Breaking

ਪਾਕਿਸਤਾਨੀ ਏਜੰਟਾਂ ਨਾਲ ਸੰਪਰਕ ਰੱਖ ਕੇ ਫੌਜ ਦੀ ਗੁਪਤ ਜਾਣਕਾਰੀ ਲੀਕ ਕਰਨ ਵਾਲਾ ਜਾਸੂਸੀ ਨੈੱਟਵਰਕ ਬੇਨਕਾਬ, 2 ਕਾਬੂ

 

ਸ੍ਰੀ ਮੁਕਤਸਰ ਸਾਹਿਬ : ਪੰਜਾਬ ਸਰਕਾਰ ਤੇ ਗੌਰਵ ਯਾਦਵ ਡੀਜੀਪੀ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸ਼ਰਾਰਤੀ ਅਨਸਰਾਂ ਅਤੇ ਗੈਂਗਸਟਰਾਂ ਖਿਲਾਫ ਚੱਲ ਰਹੀ ਵਿਸ਼ੇਸ਼ ਮੁਹਿੰਮ ਤਹਿਤ ਅਭਿਮਨਿਊ ਰਾਣਾ ਐਸਐਸਪੀ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਜ਼ਿਲ੍ਹੇ ’ਚ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕੀਤੇ ਗਏ ਹਨ। ਇਸੇ ਤਹਿਤ ਮਨਮੀਤ ਸਿੰਘ ਢਿੱਲੋਂ ਐਸਪੀ (ਡੀ) ਅਤੇ ਰਸ਼ਪਾਲ ਸਿੰਘ ਡੀਐਸਪੀ ‘ਡੀ’ ਦੀ ਨਿਗਰਾਨੀ ਹੇਠ ਇੰਸਪੈਕਟਰ ਗੁਰਵਿੰਦਰ ਸਿੰਘ ਇੰਚਾਰਜ ਸੀਆਈਏ ਸਟਾਫ ਸ੍ਰੀ ਮੁਕਤਸਰ ਸਾਹਿਬ ਅਤੇ ਪੁਲਿਸ ਪਾਰਟੀ ਵੱਲੋਂ 2 ਅਜਿਹੇ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ, ਜੋ ਪਾਕਿਸਤਾਨੀ ਏਜੰਟਾਂ ਨਾਲ ਸੰਪਰਕ ਕਰਕੇ ਭਾਰਤ ਦੀ ਸੰਵੇਦਨਸ਼ੀਲ ਜਾਣਕਾਰੀ ਲੀਕ ਕਰ ਰਹੇ ਸਨ। ਇਸ ਸਬੰਧੀ ਸੀਆਈਏ ਸਟਾਫ ਵੱਲੋਂ ਬਠਿੰਡਾ ਬਾਈਪਾਸ, ਸ੍ਰੀ ਮੁਕਤਸਰ ਸਾਹਿਬ ਵਿਖੇ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਇੱਕ ਮੁਖਬਰ ਵੱਲੋਂ ਗੁਪਤ ਇਤਲਾਹ ਪ੍ਰਾਪਤ ਹੋਈ, ਜਿਸ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਵੱਲੋਂ ਤੁਰੰਤ ਖਾਸ ਟੀਮ ਤਿਆਰ ਕਰਕੇ ਦੋਵੇਂ ਜਾਸੂਸਾਂ ਨੂੰ ਕਾਬੂ ਕੀਤਾ ਗਿਆ। ਕਾਬੂ ਕੀਤੇ ਗਏ ਜਾਸੂਸਾਂ ਦੀ ਪਛਾਣ ਅਕਾਸ਼ਦੀਪ ਸਿੰਘ ਉਰਫ ਮਿੰਟੂ ਵਾਸੀ ਮਹਾਂਬੱਧਰ ਅਤੇ ਬਲਰਾਜ ਸਿੰਘ ਵਾਸੀ ਚਿੱਬੜਾਂਵਾਲੀ ਵਜੋਂ ਹੋਈ ਹੈ। ਇਨ੍ਹਾਂ ਦਾ ਤੀਸਰਾ ਸਾਥੀ ਪ੍ਰੀਤਪਾਲ ਸਿੰਘ ਉਰਫ ਯੋਗਰਾਜ ਸਿੰਘ ਉਰਫ ਜੱਗਾ ਜੋ ਕਿ ਪਹਿਲਾਂ ਹੀ ਜੇਲ੍ਹ ’ਚ ਬੰਦ ਹੈ। ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਵਿਅਕਤੀ ਪਾਕਿਸਤਾਨੀ ਵਟਸਐਪ ਨੰਬਰਾਂ ਨਾਲ ਲੰਮੇ ਸਮੇਂ ਤੋਂ ਸੰਪਰਕ ’ਚ ਸਨ ਅਤੇ ਪੈਸਿਆਂ ਦੇ ਲਾਲਚ ’ਚ ਦੇਸ਼-ਵਿਰੋਧੀ ਗਤੀਵਿਧੀਆਂ ’ਚ ਸ਼ਾਮਲ ਹੋ ਕੇ ਆਰਮੀ ਦੇ ਗੁਪਤ ਪ੍ਰੋਗਰਾਮਾਂ ਅਤੇ ਗਤੀਵਿਧੀਆਂ ਨਾਲ ਸੰਬੰਧਿਤ ਜਾਣਕਾਰੀ ਪਾਕਿਸਤਾਨੀ ਆਈਐਸਆਈ ਏਜੰਟਾਂ ਨੂੰ ਭੇਜ ਰਹੇ ਸਨ। ਪੁੱਛਗਿੱਛ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਇਨ੍ਹਾਂ ਵੱਲੋਂ ਵਿਸਾਖਾਪਟਨਮ ਵਿਖੇ ਹੋਏ “ਸਵਰੱਖਸ਼ਾ ਮਹਾਉਤਸਵ 2025” ਦੌਰਾਨ ਫੋਟੋਆਂ ਅਤੇ ਵੀਡੀਓ ਤਿਆਰ ਕਰਕੇ ਅੱਗੇ ਭੇਜੀਆਂ ਗਈਆਂ। ਇਸ ਤੋਂ ਇਲਾਵਾ ਇਹ ਵਿਅਕਤੀ ਹੋਰ ਸੰਵੇਦਨਸ਼ੀਲ ਫ਼ੌਜੀ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਸਨ। ਕਾਬੂ ਕੀਤੇ ਵਿਅਕਤੀਆਂ ਨੂੰ ਪੇਸ਼ ਕਰਕੇ ਮਾਣਯੋਗ ਅਦਾਲਤ ਪਾਸੋਂ ਚਾਰ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕਿਸੇ ਵੀ ਸ਼ੱਕੀ ਗਤੀਵਿਧੀ ਜਾਂ ਵਿਅਕਤੀ ਬਾਰੇ ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਵੇ। ਦੇਸ਼ ਵਿਰੋਧੀ ਤੱਤਾਂ ਖਿਲਾਫ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਜਾ ਰਹੀ ਹੈ ਅਤੇ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।

Post a Comment

Previous Post Next Post