ਸ੍ਰੀ ਮੁਕਤਸਰ ਸਾਹਿਬ, 15 ਅਕਤੂਬਰ (BTTNEWS)- ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਵਿਸ਼ੇਸ਼ ਮੀਟਿੰਗ ਸਥਾਨਕ ਕੋਟਕਪੂਰਾ ਰੋਡ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਹੋਈ ਮੀਟਿੰਗ ਦੀ ਪ੍ਰਧਾਨਗੀ ਜਿਲ੍ਹਾ ਪ੍ਰਧਾਨ ਕਰਮਜੀਤ ਸ਼ਰਮਾ ਨੇ ਕੀਤੀ।
ਇਸ ਤੋਂ ਇਲਾਵਾ ਪੰਜਾਬ ਰੋਡਵੇਜ਼ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਮੇਜਰ ਸਿੰਘ ਚੌਂਤਰਾ, ਜਨ ਸਿਹਤ ਐਂਡ ਅਲਾਇਡ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੇ ਸੀਨੀਅਰ ਆਗੂ ਇੰਜ. ਅਸ਼ੋਕ ਭਾਰਤੀ, ਓਮ ਪ੍ਰਕਾਸ਼ ਸ਼ਰਮਾ ਤੇ ਬਖਸ਼ੀਸ਼ ਸਿੰਘ ਲਾਹੌਰੀਆ ਆਦਿ ਵੀ ਪ੍ਰਧਾਨਗੀ ਮੰਡਲ ਵਿਚ ਸ਼ਾਮਲ ਸਨ। ਸਟੇਜ ਸਕੱਤਰ ਦੀ ਕਾਰਵਾਈ ਐਸੋਸੀਏਸ਼ਨ ਦੇ ਜਿਲ੍ਹਾ ਜਨਰਲ ਸਕੱਤਰ ਬਲਵੰਤ ਸਿੰਘ ਅਟਵਾਲ ਨੇ ਬਾਖੂਬੀ ਨਿਭਾਈ। ਮੀਟਿੰਗ ਦੌਰਾਨ ਪ੍ਰਿੰ. ਕਰਤਾਰ ਸਿੰਘ ਬੇਰੀ, ਚੌ. ਬਲਬੀਰ ਸਿੰਘ ਅਤੇ ਹੋਰਨਾਂ ਸਮੂਹ ਬੁਲਾਰਿਆਂ ਨੇ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਪ੍ਰਤੀ ਉਦਾਸੀਨਤਾ ਵਾਲੀ ਨੀਤੀ ਦੀ ਪੁਰਜੋਰ ਸ਼ਬਦਾਂ ਵਿਚ ਅਲੋਚਨਾ ਕੀਤੀ। ਆਗੂਆਂ ਨੇ ਆਉਂਦੀਆਂ ਚੋਣਾਂ ਵਿਚ ਸੱਤਾਧਾਰੀ ਪਾਰਟੀ ਨੂੰ ਇਸ ਦਾ ਨਤੀਜਾ ਭੁਗਤਣ ਲਈ ਤਿਆਰ ਰਹਿਣ ਦੀ ਚਿਤਾਵਨੀ ਦਿੱਤੀ। ਆਪਣੇ ਮੁੱਖ ਸੰਬੋਧਨ ਵਿੱਚ ਪ੍ਰਧਾਨ ਸ਼ਰਮਾ ਨੇ ਕਿਹਾ ਕਿ ਏਕੇ ਅਤੇ ਸੰਘਰਸ਼ ਤੋਂ ਬਿਨ੍ਹਾਂ ਹੱਕਾਂ ਦੀ ਪ੍ਰਾਪਤੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਨੇ ਸਮੂਹ ਪੈਨਸ਼ਨਰਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਤਕੜੇ ਸੰਘਰਸ਼ ਲਈ ਤਿਆਰ ਰਹਿਣ ਦੀ ਅਪੀਲ ਵੀ ਕੀਤੀ। ਸ੍ਰੀ ਸ਼ਰਮਾ ਨੇ ਸਟੇਟ ਬਾਡੀ ਦੇ ਹੁਕਮਾਂ ਅਨੁਸਾਰ ਛੇੜੇ ਜਾਣ ਵਾਲੇ ਸੰਘਰਸ਼ ਵਿਚ ਪੂਰੀ ਤਰ੍ਹਾਂ ਸਾਥ ਦੇਣ ਦਾ ਵਿਸਵਾਸ਼ ਵੀ ਦਿਵਾਇਆ। ਮੀਟਿੰਗ ਦੌਰਾਨ ਵੱਡੀ ਗਿਣਤੀ ਵਿਚ ਸੇਵਾ ਮੁਕਤ ਕਰਮਚਾਰੀ ਅਤੇ ਫੈਮਲੀ ਪੈਨਸ਼ਨਰਜ਼ ਸ਼ਾਮਿਲ ਸਨ।