15 ਅਗਸਤ ਨੂੰ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਮਨਾਵੇਗੀ ਰੋਸ ਦਿਵਸ

bttnews
0

ਆਪ ਦੇ ਵਿਧਾਇਕਾਂ ਦੇ ਘਰਾਂ ਅੱਗੇ ਕਾਲੀਆਂ ਚੁੰਨੀਆਂ ਲੈ ਕੇ ਪੁੱਜਣਗੀਆਂ ਵਰਕਰਾਂ ਤੇ ਹੈਲਪਰਾਂ  ਕਰਨਗੀਆਂ ਰੋਸ ਪ੍ਰਦਰਸ਼ਨ 

- 8 ਅਗਸਤ ਨੂੰ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੇ ਘਰ ਦਾ ਫਰੀਦਕੋਟ ਵਿਖੇ ਕੀਤਾ ਜਾਵੇਗਾ ਘਿਰਾਓ -
- ਮਾਮਲਾ ਹਜ਼ਾਰਾਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ 10 ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਤੇ ਹੋਰ ਮੰਗਾਂ ਦਾ

 ਚੰਡੀਗੜ੍ਹ  , 31 ਜੁਲਾਈ (ਸੁਖਪਾਲ ਸਿੰਘ ਢਿੱਲੋਂ)-  ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ 15 ਅਗਸਤ ਦਾ ਦਿਨ ਪੰਜਾਬ ਵਿੱਚ ਰੋਸ ਦਿਵਸ ਵਜੋ ਮਨਾਇਆ ਜਾਵੇਗਾ ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਘਰਾਂ ਅੱਗੇ ਕਾਲੀਆਂ ਚੁੰਨੀਆਂ ਲੈ ਕੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਪੁੱਜਣਗੀਆਂ ਤੇ ਰੋਸ ਪ੍ਰਦਰਸ਼ਨ ਕਰਨਗੀਆਂ । ਜਦੋਂ ਕਿ 8 ਅਗਸਤ ਨੂੰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੇ ਘਰ ਦਾ ਘਿਰਾਓ ਫਰੀਦਕੋਟ ਵਿਖੇ ਕੀਤਾ ਜਾਵੇਗਾ । 

       


 ਉਪਰੋਕਤ ਜਾਣਕਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਇਕ ਪ੍ਰੈੱਸ ਬਿਆਨ ਰਾਹੀਂ ਦਿੱਤੀ । ਉਹਨਾਂ ਕਿਹਾ ਕਿ ਪੰਜਾਬ ਦੀਆਂ 54 ਹਜ਼ਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਤੇ ਮਸਲਿਆਂ ਸਬੰਧੀ ਤਿੰਨ ਵਾਰ ਪੰਜਾਬ ਸਰਕਾਰ ਨਾਲ ਗੱਲਬਾਤ ਹੋ ਚੁੱਕੀ ਹੈ ਪਰ ਸਰਕਾਰ ਲਾਰਾ ਲਾ ਕੇ ਤੋਰ ਦਿੰਦੀ ਹੈ ਤੇ ਮਸਲਿਆਂ ਦਾ ਕੋਈ ਹੱਲ ਨਹੀਂ ਕਰਦੀ । ਜਿਸ ਕਰਕੇ ਜਥੇਬੰਦੀ ਨੇ ਸੰਘਰਸ਼ ਕਰਨ ਦਾ ਫੈਸਲਾ ਕੀਤਾ ਹੈ । 

         ਉਹਨਾਂ ਦੱਸਿਆ ਕਿ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀ ਮੰਤਰੀ ਡਾਕਟਰ ਬਲਜੀਤ ਕੌਰ ਅਤੇ ਵਿਭਾਗ ਦੀ ਡਾਇਰੈਕਟਰ ਮਾਧਵੀ ਕਟਾਰੀਆ ਨੂੰ ਅੱਜ ਨੋਟਿਸ ਭੇਜਿਆ ਹੈ ਕਿ ਜੇਕਰ ਇਕ ਹਫਤੇ ਤੱਕ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਜਥੇਬੰਦੀ ਵੱਲੋਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ।     

         - ਇਹ ਹਨ ਮੰਗਾਂ -

1, ਐਨ ਜੀ ਓ ਬਲਾਕਾਂ ਵਿੱਚ ਕੰਮ ਕਰਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਪਿਛਲੇ ਸਮੇਂ ਦੀਆਂ ਸਾਰੀਆਂ ਤਨਖਾਹਾਂ ਮਾਣ ਭੱਤੇ ਤੁਰੰਤ ਕਲੀਅਰ ਕੀਤੇ ਜਾਣ । 

2, ਪੰਜਾਬ ਵਿੱਚ ਕੰਮ ਕਰਦੀਆਂ ਸਾਰੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਮਾਣ ਭੱਤਾ ਹਰ ਮਹੀਨੇ ਦੀ 3 ਤਰੀਕ ਤੱਕ ਸੈਂਟਰ ਅਤੇ ਸਟੇਟ ਫੰਡ ਇਕੱਠਾ  ਦਿੱਤਾ ਜਾਵੇ ।

3, ਆਂਗਣਵਾੜੀ ਸੈਂਟਰਾਂ ਦੇ ਖੋਹੇ ਗਏ ਬੱਚੇ ਵਾਪਸ ਆਂਗਣਵਾੜੀ ਸੈਂਟਰਾਂ ਵਿੱਚ ਭੇਜੇ ਜਾਣ ਤੇ ਆਂਗਣਵਾੜੀ ਵਰਕਰ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ ।

4, ਆਂਗਣਵਾੜੀ ਸੈਂਟਰਾਂ ਵਿੱਚ ਖਾਲੀ ਪਈਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਅਸਾਮੀਆਂ ਤੁਰੰਤ ਭਰੀਆਂ ਜਾਣ ।

5,  ਮਿੰਨੀ ਆਂਗਣਵਾੜੀ ਕੇਂਦਰਾਂ ਨੂੰ ਪੂਰੇ ਵਿੱਚ ਤਬਦੀਲ ਕੀਤਾ ਜਾਵੇ ।

6, ਪੀ ਐਮ ਐਮ ਵੀ ਵਾਈ ਅਤੇ ਸੀ ਬੀ ਈ ਦੇ ਪੈਸੇ ਹਰ ਮਹੀਨੇ ਦਿੱਤੇ ਜਾਣ ਅਤੇ ਰਹਿੰਦੇ ਹੋਏ ਪੈਸਿਆਂ ਦਾ ਤੁਰੰਤ ਭੁਗਤਾਨ ਕੀਤਾ ਜਾਵੇ ।

7, ਆਂਗਣਵਾੜੀ ਕੇਂਦਰਾਂ ਦੇ ਕਿਰਾਏ ਦਾ ਭੁਗਤਾਨ ਤੁਰੰਤ ਕੀਤਾ ਜਾਵੇ ਤੇ ਹਰ ਮਹੀਨੇ ਕਿਰਾਇਆ ਦੇਣਾ ਯਕੀਨੀ ਬਣਾਇਆ ਜਾਵੇ । ਪਿਛਲੇਂ ਸਾਲ ਦਾ ਵਰਦੀ ਭੱਤਾ ਰਲੀਜ਼ ਕੀਤਾ ਜਾਵੇ ।

8, ਜਿੰਨਾ ਆਂਗਣਵਾੜੀ ਸੈਂਟਰਾਂ ਵਿੱਚ ਅਜੇ ਤੱਕ ਰਾਸ਼ਨ ਬਣਾਉਣ ਲਈ ਗੈਸ ਸਿਲੰਡਰ , ਬਰਤਨ ਤੇ ਬੱਚਿਆਂ ਦੇ ਬੈਠਣ ਲਈ ਦਰੀਆਂ ਆਦਿ ਨਹੀਂ ਦਿੱਤੀਆਂ ਗਈਆਂ ਉਹਨਾਂ ਨੂੰ ਤੁਰੰਤ ਇਹ ਸਮਾਨ ਮੁਹੱਈਆ ਕਰਵਾਇਆ ਜਾਵੇ ।

9, ਆਂਗਣਵਾੜੀ ਸੈਂਟਰਾਂ ਦੀਆਂ ਇਮਾਰਤਾਂ ਬਣਾਈਆਂ ਜਾਣ ।

Post a Comment

0Comments

Post a Comment (0)