- ਯਾਦਗਾਰੀ ਸਨਮਾਨ ਚਿੰਨ ਭੇਂਟ ਕੀਤੇ ਜਾਣਗੇ -
ਸ੍ਰੀ ਮੁਕਤਸਰ ਸਾਹਿਬ, 15 ਅਕਤੂਬਰ (BTTNEWS)- ਪਿਛਲੇ ਦਿਨੀਂ ਪੰਜਾਬ ਸਿਵਲ ਸਰਵਿਸਜ਼ (ਜੁਡੀਸ਼ੀਲ) ਦੀ ਪ੍ਰੀਖਿਆ ਵਿਚ ਸਥਾਨਕ ਸ਼ਹਿਰ ਦੇ ਜੰਮਪਲ ਜਸਪ੍ਰੀਤ ਸਿੰਘ ਧਾਲੀਵਾਲ ਨੇ ਪੰਜਾਬ ਭਰ ਵਿਚੋਂ ਦਸਵਾਂ ਸਥਾਨ ਪ੍ਰਾਪਤ ਕਰਕੇ ਇਲਾਕੇ ਦਾ ਨਾਂਅ ਰੋਸ਼ਨ ਕੀਤਾ ਹੈ।
ਇਸੇ ਤਰ੍ਹਾਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਆਯੋਜਿਤ ਨਾਇਬ ਤਹਿਸੀਲਦਾਰਾਂ ਦੀ ਪ੍ਰੀਖਿਆ ਵਿਚ ਨੇੜਲੇ ਪਿੰਡ ਗੰਧੜ ਦੀ ਜੰਮਪਲ ਅਰਸ਼ਪ੍ਰੀਤ ਕੌਰ ਨੇ ਲੜਕੀਆਂ ਵਿਚ ਦੂਸਰਾ ਸਥਾਨ ਪ੍ਰਾਪਤ ਕਰਕੇ ਸਮੁੱਚੇ ਇਲਾਕੇ ਦਾ ਮਾਣ ਤਾਣ ਵਧਾਇਆ ਹੈ। ਉਕਤ ਦੋਹਾਂ ਪ੍ਰਤਿਭਾਸ਼ਾਲੀ ਨੌਜਵਾਨਾਂ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਇਲਾਕੇ ਦੀ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਸਮੇਤ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਵਧਾਈ ਦਿੱਤੀ ਹੈ। ਪ੍ਰਧਾਨ ਢੋਸੀਵਾਲ ਨੇ ਕਿਹਾ ਹੈ ਕਿ ਪ੍ਰਤਿਭਾਸ਼ਾਲੀ ਵਿਅਕਤੀ ਸਮੁੱਚੇ ਸਮਾਜ ਦਾ ਮਾਣ ਹੁੰਦੇ ਹਨ। ਅੱਜ ਇਥੇ ਪ੍ਰਧਾਨ ਢੋਸੀਵਾਲ ਨੇ ਦੱਸਿਆ ਹੈ ਕਿ ਮਿਸ਼ਨ ਵੱਲੋਂ ਨਵ ਨਿਯੁਕਤ ਜੱਜ ਜਸਪ੍ਰੀਤ ਸਿੰਘ ਧਾਲੀਵਾਲ ਅਤੇ ਨਾਇਬ ਤਹਿਸੀਲਦਾਰ ਅਰਸ਼ਪ੍ਰੀਤ ਕੌਰ ਦਾ ਸਨਮਾਨ ਕੀਤਾ ਜਾਵੇਗਾ। ਇਸ ਸਬੰਧੀ ਵਿਸ਼ੇਸ਼ ਸਨਮਾਨ ਮੀਟਿੰਗ ਆਉਂਦੀ 17 ਅਕਤੂਬਰ ਮੰਗਲਵਾਰ ਨੂੰ ਸ਼ਾਮ ਦੇ 5:00 ਵਜੇ ਸਥਾਨਕ ਰੇਲਵੇ ਰੋਡ ਸਥਿਤ ਸਿਟੀ ਹੋਟਲ ਵਿਖੇ ਆਯੋਜਿਤ ਕੀਤਾ ਜਾਵੇਗੀ। ਮੀਟਿੰਗ ਦੌਰਾਨ ਇਲਾਕੇ ਦਾ ਨਾਂਅ ਚਮਕਾਉਣ ਵਾਲੇ ਦੋਹਾਂ ਪ੍ਰਤਿਭਾਸ਼ਾਲੀ ਨੌਜਵਾਨਾਂ ਨੂੰ ਯਾਦਗਾਰੀ ਸਨਮਾਨ ਚਿੰਨ ਭੇਂਟ ਕੀਤੇ ਜਾਣਗੇ।