ਡੀਐਸਪੀ ਜਸਪਾਲ ਸਿੰਘ ਧਾਲੀਵਾਲ ਨੇ ਕਿਹਾ ਸੋਸ਼ਲ ਮੀਡੀਆ ਪੇਜ ਦੇ ਸੰਚਾਲਕ ਅਤੇ ਕੇਂਦਰੀ ਮੰਤਰੀ ਨੂੰ ਭੇਜੀਆ ਜਾ ਰਿਹਾ ਹੈ ਕਾਨੂੰਨੀ ਨੋਟਿਸ
ਮਲੋਟ, 15 ਜੁਲਾਈ (ਭੂਰਾ) : ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਵੱਲੋਂ ਖਾਲੜਾ ਕੇਸ ਨਾਲ ਸੰਬੰਧਿਤ ਦਿੱਤੇ ਗਏ ਬਿਆਨ ਦੇ ਨਾਲ, ਉਸ ਸਮੇਂ ਦੇ ਡੀਐਸਪੀ ਨਾਲ ਨਾਮ ਮਿਲਦਾ ਹੋਣ ਕਾਰਨ ਮਲੋਟ ਦੇ ਮੌਜੂਦਾ ਡੀਐਸਪੀ ਜਸਪਾਲ ਸਿੰਘ ਧਾਲੀਵਾਲ ਦੀ ਫੋਟੋ ਲਗਾ ਕੇ ਪਾਈ ਗਈ ਇੱਕ ਵੀਡੀਓ ਜਿੱਥੇ ਵਿਵਾਦਾਂ ਵਿੱਚ ਆ ਗਈ ਹੈ, ਉੱਥੇ ਹੀ ਇਸ ਘਟਨਾ ਨੇ ਆਏ ਦਿਨ ਮੀਡੀਆ ਦੇ ਨਾਮ 'ਤੇ ਬੇਰੋਕ-ਟੋਕ ਚਲਾਏ ਜਾ ਰਹੇ ਪੇਜਾਂ ਦੀ ਭਰੋਸੇਯੋਗਤਾ 'ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਤਰ੍ਹਾਂ ਦੇ ਗੰਭੀਰ ਮਾਮਲੇ ਵਿੱਚ ਆਪਣੀ ਤਸਵੀਰ ਪਾਏ ਜਾਣ ਤੋਂ ਬਾਅਦ ਆਉਣ ਵਾਲੀਆਂ ਫੋਨ ਕਾਲਾਂ ਅਤੇ ਚਰਚਾਵਾਂ ਤੋਂ ਡੀਐਸਪੀ ਮਲੋਟ ਕਾਫੀ ਆਹਤ ਹਨ ਅਤੇ ਉਨ੍ਹਾਂ ਨੇ ਸੰਬੰਧਿਤ ਪੇਜ ਦੇ ਸੰਚਾਲਕ ਤੋਂ ਇਲਾਵਾ ਕੇਂਦਰੀ ਮੰਤਰੀ ਨੂੰ ਵੀ ਕਾਨੂੰਨੀ ਨੋਟਿਸ ਭੇਜਣ ਦੀ ਗੱਲ ਕਹੀ ਹੈ।
ਜ਼ਿਕਰਯੋਗ ਹੈ ਕਿ ਫੇਸਬੁੱਕ ਦੇ ਇੱਕ ਪੇਜ 'ਤੇ ਪਾਈ ਗਈ ਵੀਡੀਓ ਵਿੱਚ ਭਾਜਪਾ ਨੇਤਾ ਅਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਵੱਲੋਂ ਇੱਕ ਬਿਆਨ, ਜਿਸ ਵਿੱਚ ਉਹ ਕਹਿ ਰਹੇ ਹਨ ਕਿ ਸਭ ਤੋਂ ਇਮਪੋਰਟੇਂਟ ਅੱਜ ਇੱਕ ਹੀ ਆਦਮੀ ਹੈ ਜੋ ਜ਼ਿੰਦਾ ਹੈ ਜਿਸਨੂੰ ਸਜ਼ਾ ਮਿਲੀ ਡੀਐਸਪੀ ਜਸਪਾਲ ਸਿੰਘ... ਉਹ ਕਿੱਥੇ ਹੈ, ਜੇਲ੍ਹ ਤੋਂ ਕਿੱਥੇ ਉਸਨੂੰ ਰੱਖਿਆ ਹੋਇਆ ਹੈ, ਕਿੱਥੇ ਉਸਨੂੰ ਭੇਜਿਆ ਹੈ, ਕਿੱਥੇ ਉਸਨੂੰ ਭਜਾਇਆ ਹੈ, ਇਹ ਭਗਵੰਤ ਮਾਨ ਦੀ ਸਰਕਾਰ ਜਵਾਬ ਦੇਵੇ। ਕੇਂਦਰੀ ਮੰਤਰੀ ਉਕਤ ਬਿਆਨ ਵਿੱਚ ਜਿੱਥੇ ਉਸ ਸਮੇਂ ਦੇ ਡੀਐਸਪੀ ਦੀ ਬਜਾਏ ਮਹਿਜ਼ ਡੀਐਸਪੀ ਜਸਪਾਲ ਸਿੰਘ ਕਹਿ ਰਹੇ ਹਨ, ਉੱਥੇ ਹੀ ਇਸ ਬਿਆਨ ਦੇ ਨਾਲ ਹੀ ਹੇਠਾਂ ਮਲੋਟ ਦੇ ਮੌਜੂਦਾ ਡੀਐਸਪੀ ਜਸਪਾਲ ਸਿੰਘ ਧਾਲੀਵਾਲ ਦੀ ਫੋਟੋ ਲਗਾ ਕੇ ਇਹ ਵੀਡੀਓ ਪੋਸਟ ਕਰ ਦਿੱਤੀ ਗਈ ਹੈ। ਸ਼ਾਇਦ ਸਿਰਫ਼ ਵਿਊਜ਼ ਦੇ ਚੱਕਰ ਵਿੱਚ ਜਲਦਬਾਜ਼ੀ ਕਰਦੇ ਹੋਏ 14 ਜੁਲਾਈ ਨੂੰ ਇਹ ਰਿਪੋਰਟ ਪੋਸਟ ਕਰਦੇ ਸਮੇਂ ਇਹ ਵੀ ਨਹੀਂ ਦੇਖਿਆ ਗਿਆ ਕਿ ਜਿਸ ਡੀਐਸਪੀ ਦੀ ਫੋਟੋ ਲਗਾਈ ਜਾ ਰਹੀ ਹੈ, ਉਹ ਤਾਂ ਉਸ ਸਮੇਂ ਅੰਡਰ ਟ੍ਰੇਨੀ ਏਐਸਆਈ ਕਮਾਂਡੋ ਵਜੋਂ ਪੰਜਾਬ ਤੋਂ ਬਾਹਰ ਤਾਇਨਾਤ ਸਨ ਅਤੇ 2022 ਵਿੱਚ ਕਿਤੇ ਜਾ ਕੇ ਪ੍ਰਮੋਟ ਹੋ ਕੇ ਡੀਐਸਪੀ ਬਣੇ ਹਨ।
ਇਸ ਵੀਡੀਓ 'ਤੇ ਹੈਰਾਨੀ ਪ੍ਰਗਟ ਕਰਦੇ ਹੋਏ ਡੀਐਸਪੀ ਮਲੋਟ ਜਸਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਉਨ੍ਹਾਂ ਦੇ ਕਿਸੇ ਦੋਸਤ ਨੇ ਵੀਡੀਓ ਭੇਜੀ ਤਾਂ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਲੱਗਾ। ਉਨ੍ਹਾਂ ਕਿਹਾ ਕਿ ਮੀਡੀਆ ਪੇਜ ਸੰਚਾਲਕਾਂ ਨੇ ਉਨ੍ਹਾਂ ਦੀ ਫੋਟੋ ਲਗਾ ਕੇ ਉਨ੍ਹਾਂ ਦੇ ਅਕਸ ਨੂੰ ਖਰਾਬ ਕੀਤਾ ਹੈ, ਉਨ੍ਹਾਂ ਨੂੰ ਦੋਸਤਾਂ-ਮਿੱਤਰਾਂ ਦੇ ਫੋਨ ਆ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਦੀ ਫੋਟੋ ਲਗਾਉਣ ਤੋਂ ਪਹਿਲਾਂ ਉਨ੍ਹਾਂ ਦੀ ਪੋਸਟਿੰਗ ਬਾਰੇ ਜਾਨਣਾ ਜਾ ਉਹਨਾਂ ਨਾਲ ਕਿਸੇ ਨੇ ਸੰਪਰਕ ਤਕ ਕਰਨਾ ਮੁਨਾਸਿਬ ਨਹੀਂ ਸਮਝਿਆ! ਉਨ੍ਹਾਂ ਨੇ ਇਸ ਮਾਮਲੇ ਵਿੱਚ ਇਹ ਵੀਡੀਓ ਪੋਸਟ ਕਰਨ ਵਾਲਿਆਂ ਦਾ ਪਤਾ ਕਰਵਾ ਲਿਆ ਹੈ ਅਤੇ ਉਪਰੋਕਤ ਮੀਡੀਆ ਪੇਜ ਦੇ ਸੰਚਾਲਕਾਂ ਦੇ ਨਾਲ ਕੇਂਦਰੀ ਮੰਤਰੀ ਨੂੰ ਵੀ ਨੋਟਿਸ ਭੇਜਣਗੇ ਤਾਂ ਜੋ ਅੱਗੇ ਤੋਂ ਕਿਸੇ ਹੋਰ ਨਾਲ ਇਸ ਤਰ੍ਹਾਂ ਦੀ ਹਰਕਤ ਨਾ ਹੋਵੇ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਹ ਤਾਂ 2022 ਵਿੱਚ ਪ੍ਰਮੋਟ ਹੋ ਕੇ ਡੀਐਸਪੀ ਬਣੇ ਹਨ ਜਦਕਿ ਖਾਲੜਾ ਕੇਸ 1995 ਦਾ ਹੈ ਅਤੇ ਉਦੋਂ ਉਹ ਆਸਾਮ ਵਿੱਚ ਅੰਡਰ ਟ੍ਰੇਨੀ ਏਐਸਆਈ ਕਮਾਂਡੋ ਵਜੋਂ ਕੰਮ ਕਰ ਰਹੇ ਸਨ। ਉਨ੍ਹਾਂ ਨੇ ਇਸ ਗੱਲ 'ਤੇ ਵੀ ਹੈਰਾਨੀ ਪ੍ਰਗਟ ਕੀਤੀ ਕਿ ਪੋਸਟ ਦੇ ਹੇਠਾਂ ਕੁਮੈਂਟਾਂ ਵਿੱਚ ਕਾਫੀ ਲੋਕ ਉਸ ਸਮੇਂ ਦੇ ਡੀਐਸਪੀ ਦੀ ਜਗ੍ਹਾ 'ਤੇ ਮੇਰੀ ਲਗਾਈ ਗਈ ਫੋਟੋ ਬਾਰੇ ਕੁਮੈਂਟ ਕਰ ਰਹੇ ਹਨ, ਪਰ ਇਸਦੇ ਬਾਵਜੂਦ ਪੇਜ ਸੰਚਾਲਕਾਂ ਨੇ ਅਜੇ ਤੱਕ ਆਪਣੇ ਪੇਜ ਤੋਂ ਨਾ ਤਾਂ ਪੋਸਟ ਹਟਾਈ ਹੈ ਅਤੇ ਨਾ ਹੀ ਉਸਨੂੰ ਠੀਕ ਕੀਤਾ ਹੈ।

