Breaking

ਸੋਸ਼ਲ ਮੀਡੀਆ ‘ਤੇ ਦੋਸਤੀ ਵਿੱਚ ਅਣਬਣ ਤੋਂ ਬਾਅਦ ਆਂਗਣਵਾੜੀ ਹੈਲਪਰ ਦਾ ਦਿਨ ਦਿਹਾੜੇ ਕਤਲ

 ਪੁਲਿਸ ਨੇ ਸਿਰਫ 3 ਘੰਟਿਆਂ ਵਿੱਚ ਮਾਮਲਾ ਸੁਲਝਾਇਆ, ਅੰਮ੍ਰਿਤਸਰ ਦੇ ਪਿੰਡ ਮਹਲਾਵਾਲਾ ਦਾ ਰਹਿਣ ਵਾਲਾ ਦੋਸ਼ੀ ਕਾਬੂ

ਲੰਬੀ, 22 ਅਪ੍ਰੈਲ (ਭੂਰਾ)  : ਪਿੰਡ ਫਤਿਹਪੁਰ ਮਨੀਆਂਵਾਲੀ ਦੇ ਆਂਗਣਵਾੜੀ ਸੈਂਟਰ ਵਿੱਚ ਹੈਲਪਰ ਵਜੋਂ ਕੰਮ ਕਰ ਰਹੀ ਕਰੀਬ 30 ਸਾਲਾ ਮਹਿਲਾ ਦਾ ਬੁੱਧਵਾਰ ਸਵੇਰੇ ਦਿਨ ਦਿਹਾੜੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ, ਪਰ ਪੁਲਿਸ ਨੇ ਮੌਕਾ ਮੂਆਇਨਾ ਅਤੇ ਤਕਨੀਕੀ ਸਹਾਇਤਾ ਨਾਲ ਸਿਰਫ 3 ਘੰਟਿਆਂ ਵਿੱਚ ਦੋਸ਼ੀ ਨੂੰ ਕਾਬੂ ਕਰ ਲਿਆ। ਪੁਲਿਸ ਦੀ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਮਾਮਲਾ ਸੋਸ਼ਲ ਮੀਡੀਆ ‘ਤੇ ਹੋਈ ਦੋਸਤੀ ਤੋਂ ਬਾਅਦ ਅਣਬਣ ਦਾ ਨਤੀਜਾ ਹੈ। ਪਿੰਡ ਫਤਿਹਪੁਰ ਮਨੀਆਂਵਾਲਾ ਦੇ ਵਸਨੀਕ ਗੁਰਬਚਨ ਸਿੰਘ ਉਰਫ਼ ਬੂਟਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੀ ਪਤਨੀ ਰਮਨਦੀਪ ਕੌਰ ਪਿਛਲੇ ਲਗਭਗ 2 ਸਾਲਾਂ ਤੋਂ ਆਂਗਣਵਾੜੀ ਕੇਂਦਰ ਵਿੱਚ ਹੈਲਪਰ ਵਜੋਂ ਕੰਮ ਕਰ ਰਹੀ ਸੀ। ਉਸ ਦੇ ਅਨੁਸਾਰ 22 ਅਪ੍ਰੈਲ ਨੂੰ ਸਵੇਰੇ ਜਦੋਂ ਉਹ ਆਪਣੀ ਡਿਊਟੀ ‘ਤੇ ਸੀ, ਤਾਂ ਇੱਕ ਅਣਪਛਾਤੇ ਵਿਅਕਤੀ ਨੇ ਤੇਜ਼ ਧਾਰ ਵਾਲੇ ਕਟਰ ਨਾਲ ਉਸ ‘ਤੇ ਕਈ ਵਾਰ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਉਸ ਦੇ ਸਿਰ, ਗਲੇ ਅਤੇ ਕੰਨ ਦੇ ਨੇੜੇ ਗੰਭੀਰ ਚੋਟਾਂ ਲੱਗੀਆਂ। ਇਸ ਤੋਂ ਬਾਅਦ ਦੋਸ਼ੀ ਨੇ ਲੋਹੇ ਦੀ ਪਾਈਪ ਨਾਲ ਵੀ ਵਾਰ ਕੀਤਾ। ਇਨ੍ਹਾਂ ਗੰਭੀਰ ਚੋਟਾਂ ਕਾਰਨ ਰਮਨਦੀਪ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਦੋਸ਼ੀ ਮੌਕੇ ਤੋਂ ਭੱਜ ਗਿਆ। ਸਵੇਰੇ ਕਰੀਬ 9 ਵਜੇ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਤੁਰੰਤ ਟੀਮਾਂ ਬਣਾਈਆਂ ਅਤੇ ਜਾਂਚ ਸ਼ੁਰੂ ਕੀਤੀ। ਐੱਸ.ਐੱਸ.ਪੀ. ਅਭਿਮਨਿਊ ਰਾਣਾ ਦੇ ਦਿਸ਼ਾ-ਨਿਰਦੇਸ਼ਾਂ ਹੇਠ, ਐੱਸ.ਪੀ.ਡੀ. ਮਨਮੀਤ ਸਿੰਘ ਢਿੱਲੋਂ ਅਤੇ ਡੀ.ਐੱਸ.ਪੀ. ਲੰਬੀ ਹਰਬੰਸ ਸਿੰਘ ਦੀ ਨਿਗਰਾਨੀ ਵਿੱਚ, ਥਾਣਾ ਲੰਬੀ ਦੇ ਇੰਚਾਰਜ ਇੰਸਪੈਕਟਰ ਜਸਵੀਰ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਤਕਨੀਕੀ ਸਬੂਤਾਂ ਦੇ ਆਧਾਰ ‘ਤੇ ਕੁਝ ਹੀ ਘੰਟਿਆਂ ਵਿੱਚ ਦੋਸ਼ੀ ਨੂੰ ਲੱਭ ਲਿਆ। ਦੋਸ਼ੀ ਦੀ ਪਛਾਣ ਕਰਨਦੀਪ ਪੁੱਤਰ ਸੁਬੇਗ ਸਿੰਘ, ਵਸਨੀਕ ਪਿੰਡ ਮਹਲਾਵਾਲਾ (ਜ਼ਿਲ੍ਹਾ ਅੰਮ੍ਰਿਤਸਰ) ਵਜੋਂ ਹੋਈ ਹੈ, ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਦੋਸ਼ੀ ਦੀ ਨਿਸ਼ਾਨਦੇਹੀ ‘ਤੇ ਕਤਲ ਵਿੱਚ ਵਰਤੇ ਗਏ ਹਥਿਆਰ—ਕਟਰ ਅਤੇ ਲੋਹੇ ਦੀ ਪਾਈਪ ਵੀ ਬਰਾਮਦ ਕਰ ਲਈ ਹੈ। ਇਸ ਮਾਮਲੇ ਵਿੱਚ ਥਾਣਾ ਲੰਬੀ ਵਿੱਚ ਐੱਫ.ਆਈ.ਆਰ ਨੰਬਰ 118, ਮਿਤੀ 22/04/2026, ਧਾਰਾ 103(1) BNS ਹੇਠ ਕੇਸ ਦਰਜ ਕਰਕੇ ਅਗਲੀ ਜਾਂਚ ਜਾਰੀ ਹੈ। ਡੀ.ਐੱਸ.ਪੀ. ਹਰਬੰਸ ਸਿੰਘ ਨੇ ਪੁਸ਼ਟੀ ਕੀਤੀ ਕਿ ਇਹ ਘਟਨਾ ਸੋਸ਼ਲ ਮੀਡੀਆ ‘ਤੇ ਦੋਸਤੀ ਤੋਂ ਬਾਅਦ ਹੋਈ ਅਣਬਣ ਦਾ ਨਤੀਜਾ ਹੈ। ਕਰੀਬ 30 ਸਾਲਾ ਮ੍ਰਿਤਕਾ ਦੋ ਬੱਚਿਆਂ ਦੀ ਮਾਂ ਸੀ।

Post a Comment

Previous Post Next Post