ਇਸਤਰੀ ਅਕਾਲੀ ਦਲ ਗਰੀਬ ਲੋਕਾਂ ਦੇ ਹੱਕ ਵਿੱਚ ਨਿੱਤਰਿਆ

BTTNEWS
0

 ਕੱਟੇ ਹੋਏ ਰਾਸ਼ਨ ਕਾਰਡ ਤੇ ਕੱਟੀਆਂ ਗਈਆਂ ਪੈਨਸ਼ਨਾਂ ਬਹਾਲ ਕਰਵਾਉਣ , ਸ਼ਗਨ ਸਕੀਮ ਦੇ ਪੈਸੇ ਦਿਵਾਉਣ ਤੇ ਵੱਧ ਆਏ ਬਿਜਲੀ ਦੇ ਬਿੱਲ ਰੱਦ ਕਰਵਾਉਣ ਲਈ ਕੀਤੇ ਜਾਣਗੇ ਰੋਸ ਪ੍ਰਦਰਸ਼ਨ 

ਸ੍ਰੀ ਮੁਕਤਸਰ ਸਾਹਿਬ , 21 ਸਤੰਬਰ (ਸੁਖਪਾਲ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਵੱਲੋਂ ਗਰੀਬ ਲੋਕਾਂ ਦੇ ਆਟਾ ਦਾਲ ਸਕੀਮ ਵਾਲੇ ਕੱਟੇ ਗਏ ਰਾਸ਼ਨ ਕਾਰਡ ਅਤੇ ਕੱਟੀਆਂ ਗਈਆਂ ਬੁਢਾਪਾ ਪੈਨਸ਼ਨਾਂ ਤੋਂ ਇਲਾਵਾ ਸ਼ਗਨ ਸਕੀਮ ਦੇ ਪੈਸੇ ਨਾ ਮਿਲਣ ਅਤੇ ਵੱਧ ਆ ਰਹੇ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾਵੇਗਾ ਤਾਂ ਜੋ ਇਹਨਾਂ ਲੋਕਾਂ ਨੂੰ ਬਣਦਾ ਹੱਕ ਦਿਵਾਇਆ ਜਾ ਸਕੇ ।

         ਉਪਰੋਕਤ ਜਾਣਕਾਰੀ ਇਸਤਰੀ ਵਿੰਗ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ , ਬਲਾਕ ਸ੍ਰੀ ਮੁਕਤਸਰ ਸਾਹਿਬ ਦਿਹਾਤੀ ਦੀ ਪ੍ਰਧਾਨ ਰਜਨੀ ਕੌਰ ਚੱਕ ਕਾਲਾ ਸਿੰਘ ਵਾਲਾ ਅਤੇ ਸ੍ਰੀ ਮੁਕਤਸਰ ਸਾਹਿਬ ਸ਼ਹਿਰੀ ਦੀ ਪ੍ਰਧਾਨ ਅੰਮ੍ਰਿਤਪਾਲ ਕੌਰ ਚੱਕ ਬੀੜ ਸਰਕਾਰ ਨੇ ਦਿੱਤੀ । 

        ਉਹਨਾਂ ਦੱਸਿਆ ਕਿ ਜਦੋਂ ਉਹ ਪਿੰਡਾਂ ਅਤੇ ਸ਼ਹਿਰ ਵਿੱਚ ਔਰਤਾਂ ਨਾਲ ਮੀਟਿੰਗ ਕਰਨ ਲਈ ਜਾਂਦੀਆਂ ਹਨ ਤਾਂ ਅਨੇਕਾਂ ਦੁੱਖੀ ਹੋਈਆਂ ਪਈਆਂ ਔਰਤਾਂ ਉਹਨਾਂ ਨੂੰ ਦੱਸਦੀਆਂ ਹਨ ਕਿ ਆਟਾ ਦਾਲ ਸਕੀਮ ਵਾਲੇ ਸਾਡੇ ਕਾਰਡ ਪਿਛਲੇਂ ਲੰਮੇ ਸਮੇਂ ਤੋਂ ਬਣੇ ਹੋਏ ਸਨ ਤੇ ਉਹਨਾਂ ਨੂੰ ਇਹਨਾਂ ਕਾਰਡਾਂ ਤੇ ਕਣਕ ਮਿਲਦੀ ਰਹੀ ਹੈ । ਪਰ ਹੁਣ ਸਾਡੇ ਕਾਰਡ ਕੱਟ ਦਿੱਤੇ ਗਏ ਹਨ ਤੇ ਪਿਛਲੇਂ ਕਈ ਮਹੀਨਿਆਂ ਤੋਂ ਸਾਨੂੰ ਕਣਕ ਨਹੀਂ ਮਿਲੀ । ਇਹ ਸਾਡੇ ਨਾਲ ਨਿਰਾ ਧੱਕਾ ਹੈ । 

     

ਇਸਤਰੀ ਅਕਾਲੀ ਦਲ ਗਰੀਬ ਲੋਕਾਂ ਦੇ ਹੱਕ ਵਿੱਚ ਨਿੱਤਰਿਆ
ਇਸਤਰੀ ਅਕਾਲੀ ਦਲ ਦੀਆਂ ਆਗੂ ਹਰਗੋਬਿੰਦ ਕੌਰ , ਰਜਨੀ ਕੌਰ , ਅੰਮ੍ਰਿਤਪਾਲ ਕੌਰ 

  ਆਗੂਆਂ ਨੇ ਕਿਹਾ ਕਿ ਕਈ ਬਜ਼ੁਰਗਾਂ ਨੇ ਦੱਸਿਆ ਕਿ ਉਹਨਾਂ ਦੀਆਂ ਬੁਢਾਪਾ ਪੈਨਸ਼ਨਾਂ ਇਹ ਕਹਿ ਕੇ ਕੱਟ ਦਿੱਤੀਆਂ ਕਿ ਤੁਹਾਡੀ ਆਮਦਨ ਜ਼ਿਆਦਾ ਹੋ ਗਈ ਹੈ । ਇਸੇ ਤਰ੍ਹਾਂ ਕਈ ਗਰੀਬ ਔਰਤਾਂ ਦਾ ਕਹਿਣਾ ਸੀ ਕਿ ਸਾਨੂੰ ਹਜ਼ਾਰਾਂ ਰੁਪਏ ਬਿਜਲੀ ਦਾ ਬਿੱਲ ਆ ਗਿਆ ਹੈ । ਜਿਸ ਦੇ ਭਰਨ ਤੋਂ ਉਹ ਅਸਮਰੱਥ ਹਨ । ਸ਼ਗਨ ਸਕੀਮ ਦੇ ਪੈਸੇ ਲੈਣ ਲਈ ਵੀ ਗਰੀਬ ਲੋਕ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟ ਰਹੇ ਹਨ । 

       ਆਗੂਆਂ ਨੇ ਕਿਹਾ ਕਿ ਇਹਨਾਂ ਸਾਰੇ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਦਾ ਇਸਤਰੀ ਵਿੰਗ ਸੰਘਰਸ਼ ਕਰੇਗਾ। ਕੱਟੇ ਹੋਏ ਰਾਸ਼ਨ ਕਾਰਡ ਬਹਾਲ ਕਰਵਾਏ ਜਾਣਗੇ । ਬੰਦ ਕੀਤੀਆਂ ਗਈਆਂ ਪੈਨਸ਼ਨਾਂ ਦੁਬਾਰਾ ਚਾਲੂ ਕਰਵਾਈਆਂ ਜਾਣਗੀਆਂ । ਸ਼ਗਨ ਸਕੀਮ ਦੇ ਪੈਸੇ ਦਿਵਾਏ ਜਾਣਗੇ ਅਤੇ ਵੱਧ ਆਏ ਬਿਜਲੀ ਦੇ ਬਿੱਲਾਂ ਨੂੰ ਰੱਦ ਕਰਵਾਇਆ ਜਾਵੇਗਾ ।

      ਉਹਨਾਂ ਕਿਹਾ ਕਿ ਜੇਕਰ ਸਬੰਧਿਤ ਵਿਭਾਗਾਂ ਦੇ ਉੱਚ ਅਧਿਕਾਰੀਆਂ ਨੇ ਇਸ ਪਾਸੇ ਜਲਦੀ ਧਿਆਨ ਨਾ ਦਿੱਤਾ ਤਾਂ ਉਕਤ ਅਧਿਕਾਰੀਆਂ ਦੇ ਦਫ਼ਤਰਾਂ ਦੇ ਅੱਗੇ ਅਕਤੂਬਰ ਦੇ ਪਹਿਲੇ ਹਫਤੇ ਇਸਤਰੀ ਅਕਾਲੀ ਦਲ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾਣਗੇ , ਜਿਸ ਦੌਰਾਨ ਵੱਡੀ ਗਿਣਤੀ ਵਿੱਚ ਔਰਤਾਂ ਸ਼ਮੂਲੀਅਤ ਕਰਨਗੀਆਂ ।

        ਆਗੂਆਂ ਨੇ ਇਹ ਵੀ ਕਿਹਾ ਇਹ ਜੋ ਸਕੀਮਾਂ ਹਨ ਇਹ ਸਾਰੀਆਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਭਾਗ ਸਮੇਂ ਗਰੀਬ ਲੋਕਾਂ ਦੀ ਭਲਾਈ ਲਈ ਸ਼ੁਰੂ ਕੀਤੀਆਂ ਗਈਆਂ ਸਨ । ਪਰ ਹੁਣ ਲੱਖਾਂ ਗਰੀਬ ਲੋਕਾਂ ਨੂੰ ਇਹਨਾਂ ਸਕੀਮਾਂ ਤੋਂ ਵਾਂਝੇ ਕੀਤਾ ਜਾ ਰਿਹਾ ਹੈ ਜੋ ਬੇਹੱਦ ਮਾੜੀ ਘਟਨਾ ਆ ।

Post a Comment

0Comments

Post a Comment (0)