ਖਰੜ, 06 ਨਵੰਬਰ - ਪੰਜਾਬ ਦੇ ਸਿਹਤ ਵਿਭਾਗ ਅਧੀਨ ਪਿਛਲੇ 12-13 ਸਾਲਾਂ ਤੋਂ ਠੇਕੇ ਦੇ ਆਧਾਰ ਤੇ ਸੇਵਾਵਾਂ ਨਿਭਾ ਰਹੇ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀ ਅੱਜ ਮੁੱਖ ਮੰਤਰੀ ਪੰਜਾਬ ਨਾਲ ਪਹਿਲਾਂ ਤੋਂ ਤੈਅ ਮੀਟਿੰਗ ਕਰਨ ਲਈ ਖਰੜ ਦੇ ਸਰਕਾਰੀ ਹਸਪਤਾਲ ਵਿਖੇ ਇਕੱਠੇ ਹੋਏ।
ਪ੍ਰਸ਼ਾਸਨ ਵੱਲੋਂ ਐਨ ਮੌਕੇ ਤੇ ਮੀਟਿੰਗ ਕਰਵਾਉਣ ਤੋਂ ਨਾਹ ਨੁੱਕਰ ਕਰਨ ਤੇ ਪੰਜਾਬ ਦੇ ਵੱਖ ਵੱਖ ਜਿਲਿਆਂ ਤੋਂ ਆਏ ਆਗੂਆਂ ਅਤੇ ਮੁਲਾਜ਼ਮਾਂ ਵਿੱਚ ਰੋਸ਼ ਫੈਲ ਗਿਆ ਜਿਸਦੇ ਸਿੱਟੇ ਵਜੋਂ 12-13 ਮੁਲਾਜ਼ਮ ਡਰੱਗ ਅਤੇ ਫੂਡ ਟੈਸਟਿੰਗ ਲੈਬੋਰਟਰੀ ਦੀ ਸੱਤਵੀਂ ਮੰਜਿਲ ਤੇਚੜ ਗਏ। ਨੈਸ਼ਨਲ ਹੈਲਥ ਮਿਸ਼ਨ ਇੰਪਲਾਈਜ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ ਇੰਦਰਜੀਤ ਰਾਣਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਲੱਗਭੱਗ 12000 ਸਿਹਤ ਕਰਮਚਾਰੀ ਜਿਨ੍ਹਾਂ ਵਿੱਚ ਡਾਕਟਰ, ਸਟਾਫ਼ ਨਰਸਾਂ, ਸੀ ਐਚ ਓ, ਟੀ ਬੀ ਵਿਭਾਗ ਦੇ ਕਰਮਚਾਰੀ, ਦਫਤਰੀ ਕਾਮੇ ਸ਼ਾਮਿਲ ਹਨ, ਪਿਛਲੇ ਪੰਦਰ੍ਹਾਂ ਸਾਲਾਂ ਤੋਂ ਠੇਕੇ ਤੇ ਨੌਕਰੀਆਂ ਕਰਦੇ ਹੋਏ ਦਿਨ ਰਾਤ ਪੰਜਾਬ ਦੇ ਸ਼ਹਿਰੀ ਅਤੇ ਪੇਡੂ ਖੇਤਰਾਂ ਵਿੱਚ ਲੋਕਾਂ ਨੂੰ ਸਿਹਤ ਸਹੂਲਤਾਂ ਦੇ ਰਹੇ ਹਨ। ਕਰੋਨਾ ਕਾਲ ਦੌਰਾਨ ਵੀ ਇਹਨਾਂ ਹਜਾਰਾਂ ਮੁਲਾਜ਼ਮਾਂ ਨੇ ਦਿਨ ਰਾਤ ਨਿਗੂਣੀਆਂ ਤਨਖਾਹਾਂ ਤੇ ਕੰਮ ਕਰਨ ਦੇ ਬਾਵਜੂਦ ਬਿਹਤਰੀਨ ਕੰਮ ਕੀਤਾ ਅਤੇ ਕਰੋਨਾ ਨੂੰ ਕਾਬੂ ਕਰਨ ਵਿੱਚ ਬੇਮਿਸਾਲ ਯੋਗਦਾਨ ਪਾਇਆ।
ਜਿਕਰਯੋਗ ਹੈ ਕਿ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਪੰਜਾਬ ਦੇ ਗੁਆਂਢੀ ਸੂਬਿਆਂ ਹਰਿਆਣਾ, ਰਾਜਸਥਾਨ, ਹਿਮਾਚਲ ਆਪਣੇ ਕਰਮਚਾਰੀਆਂ ਨੂੰ ਜਾ ਤਾਂ ਰੈਗੂਲਰ ਕਰ ਚੁੱਕਾ ਹੈ ਜਾਂ ਫ਼ਿਰ ਰੈਗੂਲਰ ਤਨਖਾਹਾਂ ਦੇ ਚੁੱਕੀ ਹੈ । ਐਸੋਸੀਏਸ਼ਨ ਦੇ ਸੂਬਾ ਆਗੂਆਂ ਅਮਰਜੀਤ ਸਿੰਘ, ਅਰੁਣਦੱਤ, ਮਨਿੰਦਰ ਸਿੰਘ, ਡਾਕਟਰ ਵਾਹਿਦ, ਰਮਨਦੀਪ ਕੌਰ, ਜਸਵਿੰਦਰ ਕੌਰ , ਹਰਪਾਲ ਸਿੰਘ ਸੋਢੀ ਅਤੇ ਕਮਲਪ੍ਰੀਤ ਕੌਰ ਨੇ ਪ੍ਸਾਸ਼ਨ ਨੂੰ ਚੇਤਾਵਨੀ ਦਿੰਦੇ ਹੋਏ ਦੱਸਿਆ ਕਿ ਇਹ ਲੜਾਈ ਹੁਣ ਆਰ ਪਾਰ ਦੀ ਹੋਵੇਗੀ ਅਤੇ ਸਰਕਾਰ ਵੱਲੋਂ ਸਾਡੀਆਂ ਸੇਵਾਵਾਂ ਰੈਗੂਲਰ ਕਰਨ ਤੱਕ ਇਹ ਸੰਘਰਸ਼ ਜਾਰੀ ਰਹੇਗਾ।