ਮ੍ਰਿਤਕ ਨਾਲ ਲਿਵ-ਇਨ 'ਚ ਰਹਿ ਰਹੀ ਮਹਿਲਾ ਨੇ ਹੀ ਪੁੱਤਰ ਤੇ ਜਵਾਈ ਨਾਲ ਮਿਲ ਕੇ ਬਣਾਈ ਸੀ ਕਤਲ ਦੀ ਯੋਜਨਾ
ਸੋਮਵਾਰ 25 ਮਈ ਨੂੰ ਵਿਨੈ ਕੁਮਾਰ ਪੁੱਤਰ ਜਸਪਾਲ ਗਰਗ ਉਮਰ 50 ਸਾਲ ਵਾਸੀ ਗਲੀ ਨੰਬਰ 3 ਇੰਦਰਾ ਕਲੋਨੀ ਪਦਮਪੁਰ ਸ੍ਰੀਗੰਗਾਨਗਰ ਨੇ ਪੁਲਿਸ ਥਾਣਾ ਜਵਾਹਰਨਗਰ ਵਿਖੇ ਹਾਜ਼ਰ ਹੋ ਕੇ ਸ਼ਿਕਾਇਤ ਦਿੱਤੀ ਕਿ ਉਸ ਦਾ ਪੁੱਤਰ ਕਪਿਲ ਜਿੰਦਲ ਪੁੱਤਰ ਤੇਜਪਾਲ ਜਿੰਦਲ ਵਾਸੀ 52 ਆਰ.ਬੀ. ਹੈ, ਜੋ ਕਿ ਸ੍ਰੀਗੰਗਾਨਗਰ ਵਿੱਚ ਆਪਣੀ ਪਤਨੀ ਸੁਖਜੀਤ ਕੌਰ ਨਾਲ ਕਿਰਾਏ 'ਤੇ ਰਹਿੰਦਾ ਸੀ। ਉਸ ਦੇ ਪੁੱਤਰ ਦਾ ਮੈਡੀਕਲ ਦਾ ਕਾਰੋਬਾਰ ਹੈ ਅਤੇ ਇਹ ਦੁਕਾਨ ਐੱਸ.ਐੱਸ.ਬੀ. ਰੋਡ 'ਤੇ ਹੈ, ਉਹ ਉੱਥੇ ਹੀ ਕਿਰਾਏ 'ਤੇ ਰਹਿੰਦਾ ਹੈ। ਅੱਜ ਉਸ ਦੇ ਪੁੱਤਰ ਨਾਲ ਕੁੱਟਮਾਰ ਹੋਣ ਦੀ ਸੂਚਨਾ ਮਿਲਣ 'ਤੇ ਜਦੋਂ ਉਹ ਉਸ ਦੇ ਘਰ ਗਏ ਤਾਂ ਉੱਥੇ ਚਾਰੋਂ ਪਾਸੇ ਖੂਨ ਹੀ ਖੂਨ ਬਿਖਰਿਆ ਹੋਇਆ ਸੀ। ਉਹ ਜਿਸ ਲੜਕੀ ਨਾਲ ਰਹਿੰਦਾ ਸੀ, ਉਹ ਕੱਲ੍ਹ ਰਾਤ ਤੋਂ ਗਾਇਬ ਸੀ। ਸ਼ਾਮ ਨੂੰ ਉਸ ਨੇ ਆ ਕੇ ਕਹਾਣੀ ਸੁਣਾਉਣੀ ਸ਼ੁਰੂ ਕਰ ਦਿੱਤੀ ਕਿ ਪੰਜ ਆਦਮੀ ਆਏ ਅਤੇ ਲੜਕੇ ਦੀ ਕੁੱਟਮਾਰ ਕਰਕੇ ਉਸ ਨੂੰ ਆਪਣੇ ਨਾਲ ਲੈ ਗਏ।
ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਕਰਦੇ ਹੋਏ ਸਿਕੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਉਮਰ 32 ਸਾਲ ਵਾਸੀ ਸ਼ਿਆਮਖੇੜਾ ਪੁਲਿਸ ਥਾਣਾ ਕਬਰਵਾਲਾ ਮਲੋਟ, ਸਤਪਾਲ ਸਿੰਘ ਪੁੱਤਰ ਅਜੀਤ ਸਿੰਘ ਉਮਰ 38 ਸਾਲ ਵਾਸੀ ਗੁਰੂਸਰ ਜੋਧਾ ਪੁਲਿਸ ਥਾਣਾ ਕਬਰਵਾਲਾ (ਹਾਲ ਵਾਸੀ ਸੱਚਾ ਸੌਦਾ ਰੋਡ ਨੇੜੇ ਹਰਨੇਕ ਕਰਿਆਨਾ ਸਟੋਰ ਮਲੋਟ), ਗੁਰਪ੍ਰੀਤ ਸਿੰਘ ਉਰਫ਼ ਬੰਟੀ ਪੁੱਤਰ ਸ਼ਮਸ਼ੇਰ ਸਿੰਘ ਉਮਰ 31 ਸਾਲ ਵਾਸੀ ਤਪਾਖੇੜਾ, ਅਮਨਦੀਪ ਸਿੰਘ ਉਰਫ਼ ਬੌਬੀ ਨਾਗਰਾ ਪੁੱਤਰ ਸ਼ਮਸ਼ੇਰ ਸਿੰਘ ਉਮਰ 31 ਸਾਲ ਵਾਸੀ ਤਪਾਖੇੜਾ, ਗੁਰਦਰਸ਼ਨ ਸਿੰਘ ਪੁੱਤਰ ਰੇਸ਼ਮ ਸਿੰਘ ਉਮਰ 29 ਸਾਲ ਵਾਸੀ ਹਾਲ ਹਾਊਸਿੰਗ ਬੋਰਡ ਸਿਆਰਾਮ ਚੌਕ ਹਨੂੰਮਾਨਗੜ੍ਹ ਅਤੇ ਸੁਖਵਿੰਦਰ ਕੌਰ ਉਰਫ਼ ਰਾਧਿਕਾ ਪਤਨੀ ਕਪਿਲ ਸਿੰਗਲ ਉਮਰ 40 ਸਾਲ ਵਾਸੀ ਟਰੱਕ ਯੂਨੀਅਨ ਵਾਲੀ ਗਲੀ ਨੰਬਰ 6 ਨਿਊ ਗੋਬਿੰਦ ਨਗਰ ਮਲੋਟ (ਹਾਲ ਵਾਸੀ ਐੱਸ.ਐੱਸ.ਬੀ. ਰੋਡ ਸ਼ਿਵ ਮੰਦਰ ਦੇ ਪਿੱਛੇ ਸ੍ਰੀਗੰਗਾਨਗਰ) ਨੂੰ ਕਾਬੂ ਕੀਤਾ ਹੈ।
ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਕਪਿਲ ਜਿੰਦਲ, ਜੋ ਆਪਣੀ ਮਹਿਲਾ ਮਿੱਤਰ ਸੁਖਵਿੰਦਰ ਕੌਰ ਉਰਫ਼ ਰਾਧਿਕਾ ਨਾਲ ਲਿਵ-ਇਨ ਵਿੱਚ ਰਹਿ ਰਿਹਾ ਸੀ, ਦਾ ਉਸ ਨਾਲ ਵਿਵਾਦ ਹੋਣ 'ਤੇ ਰਾਧਿਕਾ ਨੇ ਆਪਣੇ ਪਹਿਲੇ ਪਤੀ ਤੋਂ ਹੋਏ ਪੁੱਤਰ ਗੁਰਪ੍ਰੀਤ ਸਿੰਘ ਉਰਫ਼ ਬੰਟੀ ਤੇ ਅਮਨਦੀਪ ਸਿੰਘ ਉਰਫ਼ ਬੌਬੀ ਨਾਗਰਾ ਅਤੇ ਜਵਾਈ ਗੁਰਦਰਸ਼ਨ ਸਿੰਘ ਨਾਲ ਮਿਲ ਕੇ ਯੋਜਨਾ ਬਣਾਈ। ਉਨ੍ਹਾਂ ਨੇ ਯੋਜਨਾਬੱਧ ਤਰੀਕੇ ਨਾਲ ਕੁੱਟਮਾਰ ਕਰਕੇ ਕਪਿਲ ਜਿੰਦਲ ਨੂੰ ਅਗਵਾ ਕਰ ਲਿਆ ਅਤੇ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਇੰਦਰਾ ਗਾਂਧੀ ਨਹਿਰ ਵਿੱਚ ਸੁੱਟ ਦਿੱਤਾ।

Post a Comment