ਪੀ.ਐਸ.ਯੂ. ਵੱਲੋਂ ਮੁੱਖ ਮੰਤਰੀ ਦੇ ਨਾਮ ਡੀ.ਸੀ. ਮੁਕਤਸਰ ਨੂੰ ਸੌਪਿਆਂ ਜਾਵੇਗਾ ਮੰਗ ਪੱਤਰ
ਸ੍ਰੀ ਮੁਕਤਸਰ ਸਾਹਿਬ, 12 ਸਤੰਬਰ : ਅੱਜ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਪੰਜਾਬ ਯੂਨੀਵਰਸਿਟੀ ਰੂਰਲ ਸੈਂਟਰ ਕਾਉਣੀ ਵਿੱਚ ਨਵੀਂ ਸਿੱਖਿਆ ਨੀਤੀ 2020 ਰੱਦ ਕਰਾਉਣ,ਮੇਜਰ/ਮਾਈਨਰ ਵਿਸ਼ਿਆਂ ਦੇ ਨਾਮ 'ਤੇ ਵਿਦਿਆਰਥੀਆਂ ਉੱਤੇ ਵਾਧੂ ਬੋਝ ਖ਼ਤਮ ਕਰਾਉਣ,ਸਲਾਨਾ ਸਿਸਟਮ ਬਹਾਲ ਕਰਾਉਣ,ਪੰਜਾਬ ਯੂਨੀਵਰਸਿਟੀ ਵੱਲੋਂ ਫੀਸਾਂ ਵਿੱਚ ਕੀਤਾ ਗਿਆ ਵਾਧਾ ਵਾਪਿਸ ਕਰਾਉਣ ਅਤੇ ਪੰਜਾਬ ਦੀਆਂ ਨੌਕਰੀਆਂ ਵਿੱਚ ਪੰਜਾਬ ਵਾਸੀਆਂ ਲਈ 90% ਰਾਖਵੇਂ ਕੋਟੇ ਦਾ ਕਾਨੂੰਨ ਬਣਾਵਾਉਣ ਦੇ ਲਈ 18 ਸਤੰਬਰ ਨੂੰ ਡੀ.ਸੀ. ਦਫ਼ਤਰ ਸ੍ਰੀ ਮੁਕਤਸਰ ਸਾਹਿਬ ਦੇ ਸਾਹਮਣੇ ਹੋ ਰਹੇ ਰੋਸ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ ਦੀਆਂ ਤਿਆਰੀਆਂ ਵਜੋਂ ਰੈਲੀ ਕੀਤੀ ਗਈ।
ਪ੍ਰੈੱਸ ਨੋਟ ਜਾਰੀ ਕਰਦਿਆਂ ਜ਼ਿਲ੍ਹਾ ਪ੍ਰਧਾਨ ਸੁਖਪ੍ਰੀਤ ਕੌਰ ਅਤੇ ਜ਼ਿਲ੍ਹਾ ਸਕੱਤਰ ਨੌਨਿਹਾਲ ਸਿੰਘ ਨੇ ਕਿਹਾ ਕਿ ਸੂਬਿਆਂ ਦੇ ਅਧਿਕਾਰਾਂ ਨੂੰ ਕੁਚਲਦੇ ਹੋਏ ਕੇਂਦਰ ਸਰਕਾਰ ਨੇ ਨਵੀਂ ਸਿੱਖਿਆ ਨੀਤੀ 2020 ਲਾਗੂ ਕੀਤੀ। ਜਿਸ ਨੀਤੀ ਦਾ ਨਤੀਜਾ ਹੁਣ ਸਾਡੇ ਸਾਮ੍ਹਣੇ ਆ ਰਿਹਾ ਹੈ। ਮੇਜਰ/ਮਾਈਨਰ ਵਿਸ਼ਿਆਂ ਦੇ ਨਾਮ ਤੇ ਵਿਦਿਆਰਥੀਆਂ ਨੂੰ ਆਪਣੀ ਮਰਜੀ ਦੇ ਵਿਸ਼ੇ ਚੁਣਨ ਦਾ ਕਿਹਾ ਗਿਆ ਜਦਕਿ ਅਸਲ ਵਿੱਚ ਵਿਦਿਆਰਥੀਆਂ ਤੇ ਸਿਰਫ਼ ਵਾਧੂ ਬੋਝ ਲੱਦਿਆ ਗਿਆ। ਵਿਸ਼ੇ ਇਸ ਤਰ੍ਹਾਂ ਤਿਆਰ ਕੀਤੇ ਗਏ ਜਿਨ੍ਹਾਂ ਦਾ ਸਿਲੇਬਸ ਅਤੇ ਕਿਤਾਬਾਂ ਪੇਪਰਾਂ ਦੇ ਨੇੜੇ ਜਾ ਕੇ ਜਾਰੀ ਕੀਤੀਆਂ ਗਈਆਂ। ਜਿਸ ਕਾਰਨ ਬਹੁਤ ਸਾਰੇ ਵਿਦਿਆਰਥੀ ਫੇਲ ਹੋ ਗਏ। ਕੁਝ ਵਿਦਿਆਰਥੀ ਪੜ੍ਹਾਈ ਛੱਡ ਗਏ ਅਤੇ ਕੁਝ ਪ੍ਰਾਈਵੇਟ ਅਦਾਰਿਆ ਵੱਲ ਚਲੇ ਗਏ ਜੋ ਇਸ ਨਵੀਂ ਸਿੱਖਿਆ ਨੀਤੀ ਦਾ ਮੁੱਖ ਮਕਸਦ ਹੈ, ਸਰਕਾਰੀ ਸਿੱਖਿਆ ਨੂੰ ਖ਼ਤਮ ਕਰਨਾ ਅਤੇ ਪ੍ਰਾਈਵੇਟ ਨੂੰ ਪਹਿਲ ਦੇਣਾ।ਇਸ ਨੂੰ ਹੋਰ ਘਾਤਕ ਸਮੈਸਟਰ ਸਿਸਟਮ ਨੇ ਬਣਾਇਆ ਹੈ।ਜਿਸ ਨੇ ਪੜ੍ਹਾਈ ਦਾ ਸਮਾਂ ਘਟਾ ਦਿੱਤਾ ਅਤੇ ਵਿਦਿਆਰਥੀਆਂ ਦੀਆਂ ਕੰਪਾਰਟਮੈਂਟਾਂ ਵਿੱਚ ਵਾਧਾ ਕੀਤਾ ਹੈ। ਦੂਸਰਾ ਇਸ ਨਾਲ ਵਿਦਿਆਰਥੀ ਦੋ ਵਾਰ ਪ੍ਰੀਖਿਆ ਫ਼ੀਸ ਦਿੰਦੇ ਹਨ ਜਿਸ ਨਾਲ ਉਹਨਾਂ ਉੱਪਰ ਦੂਹਰਾ ਆਰਥਿਕ ਬੋਝ ਪੈਂਦਾ ਹੈ। ਨਾਲ ਹੀ ਯੂਨੀਵਰਸਿਟੀ ਵੱਲੋਂ ਹਰ ਸਾਲ ਫੀਸਾਂ 'ਚ ਵਾਧਾ ਕਰ ਦਿੱਤਾ ਜਾਂਦਾ ਹੈ।ਪੰਜਾਬ ਵਿੱਚ ਦੂਜੀ ਸਭ ਤੋਂ ਵੱਡੀ ਸਮੱਸਿਆ ਹੈ ਬੇਰੁਜ਼ਗਾਰੀ।ਨੌਜਵਾਨ ਵੱਡੀਆਂ ਤੇ ਮਹਿੰਗੀਆਂ ਡਿਗਰੀਆਂ ਲੈ ਕੇ ਵੀ ਰੁਜ਼ਗਾਰ ਤੋਂ ਵਾਂਝੇ ਹਨ।ਇਸ ਲਈ ਅੱਜ ਦੇ ਨੌਜਵਾਨਾਂ ਦੀ ਇਹ ਮੰਗ ਹੈ ਕਿ ਪੰਜਾਬ ਵਾਸੀਆਂ ਨੂੰ ਪੰਜਾਬ ਦੀਆਂ ਨੌਕਰੀਆਂ ਵਿੱਚ 90%ਰਾਖਵਾਂਕਰਨ ਹੋਵੇ। ਕਿਉਂਕਿ ਦੂਸਰੇ ਸੂਬਿਆਂ ਨੇ ਵੀ ਆਪਣਾ ਰਾਖਵਾਂਕਰਨ ਕੋਟਾ ਤਹਿ ਕੀਤਾ ਹੋਇਆ ਹੈ, ਜਦਕਿ ਪੰਜਾਬ ਵਿੱਚ ਅਜਿਹਾ ਕੋਈ ਕਾਨੂੰਨ ਨਹੀਂ ਹੈ ।ਸੱਤਾ ਵਿੱਚ ਆਉਣ ਤੋਂ ਪਹਿਲਾਂ ਖ਼ੁਦ ਮੁੱਖ ਮੰਤਰੀ ਸਾਬ੍ਹ ਇਸ ਬਾਰੇ ਸਵਾਲ ਕਰਦੇ ਰਹੇ ਹਨ ਪਰ ਹੁਣ ਇਹਨਾਂ ਦੀ ਸਰਕਾਰ ਆ ਕੇ ਜਾਣ ਵਾਲੀ ਵੀ ਹੈ ਪਰ ਇਸ ਪਾਸੇ ਕੋਈ ਕਦਮ ਨਹੀਂ ਚੱਕਿਆ ਗਿਆ। ਅੰਤ ਵਿੱਚ ਆਏ ਹੋਏ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਆਗੂਆਂ ਨੇ ਐਲਾਨ ਕੀਤਾ ਕਿ 18 ਸਤੰਬਰ ਨੂੰ ਵਿਦਿਆਰਥੀ ਮੰਗਾਂ ਸਬੰਧੀ ਡੀ.ਸੀ. ਦਫ਼ਤਰ ਸ੍ਰੀ ਮੁਕਤਸਰ ਸਾਹਿਬ ਦੇ ਸਾਹਮਣੇ ਹੋ ਰਹੇ ਰੋਸ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਕੀਤੀ ਜਾਵੇਗੀ। ਇਸ ਮੌਕੇ ਜਿੰਦਰ ਸਿੰਘ, ਕੁਲਵੀਰ ਧੂਲਕੋਟ, ਕੋਮਲ ਧੂਲਕੋਟ, ਸਪਨਾ, ਅਰਸ਼ ਥਾਂਦੇਵਾਲਾ ਅਤੇ ਸਮੂਹ ਵਿਦਿਆਰਥੀ ਸ਼ਾਮਿਲ ਸਨ।