- ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਪਰਾਲੀ ਦੀ ਰਹਿੰਦ ਖੂੰਹਦ ਨੂੰ ਨਾ ਲਗਾਈ ਜਾਵੇ ਅੱਗ -- ਡਿਪਟੀ ਕਮਿਸ਼ਨਰ
ਸ੍ਰੀ ਮੁਕਤਸਰ ਸਾਹਿਬ 3 ਨਵੰਬਰ (BTTNEWS)- ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਖੁਦ ਖੇਤਾਂ ਵਿੱਚ ਜਾ ਕੇ ਕਿਸਾਨਾਂ ਵਲੋਂ ਪਰਾਲੀ ਅਤੇ ਪਰਾਲੀ ਦੀ ਰਹਿੰਦ-ਖੂੰਹਦ ਨੂੰ ਲਗਾਈ ਗਈ ਅੱਗ ਨੂੰ ਬੁਝਾਅ ਰਹੇ ਹਨ ਅਤੇ ਜਿ਼ਲ੍ਹੇ ਦੇ ਦੂਸਰੇ ਅਧਿਕਾਰੀ ਵੀ ਖੁਦ ਪਰਾਲੀ ਜਾਂ ਰਹਿੰਦ ਖੂੰਹਦ ਨੂੰ ਲੱਗੀ ਹੋਈ ਅੱਗ ਨੂੰ ਮੌਕੇ ਤੇ ਜਾ ਕੇ ਬੁਝਾਅ ਰਹੇ ਹਨ।
ਆਪਣੇ ਇਸ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਨੇ ਪਿੰਡ ਮੜ੍ਹਮਲੂ ਦੇ ਇੱਕ ਖੇਤ ਵਿੱਚ ਪਰਾਲੀ ਦੀ ਰਹਿੰਦ-ਖੂੰਹਦ ਨੂੰ ਲੱਗੀ ਅੱਗ ਨੂੰ ਖੁਦ ਜਾ ਕੇ ਬੁਝਾਇਆ।
ਉਹਨਾਂ ਝੋਨਾ-ਅਤੇ ਬਾਸਮਤੀ ਦੇ ਕਾਸਤਕਾਰਾਂ ਨੂੰ ਕਿਹਾ ਕਿ ਪਰਾਲੀ ਜਾਂ ਪਰਾਲੀ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਈ ਜਾਵੇ ਤਾਂ ਜੋ ਵਾਤਾਵਰਣ ਤੇ ਮਾੜਾ ਅਸਰ ਨਾ ਪਵੇ।
ਉਹਨਾਂ ਹਦਾਇਤ ਕੀਤੀ ਕਿ ਜੇਕਰ ਕੋਈ ਕਾਸਤਕਾਰ ਪਰਾਲੀ ਨੂੰ ਅੱਗ ਲਗਾਉਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਸਰਕਾਰੀ ਨਿਯਮਾਂ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਆਪਣੇ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਨੇ ਪਿੰਡ ਚੌਂਤਰਾ, ਸੰਗਰਾਣਾ, ਸੱਕਾਂਵਾਲੀ ਅਤੇ ਮੜ੍ਹਮਲੂ ਪਿੰਡਾਂ ਪਰਾਲੀ ਦੇ ਖੇਤਾਂ ਵਿੱਚ ਕੀਤੀ ਜਾ ਰਹੀ ਕਣਕ ਦੀ ਬਿਜਾਈ ਦਾ ਵੀ ਜਾਇਜ਼ਾ ਲਿਆ ਅਤੇ ਸਬੰਧਿਤ ਕਿਸਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਜਿ਼ਲ੍ਹਾ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਤੇ ਅਮਲ ਕਰ ਰਹੇ ਹਨ।
ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਤੇ ਗਿੱਦੜਬਾਹਾ ਦੇ ਐਸ.ਡੀ.ਐਮ. ਬਲਜੀਤ ਕੌਰ ਅਤੇ ਜਸਵੰਤ ਸਿੰਘ ਬੀ.ਡੀ.ਪੀ.ਓ ਮਲੋਟ ਵਲੋਂ ਵੀ ਆਪਣੀ ਟੀਮ ਸਮੇਤ ਖੇਤਾਂ ਵਿੱਚ ਪਹੁੰਚ ਕੇ ਕਿਸਾਨਾਂ ਵਲੋਂ ਪਰਾਲੀ ਨੂੰ ਲਗਾਈ ਹੋਈ ਅੱਗ ਨੂੰ ਬੁਝਾਇਆ ਜਾ ਰਿਹਾ ਹੈ ਅਤੇ ਕਿਸਾਨਾਂ ਨੂੰ ਅੱਗ ਪਰਾਲੀ ਨਾ ਸਾੜਣ ਸਬੰਧੀ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਇਸ ਮੌਕੇ ਤੇ ਹਰਿੰਦਰਪਾਲ ਸਿੰਘ ਬੇਦੀ ਨਾਇਬ ਤਹਿਸੀਲਦਾਰ, ਜੋਬਨਦੀਪ ਸਿੰਘ ਏ.ਡੀ.ਓ, ਗੁਰਮੀਤ ਸਿੰਘ ਬੁੜਾ ਗੁਜਰ, ਕੁਲਦੀਪ ਸੰਗਰਾਣਾ ਵੀ ਮੌਜੂਦ ਸਨ।
ਪਰਾਲੀ ਸਾੜਨ ਵਾਲੇ 7 ਲੋਕਾਂ ਦੇ ਜਮੀਨੀ ਰਿਕਾਰਡ ਵਿਚ ਕੀਤੀ ਰੈਡ ਐਂਟਰੀ
ਸ੍ਰੀ ਮੁਕਤਸਰ ਸਾਹਿਬ ਜਿ਼ਲ੍ਹੇ ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਅਤੇ ਕਿਸਾਨਾਂ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕਰਨ ਲਈ ਜਿ਼ਲ੍ਹਾ ਪ੍ਰਸ਼ਾਸਨ ਪੱਬਾਂ ਭਾਰ ਹੋ ਗਿਆ ਹੈ। ਹੁਣ ਤੱਕ ਅੱਗ ਲਗਾਉਣ ਵਾਲੇ 7 ਲੋਕਾਂ ਦੇ ਜਮੀਨੀ ਰਿਕਾਰਡ ਵਿਚ ਲਾਲ ਐਂਟਰੀ ਕਰ ਦਿੱਤੀ ਗਈ ਹੈ ਜਦ ਕਿ ਪਰਾਲੀ ਸਾੜਨ ਵਾਲਿਆਂ ਦੇ ਚਲਾਨ ਕਰਨ ਸਬੰਧੀ ਵੀ ਵਿਭਾਗ ਨੂੰ ਹਦਾਇਤ ਕੀਤੀ ਗਈ ਹੈ।
ਇਹ ਜਾਣਕਾਰੀ ਡਿਪਟੀ ਕਮਿਸ਼ਨਰ ਡਾ: ਰੂਹੀ ਦੁੱਗ ਨੇ ਐਸਡੀਐਮ, ਸਰਕਲ ਮਾਲ ਅਫ਼ਸਰਾਂ, ਕਲਸਟਰ ਅਫ਼ਸਰਾਂ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਬੈਠਕ ਦੀ ਪ੍ਰਧਾਨਗੀ ਕਰਦਿਆਂ ਦਿੱਤੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿ਼ਲ੍ਹੇ ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਆਉਣ ਵਾਲੇ ਕੁਝ ਦਿਨ ਸਾਰੇ ਕਲਸਟਰ ਅਫ਼ਸਰ, ਨੋਡਲ ਅਫ਼ਸਰ ਤੇ ਹੋਰ ਸੀਨਿਅਰ ਅਧਿਕਾਰੀ ਲਗਾਤਾਰ ਪਿੰਡਾਂ ਦੇ ਦੌਰੇ ਕਰਨ। ਜੇਕਰ ਕਿਤੇ ਅੱਗ ਲੱਗੀ ਪਾਈ ਜਾਵੇ ਤਾਂ ਤੁਰੰਤ ਅੱਗ ਬੁਝਾਉਣ ਦੇ ਯਤਨ ਕੀਤੇ ਜਾਣ ਅਤੇ ਸਰਕਾਰੀ ਹਦਾਇਤਾਂ ਅਨੁਸਾਰ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸਾਨਾਂ ਨੁੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕਰਨ ਲਈ ਵੱਧ ਤੋਂ ਵੱਧ ਕਿਸਾਨਾਂ ਨੂੰ ਮਿਲਿਆ ਜਾਵੇ ਅਤੇ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਉਪਰਾਲੇ ਕੀਤੇ ਜਾਣ।
ਬੈਠਕ ਵਿੱਚ ਕੰਵਰਜੀਤ ਸਿੰਘ ਐਸ.ਡੀ.ਐਮ. ਸ੍ਰੀ ਮੁਕਤਸਰ ਸਾਹਿਬ, ਬਲਜੀਤ ਕੌਰ ਐਸ.ਡੀ.ਐਮ. ਗਿੱਦੜਬਾਹਾ, ਡਾ.ਸੰਜੀਵ ਕੁਮਾਰ ਐਸ.ਡੀ.ਐਮ ਮਲੋਟ, ਡਾ. ਗੁਰਪ੍ਰੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
ਜਿ਼ਲ੍ਹੇ ਵਿਚ 2.42 ਲੱਖ ਟਨ ਪਰਾਲੀ ਦੀਆਂ ਗੱਠਾਂ ਬਣਾਈਆਂ
ਸ੍ਰੀ ਮੁਕਤਸਰ ਸਾਹਿਬ ਜਿ਼ਲ੍ਹੇ ਵਿਚ ਪਰਾਲੀ ਪ੍ਰਬੰਧਨ ਲਈ ਜਿ਼ਲ੍ਹਾਂ ਪ੍ਰਸ਼ਾਸਨ ਦੇ ਉਪਰਾਲਿਆਂ ਦੀ ਲੜੀ ਤਹਿਤ ਡਿਪਟੀ ਕਮਿਸ਼ਨਰ ਡਾ: ਰੂਹੀ ਦੁੱਗ ਨੇ ਅੱਜ ਪਰਾਲੀ ਦੀਆਂ ਗੱਠਾਂ ਬਣਾ ਕੇ ਇਸਦੀ ਵਰਤੋਂ ਕਰਨ ਵਾਲੀ ਇੰਡਸਟਰੀ ਦੇ ਨੁੰਮਾਇੰਦਿਆਂ ਨਾਲ ਬੈਠਕ ਕੀਤੀ।
ਡਿਪਟੀ ਕਮਿਸ਼ਨਰ ਨੇ ਇੰਡਸਟਰੀ ਦੇ ਨੁੰਮਾਇੰਦਿਆਂ ਨੂੰ ਹਦਾਇਤ ਕੀਤੀ ਕਿ ਉਹ ਜਲਦ ਤੋਂ ਜਲਦ ਜਿਆਦਾ ਤੋਂ ਜਿਆਦਾ ਪਰਾਲੀ ਦੀਆਂ ਗੱਠਾਂ ਬਣਾ ਕੇ ਚੁੱਕਣ ਤਾਂ ਜੋ ਕਿਸਾਨ ਆਪਣੀ ਅਗਲੀ ਫਸਲ ਦੀ ਬਿਜਾਈ ਸਮੇਂ ਸਿਰ ਕਰ ਸਕਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿ਼ਲ੍ਹੇ ਵਿਚ ਪਰਾਲੀ ਨੂੰ ਖੇਤ ਵਿਚ ਕੱਢ ਕੇ ਨਿਪਟਾਰਾ ਕਰਨ ਦੇ ਐਕਸਸੀਟੂ ਪ੍ਰਬੰਧਨ ਤਰੀਕੇ ਨਾਲ 5.56 ਲੱਖ ਟਨ ਪਰਾਲੀ ਦੇ ਨਿਪਟਾਰੇ ਦਾ ਟੀਚਾ ਹੈ ਅਤੇ ਹੁਣ ਤੱਕ ਜਿ਼ਲ੍ਹੇ ਵਿਚ 2.42 ਲੱਖ ਟਨ ਪਰਾਲੀ ਦੀਆਂ ਗੱਠਾਂ ਬਣਾ ਲਈਆਂ ਗਈਆਂ ਹਨ। ਇਸ ਮੌਕੇ ਇੰਡਸਟਰੀ ਦੇ ਨੁੰਮਾਇੰਦਿਆਂ ਨੇ ਭਰੋਸਾ ਦਿੱਤਾ ਕਿ ਉਹ ਤੈਅ ਟੀਚੇ ਅਨੁਸਾਰ ਪਰਾਲੀ ਚੁੱਕਣਗੇ ਅਤੇ ਜਲਦ ਤੋਂ ਜਲਦ ਕਿਸਾਨਾਂ ਦੇ ਖੇਤ ਖਾਲੀ ਕਰਕੇ ਦਿੱਤੇ ਜਾਣਗੇ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਿਹੜੇ ਕਿਸਾਨ ਪਰਾਲੀ ਦੀਆਂ ਗੱਠਾਂ ਬਣਵਾ ਕੇ ਵੀ ਪਿੱਛੇ ਬਚੀ ਰਹਿੰਦ ਖੁਹੰਦ ਨੂੰ ਅੱਗ ਲਗਾਉਂਦੇ ਹਨ ਉਹ ਅਜਿਹਾ ਨਾ ਕਰਨ, ਕਿਉਂਕਿ ਗੱਠਾਂ ਬਣਾਉਣ ਤੋਂ ਬਾਅਦ ਆਮ ਮਸ਼ੀਨਾਂ ਨਾਲ ਵੀ ਆਸਾਨੀ ਨਾਲ ਬਿਜਾਈ ਹੋ ਸਕਦੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਗੱਠਾਂ ਬਣਾਉਣ ਵਾਲਿਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਗੱਠਾਂ ਬਣਾਉਣ ਤੋਂ ਬਾਅਦ ਛੇਤੀ ਗੱਠਾਂ ਨੂੰ ਚੁੱਕ ਵੀ ਲੈਣ ਇਸ ਲਈ ਕਿਸਾਨ ਗੱਠਾਂ ਨੂੰ ਵੀ ਅੱਗ ਨਾ ਲਗਾਉਣ।
ਜਿਕਰਯੋਗ ਹੈ ਕਿ ਜਿ਼ਲ੍ਹੇ ਵਿਚ ਪਰਾਲੀ ਦੀ ਗੱਠਾਂ ਦੀ ਵਰਤੋਂ ਵਾਲੇ 6 ਉਦਯੋਗ ਹਨ ਜਦ ਕਿ 2 ਲੋਕ ਪਰਾਲੀ ਦੀਆਂ ਗੱਠਾਂ ਤੋਂ ਤੂੜੀ ਆਦਿ ਬਣਾ ਕੇ ਦੂਜਿਆ ਸੂਬਿਆਂ ਨੂੰ ਭੇਜ ਰਹੇ ਹਨ। ਉਨ੍ਹਾਂ ਨੇ ਇਹ ਵੀ ਹਦਾਇਤ ਕੀਤੀ ਕਿ ਗੱਠਾਂ ਸਟੋਰ ਕਰਨ ਲਈ ਥਾਂ ਵੀ ਘਾਟ ਨਾ ਆਵੇ ਇਸ ਲਈ ਸਬੰਧਤ ਵਿਭਾਗ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ।
ਬੈਠਕ ਵਿਚ ਮੁੱਖ ਖੇਤੀਬਾੜੀ ਅਫ਼ਸਰ ਗੁਰਪ੍ਰੀਤ ਸਿੰਘ, ਪ੍ਰਦੁ਼ਸ਼ਨ ਕੰਟਰੋਲ ਬੋਰਡ ਤੋਂ ਅਰਸ਼ਪ੍ਰੀਤ ਸਿੰਘ ਆਦਿ ਵੀ ਹਾਜਰ ਸਨ।