਵਿਰਸੇ ਨਾਲੋਂ ਟੁੱਟਣ ਨਾ ਦੇਈਏ ।ਕਿਤੇ ਅਜਿਹਾ ਨਾ ਹੋਵੇ ਕਿ ਸਾਡੀ ਆਉਣ ਵਾਲੀ ਪੀੜ੍ਹੀ ਪੈਸੇ ਦੇ ਪਿੱਛੇ ਦੌੜਦੀ ਰਹੇ ਤੇ ਰਿਸ਼ਤੇ-ਨਾਤੇ ਕਿਤੇ ਨਜ਼ਰ ਹੀ ਨਾ ਆਉਣ। ਬਜ਼ੁਰਗਾਂ ਦਾ ਟਿਕਾਣਾ ਸਾਡੇ ਮਨਾ ਵਿੱਚ ਹੋਣਾ ਚਾਹੀਦਾ ਹੈ ਨਾ ਕੀ ਆਸ਼ਰਮਾਂ ਵਿੱਚ । ਅੱਜ ਸਮੇਂ ਦੀ ਲੋੜ ਹੈ ਕਿ ਨਵੀਂ ਪੀੜੀ ਨੂੰ ਆਪਣੀਆਂ ਅਮੀਰ ਕਦਰਾਂ-ਕੀਮਤਾਂ ਤੋਂ ਜਾਣੂ ਕਰਾਈਏ ।