ਵਿਭਾਗ ਅਤੇ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਕਰਾਂਗੇ ਸੰਘਰਸ਼ : ਹਰਗੋਬਿੰਦ ਕੌਰ
ਰਾਏਕੋਟ (ਲੁਧਿਆਣਾ), 3 ਮਈ (ਸੁਖਪਾਲ ਸਿੰਘ ਢਿੱਲੋਂ) - ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਰਾਏਕੋਟ ਦੇ ਅਹੁਦੇਦਾਰਾਂ ਦੀ ਚੋਣ ਅੱਜ ਸਰਬਸੰਮਤੀ ਨਾਲ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਨਿਗਰਾਨੀ ਹੇਠ ਕਰਵਾਈ ਗਈ । ਜਿਸ ਦੌਰਾਨ ਬਲਵਿੰਦਰ ਕੌਰ ਬੁਰਜ ਹਰੀ ਸਿੰਘ ਨੂੰ ਬਲਾਕ ਰਾਏਕੋਟ ਦੀ ਪ੍ਰਧਾਨ ਬਣਾਇਆ ਗਿਆ । ਜਦੋਂ ਕਿ ਜਗਜੀਤ ਕੌਰ ਤਲਵੰਡੀ ਰਾਏ ਨੂੰ ਸੀਨੀਅਰ ਮੀਤ ਪ੍ਰਧਾਨ , ਸ਼ਿੰਦਰ ਕੌਰ ਸੀਲੋਵਾਲੀ ਨੂੰ ਮੀਤ ਪ੍ਰਧਾਨ , ਮਨਿੰਦਰ ਕੌਰ ਬੁਰਜ ਨਕਲੀਆ ਨੂੰ ਜਨਰਲ ਸਕੱਤਰ ਅਤੇ ਰਣਜੀਤ ਕੌਰ ਉਮਰ ਪੁਰਾ ਨੂੰ ਖ਼ਜ਼ਾਨਚੀ ਬਣਾਇਆ ਗਿਆ ।
ਇਸ ਮੌਕੇ ਵਰਕਰਾਂ ਤੇ ਹੈਲਪਰਾਂ ਨਾਲ ਇੱਕ ਮੀਟਿੰਗ ਵੀ ਕੀਤੀ ਗਈ । ਜਿਸ ਦੌਰਾਨ ਬੋਲਦਿਆਂ ਹਰਗੋਬਿੰਦ ਕੌਰ ਨੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਅਤੇ ਪੰਜਾਬ ਸਰਕਾਰ ਨੂੰ ਸਖਤ ਚਿਤਾਵਨੀ ਦਿੱਤੀ ਕਿ ਜੇਕਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਤੇ ਗੌਰ ਨਾ ਕੀਤਾ ਗਿਆ ਤਾਂ ਜਥੇਬੰਦੀ ਵੱਲੋਂ ਵੱਡੇ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ । ਉਹਨਾਂ ਕਿਹਾ ਕਿ ਸੂਬੇ ਅੰਦਰ ਖਾਲੀ ਪਈਆਂ ਹਜ਼ਾਰਾਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਅਸਾਮੀਆਂ ਨੂੰ ਭਰਿਆ ਜਾਵੇ । ਵਰਕਰਾਂ ਨੂੰ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ ਅਤੇ ਆਂਗਣਵਾੜੀ ਸੈਂਟਰਾਂ ਦੇ ਖੋਹੇ ਹੋਏ ਬੱਚੇ ਵਾਪਸ ਕੀਤੇ ਜਾਣ ।
ਇਸੇ ਦੌਰਾਨ ਬਲਾਕ ਰਾਏਕੋਟ ਦੀਆਂ ਆਗੂਆਂ ਨੇ ਮੰਗ ਕੀਤੀ ਕਿ ਜਿੰਨਾ ਚਿਰ ਉਹਨਾਂ ਨੂੰ ਸਮਾਰਟ ਫ਼ੋਨ ਅਤੇ ਰੀਚਾਰਜ਼ ਭੱਤਾ ਨਹੀਂ ਦਿੱਤਾ ਜਾਂਦਾ ਉਹਨਾਂ ਚਿਰ ਉਹਨਾਂ ਕੋਲੋਂ ਦਫ਼ਤਰ ਵਾਲਿਆਂ ਵੱਲੋਂ ਆਨਲਾਈਨ ਕੰਮ ਨਾ ਲਏ ਜਾਣ ।