ਸ੍ਰੀ ਮੁਕਤਸਰ ਸਾਹਿਬ, 27 ਸਤੰਬਰ (BTTNEWS)- ਸਥਾਨਕ ਕੋਟਕਪੂਰਾ ਸਥਿਤ ਰਾਹਤ ਹੋਟਲ ਵਾਲੀ ਗਲੀ ਵਿਚ ਆਪਣਾ ਕਲੀਨਿਕ ਚਲਾ ਰਹੇ ਡਾ. ਸਤੀਸ਼ ਗਲਹੋਤਰਾ ਪਿਛਲੇ ਲੰਮੇ ਸਮੇਂ ਤੋਂ ਮਿਸ਼ਨ ਦਾ ਹਰ ਤਰ੍ਹਾਂ ਸਹਿਯੋਗ ਕਰਦੇ ਆ ਰਹੇ ਹਨ। ਆਪਣੇ ਕਿੱਤੇ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਡਾ. ਗਲਹੋਤਰਾ ਸਮਾਜ ਸੇਵਾ ਵਿਚ ਅਹਿਮ ਰੋਲ ਅਦਾ ਕਰਦੇ ਆ ਰਹੇ ਹਨ। ਡਾ. ਗਲਹੋਤਰਾ ਵੱਲੋਂ ਮਿਸ਼ਨ ਦੁਆਰਾ ਭੇਜੇ ਗਏ ਲੋੜਵੰਦ ਮਰੀਜ਼ਾਂ ਦਾ ਬਿਲਕੁਲ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਐਨਾ ਹੀ ਨਹੀਂ ਕਰੀਬ 25 ਸਾਲ ਪਹਿਲਾਂ ਬਣੀ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਡਾ. ਗਲਹੋਤਰਾ ਸੰਸਥਾ ਦੇ ਸੰਸਥਾਪਕ ਮੈਂਬਰਾਂ ਵਿਚੋਂ ਹਨ। ਐਲ.ਬੀ.ਸੀ.ਟੀ. ਵੱਲੋਂ ਹੁਣ ਤੱਕ ਕਰਵਾਈਆਂ ਗਈਆਂ 157 ਲੜਕੀਆਂ ਦੀਆਂ ਸ਼ਾਦੀਆਂ, ਕੰਨਿਆ ਲੋਹੜੀ ਮੇਲਾ ਅਤੇ ਹੋਰ ਤਰ੍ਹਾਂ ਦੇ ਕਾਰਜਾਂ ਵਿਚ ਵੀ ਡਾ. ਗਲਹੋਤਰਾ ਅਹਿਮ ਯੋਗਦਾਨ ਪਾਉਂਦੇ ਰਹੇ ਹਨ। ਮਿਠ ਬੋਲੜੇ ਅਤੇ ਮਿਲਣਸਾਰ ਸੁਭਾਅ ਦੇ ਮਾਲਕ ਡਾ. ਗਲਹੋਤਰਾ ਸਮਾਜ ਸੇਵਾ ਨੂੰ ਆਪਣਾ ਪਰਮ ਧਰਮ ਮੰਨਦੇ ਹਨ। ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਨੇ ਡਾ. ਗਲਹੋਤਰਾ ਦੀਆਂ ਸਮਾਜ ਪ੍ਰਤੀ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ ਹੈ। ਮਿਸ਼ਨ ਮੁਖੀ ਪ੍ਰਸਿਧ ਸਮਾਜ ਸੇਵਾਕ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠ ਸੰਸਥਾ ਦੇ ਪਹਿਲੀ ਕਤਾਰ ਦੇ ਆਗੂਆਂ ਨੇ ਡਾ. ਗਲਹੋਤਰਾ ਦੇ ਕਲੀਨਿਕ ਵਿਖੇ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਮਿਸ਼ਨ ਪ੍ਰਤੀ ਉਹਨਾਂ ਦੀਆਂ ਸ਼ਾਨਦਾਰ ਸੇਵਾਵਾਂ ਅਤੇ ਯੋਗਦਾਨ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਨੂੰ ਸ਼ਾਨਦਾਰ ਮੋਮੈਂਟੇ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਮਿਸ਼ਨ ਦੇ ਚੇਅਰਮੈਨ ਇੰਜ. ਅਸ਼ੋਕ ਕੁਮਾਰ ਭਾਰਤੀ, ਸੀਨੀਅਰ ਮੀਤ ਪ੍ਰਧਾਨ ਨਿਰੰਜਣ ਸਿੰਘ ਰੱਖਰਾ, ਮੀਤ ਪ੍ਰਧਾਨ ਡਾ. ਸੁਰਿੰਦਰ ਗਿਰਧਰ ਅਤੇ ਨਰਿੰਦਰ ਕਾਕਾ ਫੋਟੋ ਗ੍ਰਾਫਰ ਆਦਿ ਮੌਜੂਦ ਸਨ। ਇਸ ਮੌਕੇ ਡਾ. ਗਲਹੋਤਰਾ ਨੇ ਮਿਸ਼ਨ ਆਗੂਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਡਾਕਟਰੀ ਕਿੱਤੇ ਨਾਲ ਜੁੜੇ ਹੋਣ ਕਰਕੇ ਮਿਸ਼ਨ ਲਈ ਨਿੱਜੀ ਤੌਰ ’ਤੇ ਘੱਟ ਸਮਾਂ ਦਿੰਦੇ ਹਨ ਪਰ ਉਹ ਭਵਿੱਖ ਵਿਚ ਵੀ ਆਪਣਾ ਸਹਿਯੋਗ ਇਸੇ ਤਰ੍ਹਾਂ ਜਾਰੀ ਰੱਖਣਗੇ।
ਮਿਸ਼ਨ ਆਗੂਆਂ ਨੇ ਸਹਿਯੋਗੀ ਡਾ. ਗਲਹੋਤਰਾ ਨੂੰ ਸ਼ਾਨਦਾਰ ਸੇਵਾਵਾਂ ਲਈ ਕੀਤਾ ਸਨਮਾਨਿਤ
September 27, 2023
0