ਸ਼੍ਰੀ ਗੰਗਾਨਗਰ ਸ਼ਹਿਰ ਅਤੇ ਹੋਰ ਥਾਵਾਂ ਤੋਂ ਵਾਹਨ ਚੋਰੀ ਦੇ ਡੇਢ ਦਰਜਨ ਦੇ ਕਰੀਬ ਮਾਮਲੇ ਆਏ ਸਾਹਮਣੇ
ਸ਼੍ਰੀ ਗੰਗਾਨਗਰ : ਜ਼ਿਲ੍ਹਾ ਪੁਲਿਸ ਸੁਪਰਡੈਂਟ ਡਾ. ਅੰਮ੍ਰਿਤਾ ਦੁਹਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਸਟੇਸ਼ਨ ਜਵਾਹਰਨਗਰ ਸ਼੍ਰੀ ਗੰਗਾਨਗਰ ਨੇ ਸ਼੍ਰੀ ਗੰਗਾਨਗਰ ਸ਼ਹਿਰ ਵਿੱਚ ਕਾਰ ਚੋਰੀ ਦੇ ਮਾਮਲਿਆਂ ਨੂੰ ਹੱਲ ਕਰਦਿਆਂ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਚਾਰੋ ਮੁਲਜ਼ਮ ਪੰਜਾਬ ਦੇ ਜਿਲਾ ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਸ਼ਹਿਰ ਦੇ ਰਹਿਣ ਵਾਲੇ ਹਨ।
ਪਹਿਲੀ ਘਟਨਾ ਦੀ ਰਿਪੋਰਟ ਵਿੱਚ, 06.06.2025 ਨੂੰ, ਸ਼ਿਕਾਇਤਕਰਤਾ ਸਦੀਪ ਕੁਮਾਰ ਗੁਪਤਾ ਨੇ ਜਵਾਹਰਨਗਰ ਪੁਲਿਸ ਸਟੇਸ਼ਨ ਵਿੱਚ ਇੱਕ ਰਿਪੋਰਟ ਦਰਜ ਕਰਵਾਈ ਕਿ ਦੋ ਅਣਪਛਾਤੇ ਨੌਜਵਾਨਾਂ ਨੇ ਮੇਰੇ ਘਰ ਦੇ ਸਾਹਮਣੇ ਵਾਲੀ ਗਲੀ ਤੋਂ ਮੇਰੀ ਮਾਰੂਤੀ ਜ਼ੈਨ ਕਾਰ ਚੋਰੀ ਕਰ ਲਈ। ਜਿਸਤੇ ਐਫਆਈਆਰ ਦਰਜ ਕੀਤੀ ਗਈ ਸੀ।
ਦੂਜੀ ਘਟਨਾ ਮੁਪੇਸ਼ ਸ਼ਰਮਾ ਨੇ ਜਵਾਹਰਨਗਰ ਪੁਲਿਸ ਸਟੇਸ਼ਨ ਵਿੱਚ ਰਿਪੋਰਟ ਦਿੱਤੀ ਕਿ ਮੇਰੇ ਜੀਜੇ ਦੀ ਸੈਂਟਰੋ ਕਾਰ ਸਾਡੇ ਘਰ ਦੇ ਸਾਹਮਣੇ ਗਲੀ ਵਿੱਚ ਖੜ੍ਹੀ ਸੀ; ਰਾਤ ਨੂੰ ਦੋ ਅਣਪਛਾਤੇ ਨੌਜਵਾਨ ਇੱਕ ਕਾਰ ਵਿੱਚ ਆਏ, ਜਿਨ੍ਹਾਂ ਵਿੱਚੋਂ ਇੱਕ ਨੇ ਸਾਡੀ ਸੈਂਟਰੋ ਕਾਰ ਦਾ ਤਾਲਾ ਖੋਲ੍ਹਿਆ ਅਤੇ ਕਾਰ ਚੋਰੀ ਕਰ ਲਈ।
ਕਾਰ ਚੋਰੀ ਦੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸ਼੍ਰੀ ਗੰਗਾਨਗਰ ਦੇ ਪੁਲਿਸ ਸਟੇਸ਼ਨ ਜਵਾਹਰ ਨਗਰ ਦੇ ਸਬ ਇੰਸਪੈਕਟਰ ਦੇਵੇਂਦਰ ਸਿੰਘ ਦੀ ਅਗਵਾਈ ਹੇਠ ਇੱਕ ਪੁਲਿਸ ਟੀਮ ਬਣਾਈ ਗਈ ਸੀ। ਤਕਨੀਕੀ ਜਾਂਚ ਅਤੇ ਇੱਕ ਮੁਖਬਰ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ, ਗਠਿਤ ਪੁਲਿਸ ਟੀਮ ਨੇ ਅੱਜ 12.09.2025 ਨੂੰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ।
ਕਾਬੂ ਮੁਲਜ਼ਮਾਂ ਦੀ ਪਛਾਣ ਹਰਸ਼ ਪੁੱਤਰ ਰਾਜੇਸ਼ ਖੁਰਾਣਾ, ਉਮਰ 20 ਸਾਲ, ਵਾਸੀ ਆਦਰਸ਼ ਨਗਰ, ਮਲੋਟ, ਗੋਵਿੰਦ ਪੁੱਤਰ ਅਨੇਕ ਸਿੰਘ, ਉਮਰ 20 ਸਾਲ, ਵਾਸੀ ਏਕਤਾ ਨਗਰ, ਮਲੋਟ, ਅਜੈ ਕੁਮਾਰ ਪੁੱਤਰ ਸ਼ੰਕਰਦਾਸ, ਉਮਰ 22 ਸਾਲ, ਵਾਸੀ ਵਾਰਡ ਨੰਬਰ 2, ਵਾਲਮੀਕੀ ਮੁਹੱਲਾ, ਨੇੜੇ ਨਾਗਪਾਲ ਨਗਰੀ, ਮਲੋਟ ਅਤੇ ਚਿਰਾਗ ਪੁੱਤਰ ਰਾਜੇਸ਼ ਖੁਰਾਣਾ, ਉਮਰ 19 ਸਾਲ, ਵਾਸੀ ਆਦਰਸ਼ ਨਗਰ, ਮਲੋਟ, ਜ਼ਿਲ੍ਹਾ ਮੁਕਤਸਰ ਸਾਹਿਬ, ਪੰਜਾਬ ਦੇ ਰੂਪ ਵਿੱਚ ਹੋਈ ਹੈ।
ਹੁਣ ਤੱਕ ਦੀ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਕਾਰਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਅਤੇ ਚੋਰੀ ਕਰਦੇ ਹਨ। ਉਹਨਾਂ ਰਾਜਸਥਾਨ ਤੋਂ ਅਲਾਵਾ ਪੰਜਾਬ ਅਤੇ ਹਰਿਆਣਾ ਵਿੱਚ ਮਿਲਾਕੇ ਕੁਲ ਡੇਢ ਦਰਜਨ ਕਾਰਾਂ ਚੋਰੀ ਕਰਨ ਦੀ ਗੱਲ ਕਬੂਲ ਕੀਤੀ ਹੈ।