ਸ੍ਰੀ ਮੁਕਤਸਰ ਸਾਹਿਬ, 12ਮਈ :
ਪੰਜ ਦਹਾਕਿਆਂ ਤੋਂ ਵੱਧ ਸਮੇਂ ਤੋਂ ਚੱਲ ਰਹੀ ਇਹ ਸੰਸਥਾ ਮੌਜੂਦਾ ਸਮੇਂ ਵਿੱਚ ਪ੍ਰਿੰਸੀਪਲ ਪ੍ਰੋ. ਸਰਬਜੀਤ ਕੌਰ ਜੀ ਦੀ ਸੁਚੱਜੀ ਅਗਵਾਈ ਹੇਠ 13 ਫ਼ਰਵਰੀ 2025 ਤੋਂ ਨਵੇਂ ਦਿਸਹੱਦਿਆਂ ਨੂੰ ਛੋਹ ਰਹੀ ਹੈ। ਉਹਨਾਂ ਵੱਲੋਂ ਜਿੰਮੇਵਾਰੀ ਸੰਭਾਲਣ ਸਮੇਂ ਕਾਲਜ ਨੂੰ ਤਰੱਕੀ ਦੀਆਂ ਰਾਹਾਂ ’ਤੇ ਤੋਰਨ ਲਈ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਸਭ ਤੋਂ ਵੱਡੀ ਚੁਣੌਤੀ ਵਿਦਿਆਰਥੀਆਂ ਦੀ ਗਿਣਤੀ ਸਬੰਧੀ ਸੀ ਜਿਸ ਨੂੰ ਮੈਡਮ ਨੇ ਦੂਰ ਅੰਦੇਸ਼ੀ ਸਦਕਾ ਪ੍ਰਬੰਧਕੀ ਕਮੇਟੀ, ਸਟਾਫ਼, ਵਿਦਿਆਰਥੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਗਿਣਤੀ ਵਿੱਚ ਲਗਾਤਾਰ ਵਾਧੇ ਰਾਹੀਂ ਹੱਲ ਕੀਤਾ । ਮੌਜੂਦਾ ਸਮੇਂ ਕਾਲਜ ਆਪਣੇ ਵਿੱਤੀ ਭਾਰ ਨੂੰ ਸੰਭਾਲਣ ਦੇ ਸਮਰੱਥ ਹੋ ਰਿਹਾ ਹੈ। ਪ੍ਰਿੰਸੀਪਲ ਵੱਲੋਂ ਕਾਲਜ ਦੇ ਅਕਾਦਮਿਕ ਅਤੇ ਵਿੱਤੀ ਪੱਧਰ ਨੂੰ ਉੱਚਾ ਚੁੱਕਣ ਲਈ ਅਕਾਦਮਿਕ ਅਤੇ ਵਿੱਤੀ ਆਡਿਟ ਪਾਰਦਰਸ਼ਤਾ ਨਾਲ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਕਾਲਜ ਦੀ ਸਰਵਉੱਚਤਾ ਲਈ ਨੈਕ ਐਕਰੀਡੇਸ਼ਨ ਲਈ ਲੋੜੀਂਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਅਤੇ ਵਿੱਤੀ ਸੰਕਟ ਦੇ ਚਲਦਿਆਂ ਲੰਬੇ ਸਮੇਂ ਤੋਂ ਬੰਦ ਅਧਿਆਪਕਾਂ ਨੂੰ ਅਕਾਦਮਿਕ ਪ੍ਰਫੁੱਲਤਾ ਲਈ ਦਿੱਤੇ ਜਾ ਰਹੇ ਵਿੱਤੀ ਲਾਭ ਨੂੰ ਮੁੜ ਚਾਲੂ ਕੀਤਾ ਗਿਆ ਹੈ। ਇਸ ਦਾ ਪਿਛਲੇ ਸੈਸ਼ਨ ਦੌਰਾਨ ਕਈ ਅਧਿਆਪਕ ਸਾਹਿਬਾਨ ਵੱਲੋਂ ਲਾਭ ਲਿਆ ਜਾ ਚੁੱਕਾ ਹੈ। ਵਿਦਿਆਰਥੀਆਂ ਦੀ ਸਹੂਲਤ ਲਈ ਆਈ ਸੀ ਟੀ ਲੈਬ ਅਤੇ ਸੋਲਰ ਸਿਸਟਮ ਰਾਹੀਂ ਕਾਲਜ ਦੇ ਬੁਨਿਆਦੀ ਢਾਂਚੇ ਵਿੱਚ ਵਾਧਾ ਕੀਤਾ ਗਿਆ ਹੈ। ਸੈਸ਼ਨ 2024-25, 2025-26 ਦੇ ਦੌਰਾਨ ਕਾਲਜ ਦੇ ਅਕਾਦਮਿਕ ਖੇਤਰ ਵਿੱਚ ਵੀ ਸ਼ਲਾਘਾਯੋਗ ਪ੍ਰਾਪਤੀਆਂ ਦਰਜ਼ ਕੀਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਪਰਨੀਤ ਕੌਰ ਐਮ.ਐਸ. ਸੀ ,ਐਫ.ਡੀ, ਹਰਸ਼ਦੀਪ ਕੌਰ ਬੀ. ਵਾਕ ਈ ਡੀ ਐਮ ਅਤੇ ਅਵਨੀਤ ਕੌਰ ਬੀ ਵਾਕ ਐਫ ਐਸ ਟੀ ਨੇ ਯੂਨੀਵਰਸਿਟੀ ਵਿੱਚੋਂ ਗੋਲਡ ਮੈਡਲ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ 44 ਵਿਦਿਆਰਥੀਆਂ ਨੇ ਯੂਨੀਵਰਸਿਟੀ ਪੁਜੀਸ਼ਨਾਂ ਹਾਸਿਲ ਕੀਤੀਆਂ ਹਨ। 340 ਵਿਦਿਆਰਥੀਆਂ ਵੱਲੋਂ 80% ਤੋਂ ਵੱਧ ਅੰਕ ਪ੍ਰਾਪਤ ਕਰਕੇ ਡਿਸਟਿੰਕਸ਼ਨ ਹਾਸਿਲ ਕੀਤੀ ਗਈ ਹੈ।
ਸਹਿ ਵਿਦਿਅਕ ਗਤੀਵਿਧੀਆਂ ਵਿੱਚ ਵੀ ਵਿਦਿਆਰਥੀਆਂ ਨੇ ਪ੍ਰਾਪਤੀਆਂ ਕਰਕੇ ਆਪਣੀ ਸਖਸ਼ੀਅਤ ਨੂੰ ਸੰਵਾਰਿਆ ਹੈ। ਪੰਜਾਬ ਯੂਨੀਵਰਸਿਟੀ ਵੱਲੋਂ ਕਰਵਾਏ ਜਾਂਦੇ ਜ਼ੋਨਲ ਅਤੇ ਇੰਟਰ ਜੋ਼ਨਲ ਯੁਵਕ ਮੇਲੇ ਵਿੱਚ ਵੀ ਵਿਦਿਆਰਥੀਆਂ ਨੇ ਮਾਣ ਮੱਤੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਖੇਡ ਖ਼ੇਤਰ ਵਿੱਚ ਬੀ ਐਸ ਸੀ ਛੇਵਾਂ ਸਮੈਸਟਰ ਦੇ ਵਿਦਿਆਰਥੀ ਸ਼ਿਵਮ ਨੇ 43ਵੀਂ ਸੀਨੀਅਰ ਨੈਸ਼ਨਲ
ਨੈੱਟਬਾਲ ਚੈਂਪੀਅਨਸ਼ਿਪ ਵਿੱਚੋਂ ਗੋਲਡ ਮੈਡਲ ਹਾਸਿਲ ਕਰਕੇ ਕਾਲਜ ਦੇ ਮਾਣ ਵਿੱਚ ਵਾਧਾ ਕੀਤਾ ਹੈ। ਇਸ ਤੋਂ ਇਲਾਵਾ ਅਨੇਕਾਂ ਵਿਦਿਆਰਥੀ ਕਾਲਜ ਵਿੱਚ ਚੱਲ ਰਹੀ ਪ੍ਰਤਿਯੋਗੀ ਪ੍ਰੀਖਿਆਵਾਂ ਯੂ ਪੀ ਐਸ ਸੀ ਅਤੇ ਐਨ ਡੀ ਏ ਦੀ ਮੁਫਤ ਕੋਚਿੰਗ ਲੈ ਕੇ ਭਵਿੱਖ ਨੂੰ ਉਜਵਲ ਕਰਨ ਲਈ ਯਤਨਸ਼ੀਲ ਹਨ। ਐਨ ਡੀ ਏ ਵਿੱਚ ਜਾਣ ਵਾਲੇ ਚਾਹਵਾਨ ਵਿਦਿਆਰਥੀਆਂ ਲਈ ਸਰੀਰਕ ਕਸਰਤ ਵਾਸਤੇ ਐਨ ਡੀ ਏ ਦਾ ਹਰਡਲ ਪਾਰਕ ਸ਼ੁਰੂ ਕੀਤਾ ਗਿਆ ਹੈ।
ਪ੍ਰਿੰਸੀਪਲ ਮੈਡਮ ਵੱਲੋਂ ਵਿਦਿਆਰਥੀਆਂ ਨੂੰ ਸਵੈ ਉੱਦਮਤਾ ਅਤੇ ਆਤਮ ਨਿਰਭਰਤਾ ਨਾਲ ਜੋੜਨ ਲਈ ਇਨਕਿਉਬੇਸ਼ਨ ਸੈੱਲ ਬਣਾ ਕੇ ਕਾਲਜ ਵਿੱਚ ਉਦਯੋਗ ਮੇਲਿਆਂ ਦੀ ਲੜੀ ਸ਼ੁਰੂ ਕੀਤੀ ਗਈ। ਕਾਲਜ ਦੀਆਂ ਇਹਨਾਂ ਪ੍ਰਾਪਤੀਆਂ ਨੂੰ ਹੌਸਲਾ ਅਫ਼ਜ਼ਾਈ ਦੇ ਤੌਰ ’ਤੇ ਸਮਝਦਿਆਂ ਸਟਾਫ਼ ਅਤੇ ਵਿਦਿਆਰਥੀ ਆਸਵੰਦ ਹਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਡਾਇਰੈਕਟੋਰੇਟ ਆਫ਼ ਐਜੂਕੇਸ਼ਨ, ਸਥਾਨਕੀ ਪ੍ਰਬੰਧਕੀ ਕਮੇਟੀ, ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਪ੍ਰਿੰਸੀਪਲ , ਸਟਾਫ ਆਉਣ ਵਾਲੇ ਸਮੇਂ ਵਿੱਚ ਕਾਲਜ ਨੂੰ ਹੋਰ ਬੁਲੰਦੀਆਂ ਵੱਲ ਲੈ ਕੇ ਜਾਣ ਲਈ ਯਤਨਸ਼ੀਲ ਹਨ, ਤਾਂ ਜੋ ਵਿਦਿਆਰਥੀਆਂ ਦਾ ਬਹੁਪੱਖੀ ਵਿਕਾਸ ਕੀਤਾ ਜਾ ਸਕੇ।

Post a Comment