ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਪੰਜਾਬ ਸਰਕਾਰ ਦੇ ਖਿਲਾਫ ਤਿੱਖੇ ਕੀਤੇ ਤੇਵਰ

BTTNEWS
0

 ਮਾਲਵਾ ਖੇਤਰ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ 4 ਫਰਵਰੀ ਨੂੰ ਮਲੋਟ ਵਿਖੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਬੂਹੇ ਅੱਗੇ ਕਰਨਗੀਆਂ ਰੋਸ ਪ੍ਰਦਰਸ਼ਨ 

ਸ੍ਰੀ ਮੁਕਤਸਰ ਸਾਹਿਬ , 30 ਜਨਵਰੀ (ਸੁਖਪਾਲ ਸਿੰਘ ਢਿੱਲੋਂ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਪੰਜਾਬ ਸਰਕਾਰ ਦੇ ਖਿਲਾਫ ਸੰਘਰਸ਼ ਦਾ ਬਿਗੁਲ ਵਜਾਉਂਦਿਆਂ ਆਪਣੇ ਤੇਵਰ ਤਿੱਖੇ ਕਰ ਲਏ ਹਨ ਤੇ ਮਾਲਵਾ ਖੇਤਰ ਦੇ ਜ਼ਿਲਿਆਂ ਨਾਲ ਸਬੰਧਿਤ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ 4 ਫਰਵਰੀ ਦਿਨ ਐਤਵਾਰ ਨੂੰ ਮਲੋਟ ਵਿਖੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੇ ਬੂਹੇ ਅੱਗੇ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕਰਨਗੀਆਂ । ਜਦੋਂ ਕਿ ਦੁਆਬਾ ਅਤੇ ਮਾਝਾ ਖੇਤਰ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਇਸੇ ਦਿਨ ਆਪੋ ਆਪਣੇ ਬਲਾਕਾਂ ਵਿੱਚ ਪੰਜਾਬ ਸਰਕਾਰ ਦੇ ਪੁਤਲੇ ਫੂਕਣਗੀਆਂ ।

 

ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਪੰਜਾਬ ਸਰਕਾਰ ਦੇ ਖਿਲਾਫ ਤਿੱਖੇ ਕੀਤੇ ਤੇਵਰ

     ਉਪਰੋਕਤ ਜਾਣਕਾਰੀ ਯੂਨੀਅਨ ਦੀ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨ ਸ਼ਿੰਦਰਪਾਲ ਕੌਰ ਥਾਂਦੇਵਾਲਾ , ਬਲਾਕ ਗਿੱਦੜਬਾਹਾ ਦੀ ਪ੍ਰਧਾਨ ਜਸਵਿੰਦਰ ਕੌਰ ਬੱਬੂ ਦੋਦਾ , ਬਲਾਕ ਮਲੋਟ ਦੀ ਪ੍ਰਧਾਨ ਕਿਰਨਜੀਤ ਕੌਰ ਭੰਗਚੜੀ ਅਤੇ ਬਲਾਕ ਲੰਬੀ ਦੀ ਪ੍ਰਧਾਨ ਵੀਰਪਾਲ ਕੌਰ ਬੀਦੋਵਾਲੀ ਨੇ ਦਿੱਤੀ ।‌

       ਉਹਨਾਂ ਕਿਹਾ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਪਿਛਲੇਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਤੇ ਮਸਲਿਆਂ ਨੂੰ ਲੈ ਕੇ ਅਤੇ ਪੰਜਾਬ ਸਰਕਾਰ ਦੇ ਮਾੜੇ ਵਤੀਰੇ ਕਰਕੇ ਜਥੇਬੰਦੀ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ ।

      ਪੰਜਾਬ ਦੀਆਂ 54 ਹਜ਼ਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਸਮੇਂ ਸਿਰ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ । ਜਿਸ ਕਰਕੇ ਉਹਨਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਐਨ ਜੀ ਓ ਬਲਾਕਾਂ ਵਿੱਚ ਕੰਮ ਕਰਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ (ਖਾਸ ਕਰਕੇ ਬਾਲ ਭਲਾਈ ਕੌਂਸਲ) ਦਾ 1 ਸਾਲ ਦਾ ਸਟੇਟ ਫੰਡ ਦਾ ਮਾਣ ਭੱਤਾ ਬਕਾਇਆ ਖੜਾ ਹੈ । ਸਮਾਜ ਭਲਾਈ ਬੋਰਡ ਦੀਆਂ ਵਰਕਰਾਂ ਹੈਲਪਰਾਂ ਦਾ ਸਟੇਟ ਅਤੇ ਸੈਂਟਰ ਦਾ ਫੰਡ ਚਾਰ ਮਹੀਨਿਆਂ ਦਾ ਬਕਾਇਆ ਖੜ੍ਹਾ ਹੈ । ਜਥੇਬੰਦੀ ਦੀ ਮੰਗ ਹੈ ਕਿ ਇਹਨਾਂ ਦਾ ਮਾਣ ਭੱਤਾ ਦਿੱਤਾ ਜਾਵੇ ਅਤੇ ਇਹਨਾਂ ਨੂੰ ਸਟੇਟ ਵੱਲੋਂ ਕੱਟੇ ਗਏ 18 ਮਹੀਨਿਆਂ ਦਾ ਏਰੀਅਰ ਜੋ ਦੂਜੀਆਂ ਵਰਕਰਾਂ ਤੇ ਹੈਲਪਰਾਂ ਨੂੰ ਦਿੱਤਾ ਗਿਆ ਹੈ ਉਹ ਵੀ ਤੁਰੰਤ ਦਿੱਤਾ ਜਾਵੇ ਅਤੇ ਅੱਗੇ ਤੋਂ ਇਹਨਾਂ ਦਾ ਮਾਣ ਭੱਤਾ ਹਰ ਮਹੀਨੇ ਦੀ ਸੱਤ ਤਰੀਕ ਤੱਕ ਦੇਣਾ ਯਕੀਨੀ ਬਣਾਇਆ ਜਾਵੇ ਅਤੇ ਇਹ ਅੱਠੇ ਬਲਾਕ ਐਨ ਜੀ ਓ ਤੋਂ ਵਾਪਸ ਲੈ ਕੇ ਵਿਭਾਗ ਵਿੱਚ ਮਰਜ ਕੀਤੇ ਜਾਣ ।

ਇਸੇ ਤਰ੍ਹਾਂ ਪੰਜਾਬ ਵਿੱਚ ਕੰਮ ਕਰਦੀਆਂ ਸਾਰੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਪਿਛਲੇਂ ਤਿੰਨ ਮਹੀਨਿਆਂ ਦਾ ਸੈਂਟਰ ਫੰਡ ਨਹੀਂ ਦਿੱਤਾ ਗਿਆ । ਇਹ ਸੈਂਟਰ ਫੰਡ ਤੁਰੰਤ ਦਿੱਤਾ ਜਾਵੇ ।

       ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਮਾਣ ਭੱਤੇ ਦੇ ਸੈਂਟਰ ਅਤੇ ਸਟੇਟ ਦੇ ਬਿੱਲ ਇਕੋ ਵਾਰ ਕਲੀਅਰ ਕਰਵਾ ਕੇ ਇਕੱਠਾ ਦਿੱਤਾ ਜਾਵੇ ਅਤੇ ਇਸ ਦੀ ਅਦਾਇਗੀ ਹਰ ਮਹੀਨੇ ਦੀ 3 ਤਰੀਕ ਤੱਕ ਹੋ ਜਾਣੀ ਚਾਹੀਦੀ ਹੈ । ਆਂਗਣਵਾੜੀ ਕੇਂਦਰਾਂ ਦੇ ਕਿਰਾਏ ਦਾ ਭੁਗਤਾਨ ਤੁਰੰਤ ਕੀਤਾ ਜਾਵੇ ਜੋ ਲਗਭਗ ਇਕ ਸਾਲ ਤੋਂ ਰੁਕਿਆ ਪਿਆ ਹੇ । ਆਂਗਣਵਾੜੀ ਵਰਕਰਾਂ ਨੂੰ ਸਮਾਰਟ ਫੋਨ ਦਿੱਤੇ ਜਾਣ । ਵਰਦੀ ਭੱਤਾ ਰਲੀਜ਼ ਕੀਤਾ ਜਾਵੇ । ਪੀ ਐਮ ਐਮ ਵੀ ਵਾਈ ਅਤੇ ਸੀ ਬੀ ਈ ਦੇ ਪੈਸੇ ਹਰ ਮਹੀਨੇ ਦਿੱਤੇ ਜਾਣ ਅਤੇ ਰਹਿੰਦੇ ਹੋਏ ਪੈਸਿਆਂ ਦਾ ਤੁਰੰਤ ਭੁਗਤਾਨ ਕੀਤਾ ਜਾਵੇ । ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਮੈਡੀਕਲ ਛੁੱਟੀ ਇਕ ਮਹੀਨੇ ਦੀ ਜਿਸ ਤਰ੍ਹਾਂ ਪਹਿਲਾਂ ਦਿੱਤੀ ਜਾਂਦੀ ਸੀ ਉਸੇ ਤਰ੍ਹਾਂ ਹੀ ਦਿੱਤੀ ਜਾਵੇ ।  ਆਂਗਣਵਾੜੀ ਸੈਂਟਰਾਂ ਦੇ ਖੋਹੇ ਗਏ ਬੱਚੇ ਵਾਪਸ ਆਂਗਣਵਾੜੀ ਸੈਂਟਰਾਂ ਵਿੱਚ ਭੇਜੇ ਜਾਣ । ਆਂਗਣਵਾੜੀ ਵਰਕਰ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ । ਆਂਗਣਵਾੜੀ ਵਰਕਰਾਂ ਦਾ ਮਾਣ ਭੱਤਾ ਦੁੱਗਣਾ ਕੀਤਾ ਜਾਵੇ । ਮਿੰਨੀ ਆਂਗਣਵਾੜੀ ਕੇਂਦਰਾਂ ਨੂੰ ਪੂਰੇ ਵਿੱਚ ਤਬਦੀਲ ਕੀਤਾ ਜਾਵੇ । ਜ਼ਿਲਾ ਹੁਸ਼ਿਆਰਪੁਰ , ਫਾਜ਼ਿਲਕਾ ਅਤੇ ਫਿਰੋਜ਼ਪੁਰ ਵਿੱਚ ਐਨ ਜੀ ਓ ਨੂੰ ਰਾਸ਼ਨ ਦਿੱਤਾ ਗਿਆ ਹੈ । ਜਥੇਬੰਦੀ ਇਸ ਦਾ ਵਿਰੋਧ ਕਰਦੀ ਹੈ ਤੇ ਇਹ ਰਾਸ਼ਨ ਵਾਪਸ ਲਿਆ ਜਾਵੇ ।

          ਉਹਨਾਂ ਕਿਹਾ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚੋਂ ਵੱਡੀ ਗਿਣਤੀ ਵਿੱਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਜਥੇਬੰਦੀ ਵੱਲੋਂ ਉਲੀਕੇ ਗਏ ਇਹਨਾਂ ਪ੍ਰੋਗਰਾਮਾਂ ਵਿੱਚ ਵੱਧ ਚੜ ਕੇ ਹਿੱਸਾ ਲੈਣਗੀਆਂ ।

Post a Comment

0Comments

Post a Comment (0)