ਡਾਕਟਰ ਬਲਜੀਤ ਕੌਰ ਕੈਬਨਿਟ ਮੰਤਰੀ ਪੰਜਾਬ ਖੁਦ ਕਰਨਗੇ ਮਰੀਜ਼ਾਂ ਦੀ ਜਾਂਚ
ਸ੍ਰੀ ਮੁਕਤਸਰ ਸਾਹਿਬ 20 ਅਕਤੂਬਰ (BTTNEWS)- ਸਮਾਜ ਸੇਵੀ ਸੰਸਥਾ “ਸੰਕਲਪ ਐਜੂਕੇਸ਼ਨਲ ਵੈਲਫੇਅਰ ਸੋਸਾਇਟੀ (ਰਜਿ.)” ਦੇ ਸੰਸਥਾਪਕ ਪ੍ਰਧਾਨ ਨਰਿੰਦਰ ਸਿੰਘ ਪੰਮਾ ਸੰਧੂ ਨੇ ਦੱਸਿਆ ਕਿ ਫਰੀਦਕੋਟ ਵਿਖੇ 27 ਅਕਤੂਬਰ ਦਿਨ ਐਤਵਾਰ ਨੂੰ ਅੱਖਾਂ ਦੇ ਰੋਗਾਂ ਦਾ ਮੁਫਤ ਜਾਂਚ ਕੈਂਪ ਲਾਉਣ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ।
ਵਧੇਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਸੂਬੇ ਦੇ ਕੈਬਨਿਟ ਮੰਤਰੀ ਤੇ ਅੱਖਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਬਲਜੀਤ ਕੌਰ ਦੁਆਰਾ ਦਿਵਾਲੀ ਮੌਕੇ ਲੋੜਵੰਦ ਲੋਕਾਂ ਨੂੰ ਨਜ਼ਰ ਦੀ ਕਿਰਨ ਦਾ ਤੋਹਫਾ ਦਿੰਦਿਆਂ ਇਹ ਕੈਂਪ ਸਥਾਨਕ ਚਾਹਲ ਰੋਡ ਸਥਿਤ ਰਾਇਲ ਸਿਟੀ ਡਾਕਟਰ ਬਲਜੀਤ ਆਈ ਕੇਅਰ ਸੈਂਟਰ ਵਿਖੇ ਸਵੇਰੇ 9 ਵਜੇ ਸ਼ੁਰੂ ਹੋ ਕੇ ਬਾਅਦ ਦੁਪਹਿਰ 3 ਵਜੇ ਤੱਕ ਲੱਗ ਰਿਹਾ ਹੈ। ਸੰਧੂ ਨੇ ਦੱਸਿਆ ਕਿ ਰਬਾਬ ਐਜੂਕੇਸ਼ਨਲ ਵੈਲਫੇਅਰ ਸੋਸਾਇਟੀ ਨਾਲ ਮਿਲ ਕੇ ਲਾਏ ਜਾ ਰਹੇ ਇਸ ਕੈਂਪ ਮੌਕੇ ਸਾਰੇ ਮਰੀਜ਼ਾਂ ਦੀਆਂ ਅੱਖਾਂ ਦੀ ਮੁਫਤ ਜਾਂਚ ਦੇ ਨਾਲ ਨਾਲ ਦਵਾਈਆਂ ਅਤੇ ਲੋੜਵੰਦ ਮਰੀਜ਼ਾਂ ਨੂੰ ਨਜ਼ਰ ਦੀਆਂ ਐਨਕਾਂ ਵੀ ਮੁਫਤ ਵੰਡੀਆਂ ਜਾਣਗੀਆਂ। ਕੈਂਪ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਏਗਾ। ਉਹਨਾਂ ਕਿਹਾ ਕਿ ਇਹ ਕੈਂਪ ਸਮਾਜ ਦੇ ਲੋੜਵੰਦ ਤੇ ਡਾਕਟਰ ਬਲਜੀਤ ਕੌਰ ਪਾਸੋਂ ਹੀ ਅੱਖਾਂ ਦਾ ਇਲਾਜ ਕਰਾਉਣ ਵਾਲੇ ਅਨੇਕਾਂ ਚਾਹਵਾਨ ਮਰੀਜ਼ਾਂ ਨੂੰ ਸਮਰਪਿਤ ਹੈ ਜੋ ਉਹਨਾਂ ਦੇ ਸਰਕਾਰੀ ਹਸਪਤਾਲ ਵਿੱਚ ਸੇਵਾਵਾਂ ਪ੍ਰਦਾਨ ਮੌਕੇ ਉਹਨਾਂ ਹੱਥੋਂ ਹੀ ਆਪਣਾ ਇਲਾਜ ਕਰਾਉਣ ਦੇ ਪ੍ਰਬਲ ਇੱਛਾ ਅੱਜ ਵੀ ਰੱਖਦੇ ਹਨ। ਸੰਧੂ ਨੇ ਇਸ ਮੌਕੇ ਪ੍ਰਚਾਰ ਵਿੱਚ ਸਹਿਯੋਗ ਦੇਣ ਬਦਲੇ ਚੇਅਰਪਰਸਨ ਕੁਲਵਿੰਦਰ ਕੌਰ ਬਰਾੜ,ਏ ਟੂ ਜ਼ੈਡ ਐਡਵਰਟਾਈਜ਼ਮੈਂਟ ਦੇ ਸੰਚਾਲਕ ਹਰਵਿੰਦਰ ਸਿੰਘ ਹੈਪੀ, ਅਮਰਜੋਤ ਸਿੰਘ,ਯੋਗੇਸ਼ ਕੁਮਾਰ,ਸੁਮੀਤ ਸਿੰਘ,ਸੰਕਲਪ ਕੰਪਿਊਟਰ ਸੈਂਟਰ, ਅਰਸ਼ਦੀਪ ਸਿੰਘ ਪੀ.ਏ, ਛਿੰਦਰਪਾਲ ਸਿੰਘ ਪੀ.ਏ,ਮੀਨਾ ਰਾਣੀ, ਪਿੰਦਰ ਬਰਾੜ, ਭਵਕੀਰਤ ਸਿੰਘ ਸੰਧੂ, ਰਾਹੁਲ ਕੁਮਾਰ ਤੇ ਸਾਰੇ ਸਹਿਯੋਗੀ ਵਲੰਟੀਅਰ ਸੱਜਣਾ ਦਾ ਧੰਨਵਾਦ ਕੀਤਾ।