ਮਿਲਾਵਟ ਖੋਰਾਂ ’ਤੇ ਇਰਾਦਾ ਕਤਲ ਦਾ ਮੁਕੱਦਮਾ ਦਰਜ ਕੀਤਾ ਜਾਵੇ : ਢੋਸੀਵਾਲ

BTTNEWS
0

 - ਇਹ ਕਰਦੇ ਐ ਕੀਮਤੀ ਜਾਨਾਂ ਨਾਲ ਖਿਲਵਾੜ -

ਸ੍ਰੀ ਮੁਕਤਸਰ ਸਾਹਿਬ, 30 ਅਗਸਤ (BTTNEWS)- ਅੱਜ ਕੱਲ੍ਹ ਤਿਉਹਾਰੀ ਸੀਜ਼ਨ ਸ਼ੁਰੂ ਹੋਣ ਦੇ ਨਾਲ ਹੀ ਬਾਜ਼ਾਰ ਵਿਚ ਮਠਿਆਈ, ਫਲ, ਡਰਾਈ ਫਰੂਟ ਅਤੇ ਹੋਰ ਵਸਤਾਂ ਦੀ ਮੰਗ ਇਕ ਦਮ ਵਧ ਗਈ ਹੈ। ਲੋਕਾਂ ਦੀਆਂ ਭਾਵਨਾਵਾਂ ਦਾ ਗਲਤ ਫਾਇਦਾ ਉਠਾਉਂਦੇ ਹੋਏ ਦੁਕਾਨਦਾਰਾਂ ਵੱਲੋਂ ਨਕਲੀ ਦੁੱਧ, ਘਿਓ, ਪਨੀਰ, ਖੋਆ ਅਤੇ ਕਰੀਮ ਦੀ ਵਰਤੋਂ ਧੜੱਲੇ ਨਾਲ ਕੀਤੀ ਜਾਂਦੀ ਹੈ। ਕੱਚੇ ਫਲਾਂ ਨੂੰ ਮਸਾਲਾ ਲਾ ਕੇ ਉਨ੍ਹਾਂ ਦਾ ਰੰਗ ਬਦਲ ਦਿੱਤਾ ਜਾਂਦਾ ਹੈ ਤਾਂ ਜੋ ਉਹ ਪੱਕੇ ਹੋਏ ਨਜ਼ਰ ਆਉਣ। ਕੁਝ ਫਲਾਂ ਉਪਰ ਰੰਗ ਲਗਾ ਕੇ ਵੀ ਗ੍ਰਾਹਕਾਂ ਨੂੰ ਲੁੱਟਿਆ ਜਾਂਦਾ ਹੈ। ਤਾਜ਼ਾ ਜੂਸ ਪਿਆਉਣ ਦੇ ਬਹਾਨੇ ਕੈਮੀਕਲ ਯੁਕਤ ਜੂਸ ਵਰਤਾਇਆ ਜਾਂਦਾ ਹੈ। ਐਨਾ ਹੀ ਨਹੀਂ ਨਿਰਧਾਰਤ ਮਾਪਦੰਡਾਂ ਉਪਰ ਪੂਰਾ ਨਾ ਉਤਰਨ ਵਾਲੇ ਸਨੈਕਸ ਵੀ ਗ੍ਰਾਹਕਾਂ ਨੂੰ ਪਰੋਸ ਕੇ ਉਨ੍ਹਾਂ ਦੇ ਜੀਵਨ ਨਾਲ ਖਿਲਵਾੜ ਕੀਤਾ ਜਾਂਦਾ ਹੈ। ਨਕਲੀ ਦੁੱਧ, ਘਿਓ, ਪਨੀਰ, ਮੱਖਣ, ਕਰੀਮ, ਦਹੀ ਅਤੇ ਖੋਏ ਦੀ ਵਰਤੋਂ ਅਤੇ ਸਿਹਤ ਲਈ ਹਾਨੀਕਾਰਕ ਰੰਗ ਵਰਤ ਕੇ ਧੜਾ ਧੜ ਮਠਿਆਈਆਂ ਤੇ ਹੋਰ ਵਸਤਾਂ ਤਿਆਰ ਕਰਕੇ ਆਮ ਜਨਤਾ ਨੂੰ ਲੁੱਟਿਆ ਜਾਂਦਾ ਹੈ। ਐਨੇ ਵੱਡੇ ਪੱਧਰ ’ਤੇ ਨਕਲੀ ਖਾਣ ਪੀਣ ਵਾਲੀਆਂ ਵਸਤਾਂ ਤਿਆਰ ਕਰਕੇ ਧੜਾ ਧੜ ਵੇਚਣ ਪਿੱਛੇ ਹਲਵਾਈਆਂ ਅਤੇ ਹੋਰਨਾਂ ਖਾਧ ਪਦਾਰਥ ਵੇਚਣ ਵਾਲਿਆਂ ਦੀ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀ ਮਿਲੀ ਭੁਗਤ ਦੀਆਂ ਕਨਸੋਆਂ ਅਤੇ ਸ਼ੰਕਾ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ। ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਧੜਾਧੜ ਨਕਲੀ ਮਿਠਾਈ ਦੀ ਤਿਆਰੀ ਅਤੇ ਵਿਕਰੀ ਅਤੇ ਹੋਰ ਖਾਧ ਪਦਾਰਥਾਂ ਦੀ ਸ਼ਰੇਆਮ ਵਿਕਰੀ ਅਤੇ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀ ਉਦਾਸੀਨਤਾ ਵਾਲੀ ਨੀਤੀ ਦੀ ਅਲੋਚਨਾ ਕੀਤੀ ਹੈ। ਉਹਨਾਂ ਨੇ ਕਿਹਾ ਕਿ ਇਹਨਾਂ ਨਕਲੀ ਖਾਧ ਪਦਾਰਥਾਂ ਦੀ ਵਰਤੋਂ ਦੇ ਮਾਰੂ ਸਿੱਟੇ ਸਾਹਮਣੇ ਆ ਰਹੇ ਹਨ ਤੇ ਲੋਕ ਗੰਭੀਰ ਬਿਮਾਰੀਆਂ ਦੀ ਜਕੜ ਵਿਚ ਹਨ। ਢੋਸੀਵਾਲ ਨੇ ਜਿਲ੍ਹਾ ਪ੍ਰਸ਼ਾਸਨ ਅਤੇ ਜਿਲ੍ਹਾ ਸਿਹਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਨਕਲੀ ਮਠਿਆਈ ਤੇ ਹੋਰ ਖਾਧ ਪਦਾਰਥ ਵਿਕਰੇਤਾਵਾਂ ਸਮੇਤ ਗੈਰ ਕੁਦਰਤੀ ਢੰਗ ਨਾਲ ਤਿਆਰ ਕੀਤੇ ਫਲ ਅਤੇ ਸਬਜ਼ੀ ਵਿਕਰੇਤਾਵਾਂ ਵਿਰੁੱਧ ਇਰਾਦਾ ਕਤਲ ਦਾ ਮੁਕੱਦਮਾ ਦਰਜ਼ ਕੀਤਾ ਜਾਵੇ, ਘੱਟੋ ਘੱਟ ਇਕ ਲੱਖ ਰੁਪਏ ਜੁਰਮਾਨਾ ਅਤੇ ਭਵਿੱਖ ਵਿਚ ਉਹਨਾਂ ਦੇ ਵਿਕਰੀ ਅਦਾਰੇ ਬੰਦ ਕਰਨ ਦਾ ਕਾਨੂੰਨ ਬਣਾਇਆ ਜਾਵੇ ਤਾਂ ਜੋ ਆਮ ਲੋਕਾਂ ਦੇ ਜੀਵਨ ਨੂੰ ਬਰਬਾਦ ਹੋਣ ਤੋਂ ਬਚਾਇਆ ਜਾ ਸਕੇ।

ਮਿਲਾਵਟ ਖੋਰਾਂ ’ਤੇ ਇਰਾਦਾ ਕਤਲ ਦਾ ਮੁਕੱਦਮਾ ਦਰਜ ਕੀਤਾ ਜਾਵੇ : ਢੋਸੀਵਾਲ

 

Post a Comment

0Comments

Post a Comment (0)