ਤਰਨਤਾਰਨ 06 ਅਪ੍ਰੈਲ (ਗੁਰਕੀਰਤ ਸਿੰਘ) - ਪੰਜਾਬ ਵਿੱਚ ਲੜਾਈ ਝਗੜਿਆ ਦੀਆਂ ਘਟਨਾਂਵਾ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਮਾਮਲਾ ਸਾਹਮਣੇ ਆਇਆ ਹੈ ਖੇਮਕਰਨ ਨਜਦੀਕ ਪੈਂਦੇ ਪਿੰਡ ਗਜਲ ਤੋਂ। ਥਾਣਾ ਖੇਮਕਰਨ ਦੀ ਪੁਲਸ ਨੇ ਗਰਾਊਂਡ ’ਚ ਵਾਲੀਬਾਲ ਖੇਡਣ ’ਤੇ ਗੋਲੀਆਂ ਮਾਰ ਕੇ 2 ਨੌਜਵਾਨਾਂ ਨੂੰ ਜ਼ਖਮੀ ਕਰਨ ਦੇ ਦੋਸ਼ ਹੇਠ 3 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨ ’ਚ ਗੁਰਭੇਜ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਗਜ਼ਲ ਨੇ ਦੱਸਿਆ ਕਿ ਉਹ ਪਿੰਡ ਦੇ ਨੌਜਵਾਨਾਂ ਨਾਲ ਮਿਲ ਕੇ ਰੋਜ਼ਾਨਾ ਸਰਕਾਰੀ ਸਕੂਲ ਦੀ ਗਰਾਊਂਡ ਵਿਚ ਸ਼ਾਮ ਸਮੇਂ ਵਾਲੀਬਾਲ ਖੇਡਦੇ ਹਨ।
ਗਰਾਊਂਡ ਦੇ ਸਾਹਮਣੇ ਸੜਕ ਤੋਂ ਪਾਰ ਮੇਹਰ ਸਿੰਘ ਦਾ ਘਰ ਹੈ, ਜੋ ਉਨ੍ਹਾਂ ਨੂੰ ਵਾਲੀਬਾਲ ਖੇਡਣ ਤੋਂ ਰੋਕਦੇ ਰਹਿੰਦੇ ਸਨ। ਬੀਤੀ ਰਾਤ 8 ਵਜੇ ਮੇਹਰ ਸਿੰਘ ਆਪਣੇ ਮੁੰਡਿਆਂ ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨਾਲ ਮਾਰੂ ਹਥਿਆਰਾਂ ਸਮੇਤ ਲੈਸ ਹੋ ਕੇ ਆਇਆ। ਉਕਤ ਵਿਅਕਤੀਆਂ ਨੇ ਆਪਣੇ-ਆਪਣੇ ਹਥਿਆਰਾਂ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਨਾਲ ਉਹ ਅਤੇ ਉਸ ਦਾ ਸਾਥੀ ਨੌਜਵਾਨ ਗਗਨਦੀਪ ਸਿੰਘ ਪੁੱਤਰ ਮੰਗਲ ਸਿੰਘ ਜ਼ਖ਼ਮੀ ਹੋ ਗਏ। ਜ਼ਖ਼ਮੀ ਹਾਲਤ ’ਚ ਉਕਤ ਲੋਕ ਇਸ ਸਮੇਂ ਗੁਰੂ ਰਾਮ ਦਾਸ ਹਸਪਤਾਲ ਅੰਮ੍ਰਿਤਸਰ ਵਿਚ ਜ਼ੇਰੇ ਇਲਾਜ ਹਨ।
ਇਸ ਸਬੰਧੀ ਸਬ-ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਮੁੱਦਈ ਦੇ ਬਿਆਨ ’ਤੇ ਮੇਹਰ ਸਿੰਘ ਪੁੱਤਰ ਹਰਬੰਸ ਸਿੰਘ, ਗੁਰਵਿੰਦਰ ਸਿੰਘ ਉਰਫ ਕਾਲਾ ਅਤੇ ਗੁਰਪ੍ਰੀਤ ਸਿੰਘ ਪੁੱਤਰ ਮੇਹਰ ਸਿੰਘ ਵਾਸੀਆਨ ਗਜ਼ਲ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।