ਪੰਜਾਬ ਪੁਲਿਸ ਨੇ ਆਰਪੀਜੀ ਹਮਲੇ ਦੀ ਗੁੱਥੀ ਸੁਲਝਾਈ, ਕੈਨੇਡਾ ਅਧਾਰਤ ਗੈਂਗਸਟਰ ਲਖਬੀਰ ਲੰਡਾ ਸੀ ਮਾਸਟਰਮਾਈਂਡ

bttnews
0

 - ਹਮਲਾਵਰਾਂ ਨੂੰ ਲੌਜਿਸਟਿਕ ਸਹਾਇਤਾ ਪ੍ਰਦਾਨ ਕਰਨ ਲਈ 6 ਵਿਅਕਤੀ ਕੀਤੇ ਗ੍ਰਿਫਤਾਰ; ਦੋ ਕਾਰਾਂ, ਆਰਪੀਜੀ ਸਲੀਵ ਵੀ ਕੀਤੀ ਬਰਾਮਦ  

- ਮੁੱਖ ਹਮਲਾਵਰ ਚੜ੍ਹਤ ਸਿੰਘ ਅਤੇ ਉਸਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ: ਡੀਜੀਪੀ ਵੀ.ਕੇ. ਭਾਵਰਾ 

ਪੰਜਾਬ ਪੁਲਿਸ ਨੇ ਆਰਪੀਜੀ ਹਮਲੇ ਦੀ ਗੁੱਥੀ ਸੁਲਝਾਈ, ਕੈਨੇਡਾ ਅਧਾਰਤ ਗੈਂਗਸਟਰ ਲਖਬੀਰ ਲੰਡਾ ਸੀ ਮਾਸਟਰਮਾਈਂਡ

ਚੰਡੀਗੜ੍ਹ, 13 ਮਈ, (BTTNEWS)- 
ਪੰਜਾਬ ਪੁਲਿਸ ਨੇ ਅੱਜ ਰਾਕੇਟ ਪ੍ਰੋਪੇਲਡ ਗ੍ਰੇਨੇਡ (ਆਰਪੀਜੀ) ਹਮਲੇ ਦੇ ਮਾਮਲੇ ਨੂੰ ਸੁਲਝਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਜਿਸ ਵਿੱਚ ਕੈਨੇਡਾ ਅਧਾਰਤ ਗੈਂਗਸਟਰ ਲਖਬੀਰ ਸਿੰਘ ਉਰਫ਼ ਲੰਡਾ ਮਾਸਟਰਮਾਈਂਡ ਵਜੋਂ ਸਾਹਮਣੇ ਆਇਆ ਹੈ, ਜਿਸ ਨੇ ਸੋਮਵਾਰ ਸ਼ਾਮ ਨੂੰ ਮੋਹਾਲੀ 'ਚ ਪੰਜਾਬ ਪੁਲਸ ਇੰਟੈਲੀਜੈਂਸ ਹੈੱਡਕੁਆਰਟਰ 'ਤੇ ਅੱਤਵਾਦੀ ਹਮਲਾ ਕਰਵਾਉਣ ਲਈ ਆਰਪੀਜੀ, ਏਕੇ-47 ਅਤੇ ਲੌਜਿਸਟਿਕ ਸਹਾਇਤਾ ਲਈ ਅਪਰਾਧੀਆਂ ਦਾ ਸਥਾਨਕ ਨੈੱਟਵਰਕ ਪ੍ਰਦਾਨ ਕੀਤਾ ਸੀ। ਲੰਡਾ (33), ਜੋ ਕਿ ਤਰਨਤਾਰਨ ਦਾ ਵਸਨੀਕ ਹੈ ਅਤੇ 2017 ਵਿੱਚ ਕੈਨੇਡਾ ਭੱਜ ਗਿਆ ਸੀ, ਪਾਕਿਸਤਾਨ ਅਧਾਰਤ ਲੋੜੀਂਦੇ ਗੈਂਗਸਟਰ ਹਰਵਿੰਦਰ ਸਿੰਘ ਉਰਫ਼ ਰਿੰਦਾ ਦਾ ਨਜ਼ਦੀਕੀ ਸਾਥੀ ਹੈ। ਦੱਸਣਯੋਗ ਹੈ ਕਿ ਰਿੰਦਾ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਵਿੱਚ ਸ਼ਾਮਲ ਹੋ ਗਿਆ ਸੀ। 

ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਵੀ.ਕੇ. ਭਾਵਰਾ ਨੇ ਇੱਥੇ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੁਲਿਸ ਨੇ ਹਮਲੇ ਦੀ ਯੋਜਨਾ ਬਣਾਉਣ ਅਤੇ ਹਮਲਾਵਰਾਂ ਨੂੰ ਸਥਾਨਕ ਲੌਜਿਸਟਿਕ ਸਹਾਇਤਾ ਪ੍ਰਦਾਨ ਕਰਨ ਵਾਲੇ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। 

ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਨਿਸ਼ਾਨ ਸਿੰਘ ਵਾਸੀ ਪਿੰਡ ਕੁੱਲਾ, ਭਿੱਖੀਵਿੰਡ, ਤਰਨਤਾਰਨ; ਐਸਏਐਸ ਨਗਰ ਦੇ ਸੈਕਟਰ 85 ਸਥਿਤ ਵੇਵ ਅਸਟੇਟ ਦੇ ਰਹਿਣ ਵਾਲੇ ਜਗਦੀਪ ਸਿੰਘ ਕੰਗ; ਅੰਮ੍ਰਿਤਸਰ ਦੇ ਗੁਮਟਾਲਾ ਦੇ ਕੰਵਰਜੀਤ ਸਿੰਘ ਉਰਫ ਕੰਵਰ ਬਾਠ (40); ਬਲਜਿੰਦਰ ਸਿੰਘ ਉਰਫ਼ ਰੈਂਬੋ (41) ਵਾਸੀ ਪੱਟੀ, ਤਰਨਤਾਰਨ; ਬਲਜੀਤ ਕੌਰ ਉਰਫ ਸੁੱਖੀ (50) ਵਾਸੀ ਕੋਟ ਖਾਲਸਾ, ਅੰਮ੍ਰਿਤਸਰ ਅਤੇ ਅਨੰਤ ਦੀਪ ਸਿੰਘ ਉਰਫ ਸੋਨੂੰ (32) ਵਾਸੀ ਗੁਰੂ ਨਾਨਕ ਕਲੋਨੀ, ਅੰਮ੍ਰਿਤਸਰ ਵਜੋਂ ਹੋਈ ਹੈ। ਉਹਨਾਂ ਅੱਗੇ ਦੱਸਿਆ ਕਿ ਇਨ੍ਹਾਂ ਕੋਲੋਂ ਦੋ ਕਾਰਾਂ ਬਰਾਮਦ ਕੀਤੀਆਂ ਗਈਆਂ ਹਨ ਜਿਹਨਾਂ ਵਿੱਚ ਐਸ.ਯੂ.ਵੀ ਟੋਆਇਟਾ ਫਾਰਚੂਨਰ ਅਤੇ ਹੈਚਬੈਕ ਮਾਰੂਤੀ ਸਵਿਫਟ ਸ਼ਾਮਲ ਹੈ। ਪੁਲਿਸ ਨੇ ਹਾਲ ਹੀ ਵਿੱਚ ਆਰਪੀਜੀ ਦੀ ਸਲੀਵ ਵੀ ਬਰਾਮਦ ਕੀਤੀ ਸੀ। 

ਜ਼ਿਕਰਯੋਗ ਹੈ ਕਿ ਨਿਸ਼ਾਨ ਨੂੰ ਫਰੀਦਕੋਟ ਪੁਲਿਸ ਨੇ 11 ਮਈ, 2022 ਨੂੰ ਆਰਮਜ਼ ਐਕਟ ਦੇ ਕੇਸ ਵਿੱਚ ਗ੍ਰਿਫਤਾਰ ਕੀਤਾ ਸੀ ਅਤੇ ਉਹ 16 ਮਈ, 2022 ਤੱਕ ਪੁਲਿਸ ਰਿਮਾਂਡ 'ਤੇ ਹੈ। 

ਡੀਜੀਪੀ, ਜਿਹਨਾਂ ਨਾਲ ਏਡੀਜੀਪੀ ਅੰਦਰੂਨੀ ਸੁਰੱਖਿਆ ਆਰ.ਐਨ. ਢੋਕੇ ਅਤੇ ਮੁਹਾਲੀ ਦੇ ਐਸਐਸਪੀ ਵਿਵੇਕ ਸ਼ੀਲ ਸੋਨੀ ਵੀ ਸਨ, ਨੇ ਦੱਸਿਆ ਕਿ ਲੰਡਾ ਨੇ ਇੰਟੈਲੀਜੈਂਸ ਹੈੱਡਕੁਆਰਟਰ 'ਤੇ ਆਰਪੀਜੀ ਹਮਲਾ ਕਰਨ ਲਈ ਨਿਸ਼ਾਨ ਅਤੇ ਉਸ ਦੇ ਇੱਕ ਹੋਰ ਸਾਥੀ ਜਿਸ ਦੀ ਪਛਾਣ ਚੜਤ ਸਿੰਘ ਵਾਸੀ ਖੇਮਕਰਨ ਵਜੋਂ ਹੋਈ ਹੈ, ਦੀ ਮਦਦ ਲਈ ਅਤੇ ਸਥਾਨਕ ਨਿਵਾਸੀ ਹੋਣ ਦੇ ਨਾਤੇ ਜਗਦੀਪ ਨੇ ਸੋਮਵਾਰ ਸਵੇਰੇ ਇੰਟੈਲੀਜੈਂਸ ਦਫਤਰ ਦੀ ਰੇਕੀ ਕਰਨ ਵਿੱਚ ਚੜਤ ਸਿੰਘ ਦੀ ਮਦਦ ਕੀਤੀ ਸੀ। ਉਹਨਾਂ ਅੱਗੇ ਦੱਸਿਆ ਕਿ ਸੋਮਵਾਰ ਸ਼ਾਮ ਨੂੰ, ਚੜਤ ਅਤੇ ਉਸ ਦੇ ਦੋ ਸਹਿਯੋਗੀਆਂ, ਜਿਨ੍ਹਾਂ ਦੀ ਅਜੇ ਪਛਾਣ ਨਹੀਂ ਹੋ ਸਕੀ, ਨੇ ਲਗਭਗ ਸ਼ਾਮ 7.42 ਵਜੇ ਇੰਟੈਲੀਜੈਂਸ ਹੈੱਡਕੁਆਰਟਰ 'ਤੇ ਆਰਪੀਜੀ ਹਮਲਾ ਕੀਤਾ ਸੀ।  

ਡੀਜੀਪੀ ਭਾਵਰਾ ਨੇ ਦੱਸਿਆ ਕਿ ਪਹਿਲਾਂ ਚੜਤ ਸਿੰਘ ਨੇ ਦੋ ਹਮਲਾਵਰਾਂ ਨੂੰ ਛੁਪਣਗਾਹਾਂ ਮੁਹੱਈਆ ਕਰਵਾਈਆਂ ਸਨ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਨਿਸ਼ਾਨ ਦੇ ਹਵਾਲੇ ਕਰ ਦਿੱਤਾ ਸੀ, ਜਿਸ ਨੇ 27 ਅਪ੍ਰੈਲ, 2022 ਤੋਂ 7 ਮਈ, 2022 ਤੱਕ ਅੰਮ੍ਰਿਤਸਰ ਵਿੱਚ ਕੰਵਰਜੀਤ ਬਾਠ ਅਤੇ ਬਲਜੀਤ ਕੌਰ ਦੀ ਰਿਹਾਇਸ਼ 'ਤੇ ਉਨ੍ਹਾਂ ਦੇ ਛੁਪਣ ਦਾ ਪ੍ਰਬੰਧ ਕੀਤਾ ਸੀ। ਉਹਨਾਂ ਅੱਗੇ ਦੱਸਿਆ ਕਿ ਨਿਸ਼ਾਨ ਨੇ ਲੰਡਾ ਦੇ ਨਿਰਦੇਸ਼ਾਂ 'ਤੇ ਕੁੱਲਾ-ਪੱਟੀ ਰੋਡ 'ਤੇ ਨਿਰਧਾਰਤ ਸਥਾਨ ਤੋਂ ਆਰਪੀਜੀ ਵੀ ਪ੍ਰਾਪਤ ਕੀਤੀ ਸੀ। 

ਉਨ੍ਹਾਂ ਦੱਸਿਆ ਕਿ ਬਲਜਿੰਦਰ ਰੈਂਬੋ, ਜੋ ਕਿ ਐਨ.ਡੀ.ਪੀ.ਐਸ. ਕੇਸਾਂ ਵਿੱਚ ਫੜਿਆ ਗਿਆ ਸੀ ਅਤੇ ਨਸ਼ੇ ਦਾ ਆਦੀ ਹੈ, ਨੇ ਨਿਸ਼ਾਨ ਦੇ ਨਿਰਦੇਸ਼ਾਂ 'ਤੇ ਚੜਤ ਅਤੇ ਉਸਦੇ ਦੋ ਸਾਥੀਆਂ ਨੂੰ ਏ.ਕੇ.-47 ਦੀ ਖੇਪ ਪਹੁੰਚਾਈ ਸੀ। ਉਹਨਾਂ ਅੱਗੇ ਦੱਸਿਆ ਕਿ ਅਨੰਤ ਦੀਪ, ਜੋ ਕਿ ਨਿਸ਼ਾਨ ਦਾ ਜੀਜਾ ਹੈ, ਲੌਜਿਸਟਿਕ ਸਹਾਇਤਾ ਪ੍ਰਦਾਨ ਕਰਨ ਵਿੱਚ ਮਦਦ ਕਰਦਾ ਸੀ। 

ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਚੜਤ ਸਿੰਘ, ਜੋ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ ਤੇ ਇਸ ਸਮੇਂ ਪੈਰੋਲ ‘ਤੇ ਹੈ, ਅਤੇ ਉਸ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਹਨਾਂ ਅੱਗੇ ਕਿਹਾ ਕਿ ਜਲਦ ਹੀ ਤਿੰਨਾਂ ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।  

ਉਨ੍ਹਾਂ ਦੱਸਿਆ ਕਿ ਪੁਲੀਸ ਨੇ ਬਿਹਾਰ ਦੇ ਜ਼ਿਲ੍ਹਾ ਉੜੀਆ ਦੇ ਰਹਿਣ ਵਾਲੇ ਮੁਹੰਮਦ ਨਸੀਮ ਆਲਮ ਅਤੇ ਮੁਹੰਮਦ ਸ਼ਰਾਫ ਰਾਜ ਨੂੰ ਨੋਇਡਾ ਤੋਂ ਪੁੱਛਗਿੱਛ ਲਈ ਲਿਆਂਦਾ ਹੈ ਕਿਉਂਕਿ ਉਹ ਦੋਵੇਂ ਅਣਪਛਾਤੇ ਹਮਲਾਵਰਾਂ ਦੇ ਸੰਪਰਕ ਵਿੱਚ ਪਾਏ ਗਏ ਹਨ। 

ਦੱਸਣਯੋਗ ਹੈ ਕਿ ਐਫਆਈਆਰ ਨੰਬਰ 236 ਮਿਤੀ 09.05.2022 ਨੂੰ ਆਈਪੀਸੀ ਦੀ ਧਾਰਾ 307 ਅਤੇ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਅਤੇ ਵਿਸਫੋਟਕ ਪਦਾਰਥ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਐਸ.ਏ.ਐਸ.ਨਗਰ ਦੇ ਥਾਣਾ ਸੋਹਾਣਾ ਵਿਖੇ ਪਹਿਲਾਂ ਹੀ ਮਾਮਲਾ ਦਰਜ ਕੀਤਾ ਗਿਆ ਹੈ।

Post a Comment

0Comments

Post a Comment (0)