ਸ੍ਰੀ ਮੁਕਤਸਰ ਸਾਹਿਬ, 18 ਦਸੰਬਰ (BTTNEWS)- ਆਪਸੀ ਪਿਆਰ ਅਤੇ ਸਦਭਾਵਨਾ ਵਜੋਂ ਜਾਣੇ ਜਾਂਦੇ ਸਥਾਨਕ ਚੱਕ ਬੀੜ ਸਰਕਾਰ ਰੋਡ ਸਥਿਤ ਮੁਹੱਲਾ ਬੁੱਧ ਵਿਹਾਰ ਨਿਵਾਸੀਆਂ ਵੱਲੋਂ ਸ੍ਰੀ ਸੁਖਮਣੀ ਸਾਹਿਬ ਦਾ ਪਾਠ ਕਰਵਾਇਆ ਗਿਆ।
ਸਭਨਾਂ ਦੇ ਭਲੇ ਅਤੇ ਸੁਖ ਸ਼ਾਂਤੀ ਲਈ ਕਰਵਾਏ ਗਏ ਇਸ ਪਾਠ ਦੌਰਾਨ ਮੁਹੱਲੇ ਦੇ ਮਰਦਾਂ, ਔਰਤਾਂ ਅਤੇ ਬੱਚਿਆਂ ਤੋਂ ਇਲਾਵਾ ਨੇੜਲੇ ਇਲਾਕਿਆਂ ਦੇ ਵਾਸੀਆਂ ਨੇ ਵੀ ਵੱਡੀ ਗਿਣਤੀ ਵਿਚ ਭਾਗ ਲਿਆ। ਧਾਰਮਿਕ ਅਤੇ ਸਮਾਜ ਸੇਵਾ ਦੇ ਕਾਰਜਾਂ ਵਿਚ ਪ੍ਰਸੰਸਾ ਯੋਗ ਭੂਮਿਕਾ ਅਦਾ ਕਰ ਰਹੀ ਸਥਾਨਕ ਸਿੱਖ ਮਿਸ਼ਨਰੀ ਸੇਵਾ ਸੁਸਾਇਟੀ ਦੇ ਮੈਂਬਰਾਂ ਵਲੋਂ ਸੰਗਤਾਂ ਨੂੰ ਸ੍ਰੀ ਸੁਖਮਣੀ ਸਾਹਿਬ ਦਾ ਪਵਿੱਤਰ ਪਾਠ ਸਰਵਣ ਕਰਵਾਇਆ ਗਿਆ। ਭਾਈ ਗਗਨਦੀਪ ਸਿੰਘ ਦੇ ਰਾਗੀ ਜੱਥੇ ਵਲੋਂ ਅਨੰਦ ਮਈ ਕੀਰਤਨ ਕੀਤਾ ਗਿਆ। ਬੁੱਧ ਵਿਹਾਰ ਵਿਕਾਸ ਕਮੇਟੀ ਦੇ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਨੇ ਇਸ ਮੌਕੇ ਆਈ ਹੋਈ ਸਾਰੀ ਸੰਗਤ ਨੂੰ ਜੀਆ ਆਇਆ ਕਿਹਾ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਮੁਹੱਲੇ ਵਿਚ ਸਾਰੇ ਸੰਸਾਰ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਵਿਤਰ ਚਰਨ ਪੈਣ ਨਾਲ ਸਮੁੱਚੇ ਮੁਹੱਲਾ ਵਾਸੀਆਂ ਉਪਰ ਮਿਹਰ ਦੀ ਨਜ਼ਰ ਬਣੀ ਰਹੇਗੀ। ਸਿੱਖ ਮਿਸ਼ਨਰੀ ਸੁਸਾਇਟੀ ਵਲੋਂ ਆਪਣੇ ਪ੍ਰਚਲਤ ਰੀਤ ਨੂੰ ਨਿਭਾਉਂਦੇ ਹੋਏ ਪ੍ਰਧਾਨ ਢੋਸੀਵਾਲ ਤੇ ਹੋਰਨਾਂ ਨੂੰ ਸਿਰੋਪਾਓ ਦੀ ਬਖਸ਼ਿਸ਼ ਕਰਕੇ ਮੁਹੱਲੇ ਵਾਸੀਆਂ ਦੀ ਚੜ੍ਹਦੀ ਕਲਾ ਦੀ ਕਾਮਨਾ ਕੀਤੀ। ਸ੍ਰੀ ਸੁਖਮਣੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਸਭਨਾਂ ਲਈ ਗੁਰੂ ਕਾ ਲੰਗਰ ਵਰਤਾਇਆ ਗਿਆ।