Type Here to Get Search Results !

ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਸੰਭਾਵੀ ਅੱਤਵਾਦੀ ਹਮਲੇ ਨੂੰ ਕੀਤਾ ਨਾਕਾਮ

 - ਲਸ਼ਕਰ-ਏ-ਤੋਇਬਾ ਦੇ ਦੋ ਕਾਰਕੁਨਾਂ ਨੂੰ 2 ਆਈਈਡੀਜ਼, 2 ਹੈਂਡ ਗਰਨੇਡ, 1 ਪਿਸਤੌਲ ਅਤੇ 8 ਡੈਟੋਨੇਟਰਾਂ ਨਾਲ ਕੀਤਾ ਕਾਬੂ

- ਅੱਤਵਾਦੀ ਮੋਡਿਊਲ ਨੂੰ ਲਸ਼ਕਰ-ਏ-ਤੋਇਬਾ ਦੇ ਸਰਗਰਮ ਮੈਂਬਰ ਫਿਰਦੌਸ ਅਹਿਮਦ ਭੱਟ ਦੁਆਰਾ ਚਲਾਇਆ ਜਾ ਰਿਹੈ: ਡੀਜੀਪੀ ਗੌਰਵ ਯਾਦਵ

ਚੰਡੀਗੜ੍ਹ/ਅੰਮ੍ਰਿਤਸਰ, 14 ਅਕਤੂਬਰ (BTTNEWS)- ਆਗਾਮੀ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਵਿਸ਼ੇਸ਼ ਮੁਹਿੰਮ ਦੌਰਾਨ ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ (ਐੱਲ.ਈ.ਟੀ.) ਦੀ ਹਮਾਇਤ ਪ੍ਰਾਪਤ ਅੱਤਵਾਦੀ ਮੋਡਿਊਲ ਦੇ ਦੋ ਕਾਰਕੁਨਾਂ ਦੀ ਗ੍ਰਿਫਤਾਰੀ ਨਾਲ ਸਰਹੱਦੀ ਸੂਬੇ 'ਚ ਸੰਭਾਵੀ ਅੱਤਵਾਦੀ ਹਮਲੇ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਇਹ ਜਾਣਕਾਰੀ ਦਿੰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ), ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਇਸ ਅੱਤਵਾਦੀ ਮਾਡਿਊਲ ਨੂੰ ਲਸ਼ਕਰ-ਏ-ਤੋਇਬਾ ਦੇ ਸਰਗਰਮ ਮੈਂਬਰ ਫਿਰਦੌਸ ਅਹਿਮਦ ਭੱਟ ਦੁਆਰਾ ਚਲਾਇਆ ਜਾ ਰਿਹਾ ਹੈ।

ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਸੰਭਾਵੀ ਅੱਤਵਾਦੀ ਹਮਲੇ ਨੂੰ ਕੀਤਾ ਨਾਕਾਮ

ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਜੰਮੂ-ਕਸ਼ਮੀਰ ਦੇ ਰਾਹਪੋਰਾ ਖੁਦਵਾਨੀ ਦੇ ਉਜ਼ੈਰ ਉਲ ਹੱਕ ਅਤੇ ਖੇਰਵਾਨ ਦੇ ਰਾਜ ਮੁਹੰਮਦ ਅੰਦਲੀਬ ਵਜੋਂ ਹੋਈ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿੱਚੋਂ ਦੋ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ), ਦੋ ਹੈਂਡ ਗਰਨੇਡ, ਦੋ ਮੈਗਜ਼ੀਨਾਂ ਸਮੇਤ ਇੱਕ .30 ਬੋਰ ਦਾ ਪਿਸਤੌਲ ਅਤੇ 24 ਕਾਰਤੂਸ, ਅੱਠ ਡੈਟੋਨੇਟਰ, ਇੱਕ ਟਾਈਮਰ ਸਵਿੱਚ ਅਤੇ ਚਾਰ ਬੈਟਰੀਆਂ ਵੀ ਬਰਾਮਦ ਕੀਤੀਆਂ ਹਨ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਇਹ ਖੁਫੀਆ ਜਾਣਕਾਰੀ ਮਿਲਣ ਕਿ ਲਸ਼ਕਰ-ਏ-ਤੋਇਬਾ ਵੱਲੋਂ ਹਥਿਆਰਾਂ ਅਤੇ ਵਿਸਫੋਟਕਾਂ ਦੀਆਂ ਵੱਡੀਆਂ ਖੇਪਾਂ ਦੀ ਤਸਕਰੀ ਲਈ ਪੰਜਾਬ ਦੀ ਸਰਹੱਦ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਇਸ ਮੋਡਿਊਲ ਦੇ ਦੋ ਮੈਂਬਰਾਂ ਵੱਲੋਂ ਕੱਥੂ ਨੰਗਲ ਖੇਤਰ ਵਿੱਚ ਇਹ ਖੇਪ ਪ੍ਰਾਪਤ ਕੀਤੇ ਜਾਣ ਦੀ ਸੰਭਾਵਨਾ ਹੈ, ਪੰਜਾਬ ਪੁਲਿਸ ਅੰਮ੍ਰਿਤਸਰ ਦੇ ਐਸਐਸਓਸੀ ਵਿੰਗ ਨੇ ਕੇਂਦਰੀ ਏਜੰਸੀਆਂ ਨਾਲ ਤਾਲਮੇਲ ਕਰਕੇ ਇਲਾਕੇ ਵਿੱਚ ਇੱਕ ਵਿਸ਼ੇਸ਼ ਮੁਹਿੰਮ ਚਲਾਈ ਅਤੇ ਦੋਵਾਂ ਮੁਲਜ਼ਮਾਂ ਨੂੰ ਹਥਿਆਰਾਂ ਦੀ ਖੇਪ ਸਮੇਤ ਕਾਬੂ ਕਰ ਲਿਆ।

ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮਾਂ ਨੂੰ ਫਿਰਦੌਸ ਅਹਿਮਦ ਭੱਟ ਵੱਲੋਂ ਇਸ ਦਹਿਸ਼ਤੀ ਜਥੇਬੰਦੀ ਵਿੱਚ ਭਰਤੀ ਕੀਤਾ ਗਿਆ ਸੀ ਅਤੇ ਇਸ ਅਤਿਵਾਦੀ ਜਥੇਬੰਦੀ ਵੱਲੋਂ ਦੇਸ਼ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਲਈ ਇਨ੍ਹਾਂ ਕਾਰਕੁੰਨਾਂ ਨੂੰ ਜੰਮੂ-ਕਸ਼ਮੀਰ ਅਤੇ ਪੰਜਾਬ ਵਿੱਚ ਰਣਨੀਤਕ ਮਹੱਤਵ ਵਾਲੇ ਸਥਾਨਾਂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਨਿਸ਼ਾਨਾ ਬਣਾਉਣ ਲਈ ਵਰਤਣ ਦੀ ਯੋਜਨਾ ਬਣਾਈ ਜਾ ਰਹੀ ਸੀ।

ਡੀਜੀਪੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਵੇਂ ਮੁਲਜ਼ਮ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਫਿਰਦੌਸ ਅਹਿਮਦ ਭੱਟ ਦੇ ਲਗਾਤਾਰ ਸੰਪਰਕ ਵਿੱਚ ਸਨ ਅਤੇ ਉਸ ਨੇ ਵੀਰਵਾਰ ਨੂੰ ਅੰਮ੍ਰਿਤਸਰ ਤੋਂ ਹਥਿਆਰਾਂ ਦੀ ਖੇਪ ਪ੍ਰਾਪਤ ਕਰਕੇ ਕਸ਼ਮੀਰ ਘਾਟੀ ਲਿਆਉਣ ਲਈ ਇਨ੍ਹਾਂ ਦੋਵੇਂ ਕਾਰਕੁਨਾਂ ਨੂੰ ਭੇਜਿਆ ਸੀ।

ਏਆਈਜੀ ਐਸਐਸਓਸੀ ਅੰਮ੍ਰਿਤਸਰ ਸੁਖਮਿੰਦਰ ਸਿੰਘ ਮਾਨ ਵੱਲੋਂ ਹੋਰ ਵੇਰਵੇ ਸਾਂਝੇ ਕਰਦਿਆਂ ਦੱਸਿਆ ਗਿਆ ਕਿ ਇਹ ਵੀ ਪਤਾ ਲੱਗਾ ਹੈ ਕਿ ਮੁਲਜ਼ਮ ਉਜ਼ੈਰ ਉਲ ਹੱਕ, ਜੋ ਕਿ ਫਿਰਦੌਸ ਅਹਿਮਦ ਭੱਟ ਦਾ ਰਿਸ਼ਤੇਦਾਰ ਹੈ, ਨੂੰ ਪਹਿਲਾਂ ਜ਼ਿਲ੍ਹਾ ਕੁਲਗਾਮ ਵਿੱਚ ਪੱਥਰਬਾਜ਼ੀ ਕਰਨ ਦੇ ਦੋ ਮਾਮਲਿਆਂ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਜਦੋਂ ਕਿ ਰਾਜ ਮੁਹੰਮਦ ਅੰਦਲੀਬ ਦਾ ਕੋਈ ਪੁਰਾਣਾ ਅਪਰਾਧਿਕ ਰਿਕਾਰਡ ਨਹੀਂ ਹੈ।

ਉਨ੍ਹਾਂ ਕਿਹਾ ਕਿ ਲਸ਼ਕਰ-ਏ-ਤੋਇਬਾ ਦੇ ਪੂਰੇ ਅੱਤਵਾਦੀ ਨੈੱਟਵਰਕ ਅਤੇ ਖੇਪ ਦੇ ਸਰੋਤ ਦਾ ਪਤਾ ਲਗਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ।

ਇਸ ਸਬੰਧੀ ਪੁਲਿਸ ਸਟੇਸ਼ਨ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਅੰਮ੍ਰਿਤਸਰ ਵਿਖੇ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂ.ਏ.ਪੀ.ਏ.) ਦੀ ਧਾਰਾ 13, 17, 18 ਅਤੇ 20, ਆਰਮਜ਼ ਐਕਟ ਦੀ ਧਾਰਾ 25, ਵਿਸਫੋਟਕ ਐਕਟ ਦੀ ਧਾਰਾ 3, 4 ਅਤੇ 5 ਅਤੇ ਭਾਰਤੀ ਦੰਡਾਵਲੀ (ਆਈਪੀਸੀ) ਦੀਆਂ ਧਾਰਾਵਾਂ 109, 115 ਅਤੇ 120-ਬੀ ਤਹਿਤ ਐਫਆਈਆਰ ਨੰਬਰ 42 ਮਿਤੀ 14.10.2023 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

-ਪ੍ਰਾਯੋਜਿਤ-


Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad